ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ

02/06/2024 5:20:51 PM

ਨਰੋਤਮ ਢਿੱਲੋਂ
SM Grab
ਨਰੋਤਮ ਸਿੰਘ ਢਿੱਲੋਂ ਮੂਲ ਰੂਪ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿੱਚ ਪੈਂਦੇ ਪਿੰਡ ਬਾਦਲ ਤੋਂ ਸਨ

ਉੱਤਰੀ ਗੋਆ ਦੇ ਪਿੰਡ ਪਿਲਾਰਨ-ਮਰਾ ਵਿਚਲੇ ਇੱਕ ਵਿਲਾ ਵਿੱਚੋਂ ਐਤਵਾਰ ਸਵੇਰੇ ਇੱਕ ਪੰਜਾਬੀ ਕਾਰੋਬਾਰੀ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਸੀ।

ਮ੍ਰਿਤਕ ਦੀ ਪਛਾਣ ਪੰਜਾਬ ਦੇ ਮੁਕਤਸਰ ਦੇ ਪਿੰਡ ਬਾਦਲ ਨਾਲ ਸਬੰਧਤ ਨਰੋਤਮ ਸਿੰਘ ਢਿੱਲੋਂ ਵਜੋਂ ਹੋਈ ਸੀ।

ਮੀਡੀਆ ਵਿੱਚ ਪੁਲਿਸ ਦੇ ਬਿਆਨਾਂ ਮੁਤਾਬਕ ਨਰੋਤਮ ਸਾਲ 2015 ਤੋਂ ਜ਼ਿਆਦਾਤਰ ਸਮਾਂ ਗੋਆ ਹੀ ਰਹਿੰਦੇ ਸੀ।

ਉਨ੍ਹਾਂ ਦੀ ਉਮਰ ਕਰੀਬ 77 ਸਾਲ ਦੱਸੀ ਜਾ ਰਹੀ ਹੈ। ਗੋਆ ਵਿੱਚ ਉਹ ਇਕੱਲੇ ਰਹਿੰਦੇ ਸੀ ਅਤੇ ਅਕਸਰ ਮਹਿਮਾਨਾਂ ਦੀ ਮੇਜ਼ਬਾਨੀ ਕਰਦੇ ਸੀ।

ਨਰੋਤਮ ਸਿੰਘ ਢਿੱਲ਼ੋਂ ਬਾਰੇ ਕੀ-ਕੀ ਪਤਾ ਹੈ

ਨਰੋਤਮ ਢਿੱਲੋਂ
Sourced by Ikbal Shant
ਨਰੋਤਮ ਢਿੱਲੋਂ ਦੇ ਬਾਦਲ ਪਿੰਡ ਵਿੱਚਲੇ ਘਰ ਦੇ ਗੇਟ ਦੀ ਤਸਵੀਰ

ਨਰੋਤਮ ਸਿੰਘ ਢਿੱਲੋਂ ਮੂਲ ਰੂਪ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿੱਚ ਪੈਂਦੇ ਪਿੰਡ ਬਾਦਲ ਤੋਂ ਸਨ। ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖ਼ਾਨਦਾਨ ਨਾਲ ਸਬੰਧਤ ਸਨ।

ਨਰੋਤਮ ਸਿੰਘ ਢਿੱਲੋਂ ਦਾ ਬਾਦਲ ਪਰਿਵਾਰ ਨਾਲ ਸਬੰਧ ਜੁੜਦਾ ਹੈ ਅਤੇ ਰਿਸ਼ਤੇ ਵਿੱਚ ਉਹ ਸੁਖਬੀਰ ਸਿੰਘ ਬਾਦਲ ਦੇ ਚਚੇਰੇ ਭਰਾ ਸਨ।

ਕਈ ਸਾਲ ਵਿਦੇਸ਼ ਰਹਿਣ ਬਾਅਦ ਉਹ ਦੁਬਾਰਾ ਭਾਰਤ ਪਰਤੇ ਸਨ। ਉਹ ਹੁਣ 2015 ਤੋਂ ਗੋਆ ਵਿੱਚ ਰਹਿ ਰਹੇ ਸਨ।

ਬਠਿੰਡਾ ਤੋਂ ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਨੇ ਬੀਬੀਸੀ ਸਹਿਯੋਗੀ ਨਵਦੀਪ ਕੌਰ ਗਰੇਵਾਲ ਨੂੰ ਜਾਣਕਾਰੀ ਦਿੱਤੀ ਕਿ ਨਰੋਤਮ ਢਿੱਲੋਂ ਦੇ ਦੋ ਭਰਾ ਹਨ, ਜੋ ਕਿ ਬਾਦਲ ਪਿੰਡ ਵਿੱਚ ਹੀ ਰਹਿੰਦੇ ਹਨ।

ਉਨ੍ਹਾਂ ਦੇ ਵੱਡੇ ਭਰਾ ਮਹਿੰਦਰ ਸਿੰਘ ਢਿੱਲੋਂ ਉਰਫ ਮਹਿੰਦਰ ਕਾਲੀਆ ਬਾਦਲ ਪਰਿਵਾਰ ਦੇ ਖ਼ਿਲਾਫ਼ ਸਰਪੰਚੀ ਵੀ ਜਿੱਤਦੇ ਰਹੇ ਹਨ।

ਢਿੱਲੋਂ ਦਾ ਛੋਟਾ ਭਰਾ ਜੋਗਿੰਦਰ ਸਿੰਘ ਪਿੰਡ ਬਾਦਲ ਵਿਖੇ ਨੰਬਰਦਾਰ ਹੈ।

ਸੁਖਬੀਰ ਬਾਦਲ ਨਾਲ ਕਿਵੇਂ ਹੋਈ ਨੇੜਤਾ

ਸੁਖਬੀਰ ਬਾਦਲ
Getty Images

ਬਖਤੌਰ ਢਿੱਲੋਂ ਦੱਸਦੇ ਹਨ ਕਿ ਨਰੋਤਮ ਢਿੱਲੋਂ ਅਤੇ ਬਾਦਲ ਪਰਿਵਾਰ ਦਾ ਪੁਰਾਣਾ ਸਬੰਧ ਹੈ, ਪਰ ਦੋਵੇਂ ਪਰਿਵਾਰਾਂ ਵਿਚਕਾਰ ਜ਼ਮੀਨੀ ਝਗੜਿਆਂ ਅਤੇ ਹੋਰ ਕਈ ਕਾਰਨਾਂ ਕਰਕੇ ਅਣਬਣ ਰਹੀ ਹੈ।

ਉਹ ਦੱਸਦੇ ਹਨ ਕਿ ਨਰੋਤਮ ਢਿੱਲੋਂ ਦੇ ਵਿਦੇਸ਼ ਜਾਣ ਬਾਅਦ, ਉਨ੍ਹਾਂ ਦੀ ਸੁਖਬੀਰ ਬਾਦਲ ਨਾਲ ਨੇੜਤਾ ਹੋਈ ਸੀ।

ਬਖਤੌਰ ਢਿੱਲੋਂ ਇਹ ਵੀ ਦੱਸਦੇ ਹਨ ਕਿ ਨਰੋਤਮ ਢਿੱਲੋਂ ਦੀ ਸਿਆਸਤ ਵਿੱਚ ਕੋਈ ਸਿੱਧੀ ਸਰਗਰਮੀ ਨਹੀਂ ਰਹੀ ਹੈ।

ਸਾਲ 1972 ਵਿੱਚ ਕਾਂਗਰਸ ਪਾਰਟੀ ਦੀ ਟਿਕਟ ਤੋਂ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਚੋਣ ਲੜਣ ਵਾਲੇ ਮਹਿੰਦਰ ਸਿੰਘ ਝੁੰਬਾ, ਨਰੋਤਮ ਦੇ ਜੀਜਾ ਸਨ।

ਬੀਬੀਸੀ
BBC

ਸੀਨੀਅਰ ਪੱਤਰਕਾਰ ਇਕਬਾਲ ਸ਼ਾਂਤ ਨੇ ਦੱਸਿਆ ਕਿ ਨਰੋਤਮ ਢਿੱਲੋਂ ਪਿੰਡ ਬਾਦਲ ਵਿੱਚੋਂ ਆਪਣੀ ਜ਼ਮੀਨ ਵੇਚ ਚੁੱਕੇ ਹਨ, ਜਦਕਿ ਉਨ੍ਹਾਂ ਦਾ ਇੱਕ ਘਰ ਇੱਥੇ ਮੌਜੂਦ ਹੈ ਜੋ ਕਿ ਖਾਲੀ ਪਿਆ ਹੈ।

ਜਾਣਕਾਰੀ ਮੁਤਾਬਕ, ਲੰਬੇ ਸਮੇਂ ਤੋਂ ਉਨ੍ਹਾਂ ਦਾ ਪਿੰਡ ਆਉਣਾ-ਜਾਣਾ ਬਹੁਤ ਹੀ ਘੱਟ ਸੀ। ਅਖਬਾਰਾਂ ਵਿੱਚ ਛਪੀਆਂ ਖ਼ਬਰਾਂ ਮੁਤਾਬਕ ਉਨ੍ਹਾਂ ਦਾ ਪਰਿਵਾਰ ਦਿੱਲੀ ਰਹਿੰਦਾ ਹੈ।

ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਦੱਸਦੇ ਹਨ ਕਿ ਨਾ ਤਾਂ ਪਿੰਡ ਵਾਲੇ ਨਰੋਤਮ ਬਾਰੇ ਬਹੁਤਾ ਜਾਣਦੇ ਹਨ ਅਤੇ ਨਾ ਹੀ ਨਰੋਤਮ ਦਾ ਪਿੰਡ ਵਾਸੀਆਂ ਨਾਲ ਕੋਈ ਬਹੁਤਾ ਵਾਹ ਸੀ।

ਅਮਰੀਕਾ ਵਿੱਚ ਫਰਾਰੀ ਦੇ ਸ਼ੋਅਰੂਮ ਦੇ ਮਾਲਕ ਵੀ ਰਹੇ

 ਫਰਾਰੀ
Getty Images
ਮੀਡੀਆ ਵਿੱਚ ਛਪੀਆਂ ਖ਼ਬਰਾਂ ਮੁਤਾਬਕ ਇੱਕ ਸਮੇਂ ਉਨ੍ਹਾਂ ਦੇ ਅਮਰੀਕਾ ਵਿੱਚ ਫਰਾਰੀ ਦੇ ਸ਼ੋਅਰੂਮ ਵੀ ਸਨ

ਢਿੱਲੋਂ ਦੇ ਸ਼ਿਮਲਾ, ਦਿੱਲੀ ਅਤੇ ਗੋਆ ਵਿੱਚ ਕਈ ਕਾਰੋਬਾਰ ਸਨ।

ਮੀਡੀਆ ਵਿੱਚ ਛਪੀਆਂ ਖ਼ਬਰਾਂ ਮੁਤਾਬਕ ਇੱਕ ਸਮੇਂ ਉਨ੍ਹਾਂ ਦੇ ਅਮਰੀਕਾ ਵਿੱਚ ਫਰਾਰੀ ਦੇ ਸ਼ੋਅਰੂਮ ਵੀ ਸਨ।

ਖ਼ਬਰਾਂ ਮੁਤਾਬਕ ਹੁਣ ਜਿਸ ਵਿਲਾ ਵਿੱਚੋਂ ਉਨ੍ਹਾਂ ਦੀ ਲਾਸ਼ ਮਿਲੀ, ਉਸ ਦੇ ਆਲੇ-ਦੁਆਲੇ ਚਾਰ ਹੋਰ ਵਿਲਾ ਸਨ ਜੋ ਉਹ ਸੈਲਾਨੀਆਂ ਨੂੰ ਕਿਰਾਏ ‘ਤੇ ਦਿੰਦੇ ਸਨ। ਉਹ ਆਲੀਸ਼ਾਨ ਜ਼ਿੰਦਗੀ ਜਿਉਣ ਦੇ ਸ਼ੌਕੀਨ ਸਨ।

ਗ੍ਰਿਫ਼ਤਾਰ ਵੀ ਹੋਏ ਸਨ

ਗ੍ਰਿਫ਼ਤਾਰ
Getty Images
ਸਾਲ 2003 ਵਿੱਚ ਨਰੋਤਮ ਢਿੱਲੋਂ ਨੂੰ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੇ ਸ਼ਿਮਲਾ ਸਥਿਤ ਘਰੋਂ ਗ੍ਰਿਫ਼ਤਾਰ ਕੀਤਾ ਸੀ

ਢਿੱਲੋਂ ਦੀ ਮੌਤ ਬਾਰੇ ਟ੍ਰਿਬਿਊਨ ਦੀ ਤਾਜ਼ਾ ਰਿਪੋਰਟ ਅਤੇ ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਲ 2003 ਵਿੱਚ ਨਰੋਤਮ ਢਿੱਲੋਂ ਨੂੰ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੇ ਸ਼ਿਮਲਾ ਸਥਿਤ ਘਰੋਂ ਗ੍ਰਿਫ਼ਤਾਰ ਕੀਤਾ ਸੀ।

ਉਨ੍ਹਾਂ ਦੀ ਗ੍ਰਿਫ਼ਤਾਰੀ ਉਸ ਵੇਲੇ ਬਾਦਲ ਪਰਿਵਾਰ ‘ਤੇ ਵਿਜੀਲੈਂਸ ਦੇ ਸ਼ਿਕੰਜੇ ਦੇ ਸਬੰਧ ਵਿੱਚ ਹੋਈ ਸੀ। ਬਾਅਦ ਵਿੱਚ ਅਦਾਲਤ ਨੇ ਢਿੱਲੋਂ ਨੂੰ ਇਸ ਕੇਸ ਵਿੱਚੋਂ ਬਰੀ ਕੀਤਾ ਸੀ।

ਉਸੇ ਦੌਰਾਨ, ਢਿੱਲੋਂ ‘ਤੇ ਲੰਬੀ ਪੁਲਿਸ ਵੱਲੋਂ ਵੀ ਜਾਅਲੀ ਕਰੰਸੀ ਵਰਤਣ, ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਹੋਣ, ਆਰਮਜ਼ ਐਕਟ ਅਤੇ ਫ਼ੌਰਨ ਐਕਸਚੇਂਜ ਮੈਨੇਜਮੈਂਟ ਐਕਟ ਸਮੇਤ ਕਈ ਕੇਸ ਦਰਜ ਕੀਤੇ ਗਏ ਸੀ, ਪਰ ਉਨ੍ਹਾਂ ਕੋਲ਼ੋਂ ਕੋਈ ਰਿਕਵਰੀ ਨਹੀਂ ਹੋਈ ਸੀ।

ਜਾਂਚ ਵਿੱਚ ਹੁਣ ਤੱਕ ਕੀ ਸਾਹਮਣੇ ਆਇਆ ?

ਪੁਲਿਸ
getty Images
ਪੁਲਿਸ ਮੁਤਾਬਕ ਢਿੱਲੋਂ ਇੰਸਟਾਗ੍ਰਾਮ ਜ਼ਰੀਏ ਦੋ ਹਫ਼ਤੇ ਪਹਿਲਾਂ ਮੱਧ ਪ੍ਰਦੇਸ਼ ਦੇ ਭੋਪਾਲ ਨਾਲ ਸਬੰਧਤ ਇਸ ਜੋੜੇ ਦੇ ਸੰਪਰਕ ਵਿੱਚ ਆਏ ਸੀ

ਨਰੋਤਮ ਢਿੱਲੋਂ ਕਤਲ ਕੇਸ ਵਿੱਚ ਉੱਤਰੀ ਗੋਆ ਦੇ ਪੋਰਵੋਰਿਮ ਪੁਲਿਸ ਸਟੇਸ਼ਨ ਵਿੱਚ ਕਤਲ ਅਤੇ ਲੁੱਟ ਦਾ ਕੇਸ ਦਰਜ ਕੀਤਾ ਗਿਆ ਹੈ।

ਪੁਲਿਸ ਨੇ ਇਸ ਕੇਸ ਵਿੱਚ ਐਤਵਾਰ ਦੁਪਹਿਰ ਮਹਾਰਾਸ਼ਟਰ ਤੋਂ ਇੱਕ 32 ਸਾਲਾ ਆਦਮੀ ਜਤਿੰਦਰ ਰਾਮਚੰਦਰ ਸਾਹੂ ਅਤੇ 22 ਸਾਲਾ ਲੜਕੀ ਨੀਤੂ ਸ਼ੰਕਰ ਰਹੂਜਾ ਨੂੰ ਗ੍ਰਿਫਤਾਰ ਕੀਤਾ ਸੀ।

ਪੁਲਿਸ ਮੁਤਾਬਕ ਢਿੱਲੋਂ ਇੰਸਟਾਗ੍ਰਾਮ ਜ਼ਰੀਏ ਦੋ ਹਫ਼ਤੇ ਪਹਿਲਾਂ ਮੱਧ ਪ੍ਰਦੇਸ਼ ਦੇ ਭੋਪਾਲ ਨਾਲ ਸਬੰਧਤ ਇਸ ਜੋੜੇ ਦੇ ਸੰਪਰਕ ਵਿੱਚ ਆਏ ਸੀ।

ਦੱਸਿਆ ਜਾ ਰਿਹਾ ਹੈ ਕਿ ਢਿੱਲੋਂ ਦੇ ਸੱਦੇ ‘ਤੇ ਇਹ ਦੋਵੇਂ ਸ਼ਨੀਵਾਰ ਰਾਤ ਕਰੀਬ 11 ਵਜੇ ਢਿੱਲੋਂ ਦੇ ਵਿਲਾ ਪਹੁੰਚੇ ਸੀ।

ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਵਿੱਚ ਗੋਆ ਪੁਲਿਸ ਦੇ ਇੱਕ ਅਫਸਰ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਵਿਲਾ ਦੇ ਕੇਅਰਟੇਕਰ ਮੁਤਾਬਕ ਢਿੱਲੋਂ ਨੇ ਰਾਤ ਦੇ ਕਰੀਬ 2 ਵਜੇ ਖਾਣਾ ਖਾਧਾ ਸੀ।

ਆਲੇ-ਦੁਆਲੇ ਦੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਮੁਤਾਬਕ ਦੋਹੇਂ ਮੁਲਜ਼ਮ ਸਵੇਰ ਦੇ ਕਰੀਬ 3:30 ਵਜੇ ਵਿਲਾ ਤੋਂ ਨਿਕਲਦੇ ਦਿਖ ਰਹੇ ਹਨ।

ਬੀਬੀਸੀ
BBC
ਕੇਸ ਵਿੱਚ ਪੁਲਿਸ ਦੀ ਤਫ਼ਤੀਸ਼ ਜਾਰੀ ਹੈ। ਮਾਮਲੇ ਵਿੱਚ ਢਿੱਲੋ ਦੇ ਪਰਿਵਾਰ ਵੱਲੋਂ ਮੀਡੀਆ ਵਿੱਚ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਪੁਲਿਸ ਦੇ ਹਵਾਲੇ ਨਾਲ ਇਹ ਵੀ ਲਿਖਿਆ ਗਿਆ ਹੈ ਕਿ ਮੁੱਖ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਇਹ ਦਰਵਾਜ਼ੇ ਦੀ ਬਜਾਏ, ਖਿੜਕੀ ਥਾਣੀਂ ਬਾਹਰ ਨਿੱਕਲੇ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਐਤਵਾਰ ਸਵੇਰ ਕਰੀਬ ਸੱਤ ਵਜੇ, ਕੇਅਰਟੇਕਰ ਨੇ ਖਿੜਕੀ ਖੁੱਲ੍ਹੀ ਵੇਖੀ, ਜੋ ਕਿ ਆਮ ਤੌਰ ‘ਤੇ ਬੰਦ ਰਹਿੰਦੀ ਹੈ।

ਉਸ ਨੇ ਅੰਦਰ ਜਾ ਕੇ ਵੇਖਿਆ ਤਾਂ ਢਿੱਲੋਂ ਬਿਸਤਰ ‘ਤੇ ਮ੍ਰਿਤ ਪਏ ਸਨ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਢਿੱਲੋਂ ਦੇ ਸਰੀਰ ‘ਤੇ ਮਾਮੂਲੀ ਸੱਟਾਂ ਨੋਟਿਸ ਕੀਤੀਆਂ।

ਮੌਕੇ ‘ਤੇ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਢਿੱਲੋਂ ਦਾ ਕੜਾ, ਚੇਨ, ਬਰੇਸਲੈਟ, ਫ਼ੋਨ ਅਤੇ ਢਿੱਲੋਂ ਵੱਲੋਂ ਰੈਂਟ ‘ਤੇ ਲਈ ਗਈ ਇੱਕ ਕਾਰ ਗਾਇਬ ਸਨ।

ਨਵੀਂ ਮੁੰਬਈ ਪੁਲਿਸ ਦੀ ਕਰਾਈਮ ਯੁਨਿਟ ਮੁਤਾਬਕ ਸ਼ੁਰੂਆਤੀ ਪੁੱਛ-ਗਿੱਛ ਦੌਰਾਨ ਲੜਕੀ ਨੇ ਦਾਅਵਾ ਕੀਤਾ ਹੈ ਕਿ ਢਿੱਲੋਂ ਨੇ ਉਸ ਨਾਲ ਇਤਰਾਜ਼ਯੋਗ ਵਤੀਰਾ ਕੀਤਾ ਸੀ ਅਤੇ ਉਨ੍ਹਾਂ ਦੋਵਾਂ ਨੇ ਸਿਰਹਾਣੇ ਨਾਲ ਸਾਹ ਘੁੱਟ ਕੇ ਢਿੱਲੋਂ ਨੂੰ ਮਾਰ ਦਿੱਤਾ।

ਢਿੱਲੋਂ ਦੀ ਰੈਂਟਲ ਕਾਰ ਵਿੱਚ ਹੀ ਉਹ ਉੱਥੋਂ ਫ਼ਰਾਰ ਹੋ ਗਏ, ਪਰ ਕਾਰ ਵਿੱਚ ਲੱਗੇ ਜੀਪੀਐਸ ਅਤੇ ਕਾਰ ਰੈਂਟਲ ਕੰਪਨੀ ਦੇ ਮਾਲਕ ਦੀ ਮਦਦ ਨਾਲ ਉਹ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਤੋਂ ਫੜ੍ਹੇ ਗਏ।

ਕੇਸ ਵਿੱਚ ਪੁਲਿਸ ਦੀ ਤਫ਼ਤੀਸ਼ ਜਾਰੀ ਹੈ। ਮਾਮਲੇ ਵਿੱਚ ਢਿੱਲੋ ਦੇ ਪਰਿਵਾਰ ਵੱਲੋਂ ਮੀਡੀਆ ਵਿੱਚ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News