ਸੈਮੀਕੰਡਕਟਰ ਦੀ ਕਮੀ ਕਾਰਨ ਅਗਸਤ ’ਚ ਆਟੋਮੋਬਾਇਲ ਥੋਕ ਵਿਕਰੀ ’ਚ 11 ਫੀਸਦੀ ਦੀ ਗਿਰਾਵਟ

09/11/2021 11:28:57 AM

ਨਵੀਂ ਦਿੱਲੀ, (ਭਾਸ਼ਾ)– ਵਾਹਨ ਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਦੱਸਿਆ ਕਿ ਆਟੋਮੋਬਾਇਲ ਉਦਯੋਗ ’ਚ ਸੈਮੀਕੰਡਕਟਰ ਦੀ ਕਮੀ ਕਾਰਨ ਉਤਪਾਦਨ ਸਰਗਰਮੀਆਂ ਪ੍ਰਭਾਵਿਤ ਹੋਈਆਂ ਹਨ। ਇਸ ਕਾਰਨ ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਅਗਸਤ ’ਚ ਆਟੋਮੋਬਾਇਲ ਥੋਕ ਵਿਕਰੀ ’ਚ 11 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਸਿਆਮ ਮੁਤਾਬਕ ਕਮਰਸ਼ੀਅਲ ਵਾਹਨਾਂ ਨੂੰ ਛੱਡ ਕੇ ਸਾਰੀਆਂ ਸ਼੍ਰੇਣੀਆਂ ’ਚ ਅਗਸਤ 2021 ਦੌਰਾਨ ਕੁੱਲ ਥੋਕ ਵਿਕਰੀ ਘਟ ਕੇ 15,86,873 ਇਕਾਈ ਰਹਿ ਗਈ ਜੋ ਅਗਸਤ 2020 ’ਚ 17,90,115 ਇਕਾਈ ਸੀ।

ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼ (ਸਿਆਮ) ਦੇ ਤਾਜ਼ਾ ਅੰਕੜਿਆਂ ਮੁਤਾਬਕ ਮੂਲ ਉਪਕਰਨ ਨਿਰਮਾਤਾਵਾਂ (ਓ. ਈ. ਐੱਮ.) ਤੋਂ ਡੀਲਰਾਂ ਨੂੰ ਭੇਜੇ ਗਏ ਦੋਪਹੀਆ ਵਾਹਨਾਂ ’ਚ ਪਿਛਲੇ ਮਹੀਨੇ ਦੌਰਾਨ ਗਿਰਾਵਟ ਦੇਖੀ ਗਈ ਜਦ ਕਿ ਯਾਤਰੀ ਵਾਹਨ ਅਤੇ ਤਿੰਨ ਪਹੀਆ ਵਾਹਨਾਂ ਦੀ ਸਪਲਾਈ ’ਚ ਅਗਸਤ 2021 ਦੌਰਾਨ ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ’ਚ ਵਾਧਾ ਦੇਖਿਆ ਗਿਆ। ਓ. ਈ. ਐੱਮ. ਤੋਂ ਡੀਲਰਾਂ ਤੱਕ ਦੋਪਹੀਆ ਵਾਹਨਾਂ ਦੀ ਸਪਲਾਈ ਅਗਸਤ 2021 ’ਚ 15 ਫੀਸਦੀ ਘਟ ਕੇ 13,31,436 ਇਕਾਈ ਰਹਿ ਗਈ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 15,59,665 ਇਕਾਈ ਸੀ। ਉੱਥੇ ਹੀ ਮੋਟਰਸਾਈਕਲ ਵਿਕਰੀ ਅਗਸਤ 2020 ’ਚ 10,32,476 ਇਕਾਈ ਸੀ। ਇਹ ਅਗਸਤ 2021 ’ਚ 20 ਫੀਸਦੀ ਘਟ ਕੇ 8,25,849 ਇਕਾਈ ਰਹਿ ਗਈ। ਇਸੇ ਤਰ੍ਹਾਂ ਸਕੂਟਰ ਦੀ ਸਪਲਾਈ ਪਿਛਲੇ ਮਹੀਨੇ ਦੌਰਾਨ ਇਕ ਫੀਸਦੀ ਘਟ ਕੇ 4,51,967 ਇਕਾਈ ਰਹਿ ਗਈ। ਇਸ ਤੋਂ ਪਿਛਲੇ ਸਾਲ ਇਸੇ ਮਹੀਨੇ ’ਚ ਇਹ 4,56,848 ਇਕਾਈ ਸੀ। 

ਇਸ ਦੌਰਾਨ ਹਾਲਾਂਕਿ ਕਾਰਾਂ, ਵਿਸ਼ੇਸ਼ ਵਾਹਨਾਂ ਅਤੇ ਵੈਨ ਸਮੇਤ ਕੁੱਲ ਯਾਤਰੀ ਵਾਹਨਾਂ ਦੀ ਓ. ਈ. ਐੱਮ. ਤੋਂ ਡੀਲਰਸ਼ਿਪ ਨੂੰ ਸਪਲਾਈ 7 ਫੀਸਦੀ ਵਧ ਕੇ 2,32,224 ਇਕਾਈ ਰਹੀ ਜੋ ਕਿ ਪਿਛਲੇ ਸਾਲ ਅਗਸਤ ਮਹੀਨੇ ’ਚ 2,15,916 ਇਕਾਈ ਰਹੀ ਸੀ।


Rakesh

Content Editor

Related News