ਪਾਕਿਸਤਾਨ ਚੋਣਾਂ : ''''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ ਹੋਈਆਂ'''' - ਮੁਹੰਮਦ ਹਨੀਫ਼ ਦਾ VLOG

Sunday, Feb 04, 2024 - 04:35 PM (IST)

ਪਾਕਿਸਤਾਨ ਚੋਣਾਂ : ''''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ ਹੋਈਆਂ'''' - ਮੁਹੰਮਦ ਹਨੀਫ਼ ਦਾ VLOG
ਪਾਕਿਸਤਾਨ ਇਮਰਾਨ
Getty Images
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰਿਹਾਈ ਲਈ ਸੰਯੁਕਤ ਰਾਸ਼ਟਰ ਦੇ ਬਾਹਰ ਮੁਜ਼ਾਹਰਾ ਕਰਦੇ ਲੋਕ (ਸੰਕੇਤਕ ਤਸਵੀਰ)

ਕੋਈ ਛੇ ਵਰ੍ਹੇ ਪਹਿਲਾਂ ਮੈਂ ਪਹਿਲੀ ਵਾਰ ਪੰਜਾਬੀ ਵਲੌਗ ਕੀਤਾ ਸੀ, ਉਦੋਂ ਵੀ ਪਾਕਿਸਤਾਨ ’ਚ ਚੋਣਾਂ ਹੋਣ ਵਾਲੀਆਂ ਸਨ।

ਮੈਨੂੰ ਐਡੀਟਰਾਂ ਨੇ ਕਿਹਾ ਕਿ ਚੋਣਾਂ ''''ਤੇ ਤਜਜ਼ੀਆ ਕਰ ਦਿਓ।

ਮੈਂ ਕਿਹਾ ਕਿ ਇਹ ਪਹਿਲੀਆਂ ਚੋਣਾਂ ਹਨ ਜਿਸ ’ਚ ਕਿਸੇ ਲੰਮੇ ਚੌੜੇ ਤਜਜ਼ੀਏ ਦੀ ਲੋੜ ਕੋਈ ਨਹੀਂ ਹੈ।

ਇਮਰਾਨ ਖ਼ਾਨ ਲਈ ਮੈਦਾਨ ਤਿਆਰ ਹੈ ਅਤੇ ਇਮਰਾਨ ਖਾਨ ਵਜ਼ੀਰ-ਏ-ਆਜ਼ਮ ਬਣ ਸੀ।

ਉਦੋਂ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਸ਼ਰੀਫ ਦੋਵੇਂ ਜੇਲ੍ਹ ’ਚ ਸਨ ਅਤੇ ਨਾ-ਅਹਿਲ (ਅਯੋਗ) ਵੀ ਹੋ ਚੁੱਕੇ ਸਨ।

ਸਾਡੇ ਵਰਦੀ ਵਾਲੇ ਸਿਆਣਿਆਂ ਨੇ ਇਮਰਾਨ ਖਾਨ ਨੂੰ ਵਜ਼ੀਰ-ਏ-ਆਜ਼ਮ ਬਣਾ ਕੇ ਉਸ ਦੀਆਂ ਅਤੇ ਆਪਣੀਆਂ ਰੀਝਾਂ ਨੂੰ ਲਾਉਣ ਲਈ ਕੁਝ ਮਾਹੌਲ ਇੰਝ ਦਾ ਬਣਾ ਦਿੱਤਾ ਸੀ, ਜਿਸ ਦੇ ਲਈ ਮਿਰਜ਼ਾ-ਸਾਹਿਬਾ ਵਾਲੀ ਜੱਟੀ ਨੇ ਦੁਆ ਕੀਤੀ ਸੀ, ਤੁਸੀਂ ਸੁਣੀ ਹੋਣੀ ਹੈ।

ਇੱਕ ਵਾਰੀ ਫਿਰ ਸੁਣ ਲਓ-

“ਹੁਜਰੇ ਸ਼ਾਹ ਮਕੀਨ ’ਤੇ ਇੱਕ ਜੱਟੀ ਅਰਜ਼ ਕਰੇ

ਪੰਜ-ਸੱਤ ਮਰਨ ਗੁਆਂਢਣਾਂ ਤੇ ਰਹਿੰਦੀਆਂ ਨੂੰ ਤਾਪ ਚੜ੍ਹੇ

ਕੁੱਤੀ ਮਰੇ ਫਕੀਰ ਦੀ ਜਿਹੜੀ ਚਊਂ ਚਊਂ ਨਿੱਤ ਕਰੇ

ਹੱਟੀ ਸੜ੍ਹੇ ਕਰਾੜ ਦੀ ਜਿੱਥੇ ਦੀਵਾ ਨਿੱਤ ਬਲੇ

ਤੇ ਗਲੀਆਂ ਹੋਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ”

''''ਇਮਰਾਨ ਲਈ ਹੁਣ ਅਦਾਲਤ ਵੀ ਜੇਲ੍ਹ''''

ਇਮਰਾਨ ਖ਼ਾਨ
Getty Images
2018 ਵਿੱਚ ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਗਏ ਸਨ

ਹੁਣ ਫਿਰ ਇਲੈਕਸ਼ਨ ਹਨ।

ਜਿਹੜਾ ਸਾਡਾ ਮਿਰਜ਼ਾ ਯਾਰ ਇਮਰਾਨ ਖ਼ਾਨ ਸੀ ਉਹ ਜੇਲ੍ਹ ’ਚ ਹੈ।

ਜਿੜੀਆਂ ਪੰਜ-ਸੱਤ ਗੁਆਂਢਣਾਂ ਦੇ ਮਰਨ ਦੀ ਦੁਆ ਕੀਤੀ ਗਈ ਸੀ, ਉਹ ਮਰ ਕੇ ਫਿਰ ਜ਼ਿੰਦਾ ਹੋ ਗਈਆਂ ਹਨ ਅਤੇ ਚੋਣ ਰੈਲੀਆਂ ’ਚ ਲਲਕਾਰੇ ਪਈਆਂ ਮਾਰਦੀਆਂ ਹਨ।

ਇਮਰਾਨ ਖ਼ਾਨ ਨਾ ਸਿਰਫ ਜੇਲ੍ਹ ’ਚ ਹੈ, ਬਲਕਿ ਉਸ ਦੇ ਲਈ ਅਦਾਲਤ ਵੀ ਹੁਣ ਜੇਲ੍ਹ ’ਚ ਹੀ ਲੱਗਦੀ ਹੈ।

ਤਿੰਨ ਸਾਲ ਦੀ ਸਜ਼ਾ ਪਹਿਲਾਂ ਹੀ ਕੱਟ ਰਿਹਾ ਸੀ, ਫਿਰ ਪਿਛਲੇ ਹਫ਼ਤੇ ਅਦਾਲਤ ਨੇ ਦੱਸਿਆ ਕਿ ਕੋਈ ਸਾਈਫਰ ਨਾਮ ਦਾ ਸਰਕਾਰੀ ਪੱਤਰ ਤੂੰ ਗੁਆ ਛੱਡਿਆ ਹੈ, 10 ਸਾਲ ਕੈਦ ਹੋਰ।

ਅਗਲੇ ਦਿਨ ਕੋਈ ਘੜੀ ਚੋਰੀ ਕਰਕੇ ਵੇਚ ਛੱਡਣ ਦਾ ਇਲਜ਼ਾਮ ਲੱਗਿਆ, 14 ਸਾਲ ਕੈਦ ਹੋਰ। ਫਿਰ ਕਿ ਤੇਰਾ ਤਾਂ ਵਿਆਹ ਵੀ ਠੀਕ ਨਹੀਂ ਹੋਇਆ, ਆਹ ਲੈ 7 ਸਾਲ ਹੋਰ।

ਖ਼ਾਨ ਸਾਹਿਬ ’ਤੇ ਅਜੇ ਵੀ ਕੋਈ 172 ਮੁੱਕਦਮੇ ਹਨ ਅਤੇ ਜਿਸ ਸਪੀਡ ਨਾਲ ਇਨਸਾਫ਼ ਹੋ ਰਿਹਾ ਹੈ ਲੱਗਦਾ ਹੈ ਕਿ ਚੋਣਾਂ ਤੋਂ ਪਹਿਲਾਂ-ਪਹਿਲਾਂ ਹੀ ਖਾਨ ਸਾਹਿਬ ਨੂੰ ਕੋਈ ਡੇਢ ਹਜ਼ਾਰ ਸਾਲ ਦੀ ਸਜ਼ਾ-ਏ-ਕੈਦ ਹੋ ਜਾਣੀ ਹੈ।

ਮਰੀਅਮ ਨਵਾਜ਼, ਨਵਾਜ਼ ਸ਼ਰੀਫ਼
Getty Images
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼

ਪਰ ਸਾਡੇ ਸਿਆਣਿਆਂ ਨੂੰ ਸਜ਼ਾਵਾਂ ਦਿਵਾਉਣ ਤੋਂ ਇਲਾਵਾ ਹੋਰ ਵੀ ਕੰਮ ਹਨ।

ਚੋਣਾਂ ਸਿਰ ’ਤੇ ਹਨ, ਉਸ ਦੀ ਤਿਆਰੀ ਵੀ ਪੂਰੀ ਹੈ।

ਖ਼ਾਨ ਦਾ ਚੋਣ ਨਿਸ਼ਾਨ ‘ਬੱਲਾ’ ਖੋਹ ਲਿਆ ਗਿਆ ਹੈ।

ਪਾਰਟੀ ਦੇ ਟੋਟੇ-ਟੋਟੇ ਕਰ ਦਿੱਤੇ ਗਏ ਹਨ, ਬੰਦੇ ਚੁੱਕ ਲਏ ਗਏ ਹਨ, ਵੈੱਬਸਾਈਟਾਂ ਖੁੱਲ੍ਹਦੀਆਂ ਹਨ- ਬੰਦ ਹੁੰਦੀਆਂ ਹਨ ਤੇ ਫਿਰ ਖੁੱਲ੍ਹ ਜਾਂਦੀਆਂ ਹਨ।

ਬੀਬੀਸੀ
BBC

ਮਾਹੌਲ ਕੁਝ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹੈ ਕਿ ਬਈ ਜਿਨ੍ਹਾਂ ਨੇ ਖਾਨ ਦੇ ਬੰਦਿਆਂ ਨੂੰ ਵੋਟ ਪਾਉਣੀ ਸੀ, ਉਨ੍ਹਾਂ ਨੂੰ ਜਾਂ ਤਾਂ ਪਰਚੀ ’ਤੇ ਬੰਦਾ ਹੀ ਨਾ ਲੱਭੇ ਜਾਂ ਉਹ ਆਪਣੇ ਗ਼ਮ ’ਚ ਘਰ ਬੈਠ ਕੇ ‘ਨੱਕ ਦਾ ਕੋਕਾ’ ਵਾਲਾ ਗਾਣਾ ਸੁਣਦੇ ਰਹਿਣ ਕਿਉਂਕਿ ਸਾਡੇ ਖਾਨ ਤੇ ਤਾਂ ਵਜ਼ੀਰ-ਏ-ਆਜ਼ਮ ਬਣਨਾ ਨਹੀਂ ਫਿਰ ਅਸੀਂ ਕਿਉਂ ਵੋਟ ਪਾਈਏ।

ਜਿੰਨ੍ਹਾਂ ਨੇ ਇਹ ਸਾਰਾ ਮਾਹੌਲ ਬਣਾਇਆ ਹੈ ਉਨ੍ਹਾਂ ਨੂੰ ਇਹ ਸ਼ੱਕ ਅਜੇ ਵੀ ਹੈ ਕਿ ਬਈ ਬੰਦੇ ਕਿਤੇ ਘਰੋਂ ਨਿਕਲ ਹੀ ਨਾ ਆਉਣ।

ਉਨ੍ਹਾਂ ਨੂੰ ਆਪਣੇ ਉਮੀਦਵਾਰ ਵਾਲੇ ਨਿਸ਼ਾਨ ਦੀ ਪਰਚੀ ਮਿਲ ਹੀ ਨਾ ਜਾਵੇ। ਕਿਤੇ ਲੋਕੀ ਉਸ ਪਰਚੀ ’ਤੇ ਠੱਪਾ ਲਗਾ ਕੇ ਆਪਣੀ ਕਾਢ ਕੱਢ ਹੀ ਨਾ ਛੱਡਣ।

ਜਿਨ੍ਹਾਂ ਨੂੰ ਖਾਨ ਨੇ ਜੇਲ੍ਹ ’ਚ ਤੁੰਨਿਆ ਸੀ, ਉਹ ਚੋਣਾਂ ਲੜ੍ਹਨ ਲਈ ਤਿਆਰ ਹਨ।

ਖਾਨ ਦੇ ਬਾਰੇ ’ਚ ਤਾਂ ਬਾਹਰੋਂ-ਬਾਹਰੋਂ ਕਹਿੰਦੇ ਹਨ ਕਿ ‘ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾਂ ਵੀ ਮਰ ਜਾਣਾ’ ਪਰ ਨਾਲ ਠੰਡੀਆਂ-ਠੰਡੀਆਂ ਨਸੀਹਤਾਂ ਵੀ ਕਰਦੇ ਹਨ।

ਨੌਜਵਾਨ ਵੋਟਰ ਕੀ ਸੋਚਦੇ ਹੋਣਗੇ?

ਪਾਕਿਸਤਾਨੀ ਨੌਜਵਾਨ
Getty Images
ਪਾਕਿਸਤਾਨੀ ਨੌਜਵਾਨ (ਸੰਕੇਤਕ ਤਸਵੀਰ)

ਪਾਕਿਸਤਾਨ ਦੇ ਪੁਰਾਣੇ ਸਦਰ ਆਸਿਫ ਅਲੀ ਜ਼ਰਦਾਰੀ ਸਾਹਿਬ ਨੇ ਸਭ ਤੋਂ ਜ਼ਿਆਦਾ ਜੇਲ੍ਹ ’ਚ ਆਪ ਸਮਾਂ ਗੁਜ਼ਾਰਿਆ ਹੈ।

ਉਹ ਫੁਰਮਾਉਂਦੇ ਹਨ ਕਿ ਜੇਲ੍ਹ ਸਿਆਸਤਦਾਨਾਂ ਦੀ ਯੂਨੀਵਰਸਿਟੀ ਹੁੰਦੀ ਹੈ। ਇਮਰਾਨ ਖਾਨ ਨੂੰ ਚਾਹੀਦਾ ਕਿ ਉਹ ਜੇਲ੍ਹ ’ਚੋਂ ਕੁਝ ਸਿੱਖ ਕੇ ਆਵੇ।

ਸਾਡੇ ਚੋਣਾਂ ਦੇ ਤਜਜ਼ੀਆ-ਨਿਗਾਰ ਇਹ ਵੀ ਕਹਿੰਦੇ ਹਨ ਕਿ ਕਰੋੜਾਂ ਨੌਜਵਾਨ ਅਜਿਹੇ ਹਨ ਜਿਨ੍ਹਾਂ ਨੇ ਇਸ ਇਲੈਕਸ਼ਨ ’ਚ ਪਹਿਲੀ ਵਾਰ ਵੋਟ ਪਾਉਣੀ ਹੈ।

ਉਨ੍ਹਾਂ ਨੇ ਇਹ ਧਾਂਦਲੀ ਵਾਲੇ ਪੁਰਾਣੇ ਚੱਕਰ ’ਚ ਨਹੀਂ ਆਉਣਾ ਹੈ। ਉਹ ਆਪਣੇ ਸਮਾਰਟ ਫੋਨਾਂ ਤੋਂ, ਆਣੀਆਂ ਐਪਾਂ ਤੋਂ ਜਾਂ ਵਟਸਐਪਾਂ ਤੋਂ ਕੋਈ ਤਰੀਕਾ ਕੱਢ ਲੈਣਗੇ।

ਮੁਹੰਮਦ ਹਨੀਫ਼
BBC
ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼

ਵੈਸੇ ਇਹ ਜਵਾਨ ਵੋਟਰ ਵੀ ਸੋਚਦੇ ਹੋਣਗੇ ਪਾਕਿਸਤਾਨ ’ਚ ਜਾਂ ਤਾਂ ਆਦੀ ਮੁਜਰਮ ਹੀ ਵਜ਼ੀਰ-ਏ-ਆਜ਼ਮ ਬਣਦਾ ਹੈ ਜਾਂ ਪਤਾ ਨਹੀਂ ਵਜ਼ੀਰ-ਏ-ਆਜ਼ਮ ਬਣ ਕੇ ਆਦੀ ਮੁਜਰਮ ਹੋ ਜਾਂਦਾ ਹੈ।

ਉਨ੍ਹਾਂ ਨੂੰ ਇੱਕ ਗੱਲ ਅਜੇ ਤੱਕ ਸਮਝ ਨਹੀਂ ਆਈ ਕਿ ਸੋਸ਼ਲ ਮੀਡੀਆ ’ਤੇ ਜਿੰਨੇ ਵੀ ਟ੍ਰੈਂਡ ਜਾਂ ਜਿੰਨੀਆਂ ਵੀ ਮੀਮਾਂ ਬਣਾ ਲਓ, ਪਰ ਇੱਥੇ ਪਾਕਿਸਤਾਨ ’ਚ ਇੱਕ ਪੁਰਾਣਾ ਟ੍ਰੈਂਡ ਚੱਲਦਾ ਹੈ, ਜਿਸ ਦੇ ਵਿੱਚ ਕਿਹਾ ਗਿਆ ਸੀ, “ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ।”

ਚੋਣਾਂ ਤੋਂ ਪਹਿਲਾਂ ਜਿਹੜਾ ਡੰਡਾ ਚੱਲਣਾ ਸੀ ਉਹ ਚੱਲ ਗਿਆ। ਬਾਕੀ ਚੋਣਾਂ ਵਾਲੇ ਦਿਨ ਅਤੇ ਉਸ ਤੋਂ ਬਾਅਦ ’ਚ ਵੀ ਚੱਲੇਗਾ।

''''ਉਹ ਦਿਨ ਨਾ ਰਹੇ ਤਾਂ ਇਹ ਦਿਨ ਵੀ ਨਹੀਂ ਰਹਿਣਗੇ''''

ਪਾਕਿਸਤਾਨੀ ਚੋਣਾਂ
Getty Images
ਪਾਕਿਸਤਾਨ ਵਿੱਚ 8 ਫਰਵਰੀ ਨੂੰ ਆਮ ਚੋਣਾਂ ਹੋਣਗੀਆਂ

ਪਿਛਲੇ ਇਲੈਕਸ਼ਨ ਤੋਂ ਪਹਿਲਾਂ ਇੱਕ ਸਿਆਣੇ ਨੇ ਪੁੱਛਿਆ ਸੀ ਕਿ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਲੈਕਸ਼ਨ ਵਿੱਚੋਂ ਆਪਣਾ ਬੰਦਾ ਲਿਆਉਣ ਲਈ ਇੰਨਾ ਕਸ਼ਟ ਕਿਉਂ ਹੋ ਰਿਹਾ ਹੈ।

ਕਿਉਂਕਿ ਆਪਣੀ ਮਰਜ਼ੀ ਦਾ ਤੁਸੀਂ ਲੈ ਵੀ ਆਉਂਦਾ ਅਤੇ ਉਸ ਨਾਲ ਤੁਹਾਡਾ ਗੁਜ਼ਾਰਾ ਤਾਂ ਹੋਣਾ ਨਹੀਂ।

ਨਵਾਜ਼ ਸ਼ਰੀਫ ਨੂੰ ਲੈ ਆਓ, ਇਮਰਾਨ ਖਾਨ ਨੂੰ ਲੈ ਆਓ, ਤੁਸੀਂ ਉਸ ਦੇ ਨਾਲ ਨਹੀਂ ਟੁਰ ਸਕਣਾ।

ਤੁਹਾਨੂੰ ਵਜ਼ੀਰ-ਏ-ਆਜ਼ਮ ਬਣਾ ਦੇਈਏ ਜਾਂ ਮੈਨੂੰ ਬਣਾ ਦੇਈਏ, ਗੁਜ਼ਾਰਾ ਉਦੋਂ ਵੀ ਨਹੀਂ ਹੋਣਾ।

ਇਮਰਾਨ ਖ਼ਾਨ ਨੂੰ ਪਿਆਰ ਕਰਨ ਵਾਲਿਆਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇਕਰ ਉਨ੍ਹਾਂ ’ਤੇ ਹੁਣ ਉਹ ਦਿਨ ਨਹੀਂ ਰਹੇ ਤਾਂ ਇਹ ਦਿਨ ਵੀ ਨਹੀਂ ਰਹਿਣਗੇ।

ਆਪਣੇ ਮਿਰਜ਼ੇ ਯਾਰ ਨੂੰ ਯਾਦ ਕਰਨ, ਕਿਉਂਕਿ ਉਹ ਇਹ ਵੀ ਕਹਿ ਗਿਆ ਸੀ:-

“ਮੈਂ ਨੀਲ ਘੜਾਈਆਂ ਨੀਲਕਾਂ

ਮੇਰਾ ਤਨ-ਮਨ ਨੀਲੋ ਨੀਲ

ਮੈਂ ਸੌਦੇ ਕੀਤੇ ਦਿਲਾਂ ਦੇ

ਵਿੱਚ ਧਰ ਲਏ ਨੈਣ ਵਕੀਲ”

ਰੱਬ ਰਾਖਾ...

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News