ਭਾਜਪਾ ਨਾਲ ਜਦ (ਯੂ) ਅਤੇ ਸ਼ਿਵ ਸੈਨਾ ਨਾਰਾਜ਼ ਮੋਹਨ ਭਾਗਵਤ ਨੇ ਵੀ ਦਿੱਤੀ ਉਨ੍ਹਾਂ ਨੂੰ ਨਸੀਹਤ

06/08/2019 6:42:43 AM

ਭਾਜਪਾ ਵਲੋਂ ਆਪਣੇ ਪਹਿਲਾਂ ਹੀ ਕੀਤੇ ਐਲਾਨ ਅਨੁਸਾਰ ਮੰਤਰੀ ਮੰਡਲ ਦੇ ਗਠਨ ’ਚ ਜੇਤੂ ਸਹਿਯੋਗੀ ਦਲਾਂ ਨੂੰ ਇਕ-ਇਕ ਅਹੁਦਾ ਦੇਣ ’ਤੇ ਜਦ (ਯੂ) ਅਤੇ ਸ਼ਿਵ ਸੈਨਾ ’ਚ ਨਾਰਾਜ਼ਗੀ ਪਾਈ ਜਾ ਰਹੀ ਹੈ। ਇਸੇ ਕਾਰਣ ਨਿਤੀਸ਼ ਕੁਮਾਰ ਨੇ ਜਦ (ਯੂ) ਨੂੰ ਦਿੱਤਾ ਗਿਆ ਇਕ ਮੰਤਰੀ ਅਹੁਦਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਅਲਬੱਤਾ ਇਸ ਦੇ ਨਾਲ ਹੀ ਇਹ ਜ਼ਰੂਰ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਲੀਡਰਸ਼ਿਪ ਨਾਲ ਕੋਈ ਨਾਰਾਜ਼ਗੀ ਨਹੀਂ ਹੈ।

ਪਰ ਦੋ ਦਿਨ ਬਾਅਦ ਹੀ 2 ਜੂਨ ਨੂੰ ਨਿਤੀਸ਼ ਕੁਮਾਰ ਨੇ ਬਿਹਾਰ ਮੰਤਰੀ ਮੰਡਲ ਦੇ ਵਿਸਤਾਰ ’ਚ ਭਾਜਪਾ ਨੂੰ ਇਕ ਵੀ ਅਹੁਦਾ ਨਾ ਦੇ ਕੇ ਅਤੇ ਸਾਰੇ 8 ਨਵੇਂ ਮੰਤਰੀ ਜਦ (ਯੂ) ਤੋਂ ਹੀ ਸ਼ਾਮਲ ਕਰ ਕੇ ‘ਜੈਸੇ ਕੋ ਤੈਸਾ’ ਦਾ ਸੰਕੇਤ ਵੀ ਦੇ ਦਿੱਤਾ।

ਇਸੇ ਦਿਨ ਵੱਡਾ ਬਿਆਨ ਦਿੰਦੇ ਹੋਏ ਜਦ (ਯੂ) ਨੇਤਾ ਕੇ. ਸੀ. ਤਿਆਗੀ ਨੇ ਐਲਾਨ ਕਰ ਦਿੱਤਾ ਕਿ ਪਾਰਟੀ ਕਦੇ ਵੀ ਰਾਜਗ ਦੀ ਅਗਵਾਈ ਵਾਲੇ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਨਹੀਂ ਬਣੇਗੀ।

ਸ਼ਿਵ ਸੈਨਾ ਵੀ ਇਸੇ ਕਾਰਣ ਭਾਜਪਾ ਨਾਲ ਨਾਰਾਜ਼ ਹੈ ਕਿਉਂਕਿ ਭਾਜਪਾ ਨੇ ਮਹਾਰਾਸ਼ਟਰ ’ਚੋਂ ਜਿੱਤਣ ਵਾਲੇ ਆਪਣੇ 23 ਮੈਂਬਰਾਂ ’ਚੋਂ ਤਾਂ 7 ਨੂੰ ਕੇਂਦਰ ’ਚ ਮੰਤਰੀ ਬਣਾ ਦਿੱਤਾ ਪਰ ਉਥੇ 18 ਸੀਟਾਂ ਜਿੱਤਣ ਵਾਲੀ ਸਹਿਯੋਗੀ ਸ਼ਿਵ ਸੈਨਾ ਦਾ ਸਿਰਫ ਇਕ ਹੀ ਮੰਤਰੀ ਲਿਆ ਹੈ।

ਸ਼ਿਵ ਸੈਨਾ ਨੂੰ ਭਾਰੀ ਉਦਯੋਗ ਮੰਤਰਾਲਾ ਦੇਣ ’ਤੇ ਨਾਰਾਜ਼ਗੀ ਜਤਾਉਂਦੇ ਹੋਏ ਸੰਜੇ ਰਾਊਤ ਨੇ ਅਮਿਤ ਸ਼ਾਹ ਤੋਂ ਉਨ੍ਹਾਂ ਦਾ ਮੰਤਰਾਲਾ ਬਦਲਣ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਪਾਰਟੀ ਨੂੰ ਲੋਕ ਸਭਾ ’ਚ ਡਿਪਟੀ ਸਪੀਕਰ ਦਾ ਅਹੁਦਾ ਦਿੱਤਾ ਜਾਵੇ।

ਸੰਜੇ ਰਾਊਤ ਨੇ ਕਿਹਾ, ‘‘ਇਹ ਅਹੁਦਾ ਸਾਡੀ ਡਿਮਾਂਡ ਨਹੀਂ ਸਗੋਂ ਸਾਡਾ ਸੁਭਾਵਿਕ ਦਾਅਵਾ ਅਤੇ ਅਧਿਕਾਰ ਹੈ, ਜੋ ਸਾਨੂੰ ਮਿਲਣਾ ਹੀ ਚਾਹੀਦਾ ਹੈ। ਭਾਜਪਾ ਨੂੰ ਮੁਕੰਮਲ ਬਹੁਮਤ ਦਿਵਾਉਣ ’ਚ ਸ਼ਾਮਿਲ ਸਹਿਯੋਗੀ ਦਲਾਂ ਨੂੰ ਵੀ ਸਨਮਾਨ ਮਿਲਣਾ ਜ਼ਰੂਰੀ ਹੈ।’’

ਸ਼ਾਇਦ ਸਹਿਯੋਗੀ ਦਲਾਂ ਪ੍ਰਤੀ ਭਾਜਪਾ ਲੀਡਰਸ਼ਿਪ ਦੇ ਅਜਿਹੇ ਵਤੀਰੇ ਨੂੰ ਦੇਖਦੇ ਹੋਏ ਹੀ ਭਾਜਪਾ ਦੇ ਸਰਪ੍ਰਸਤ ਸੰਗਠਨ ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਨੂੰ 4 ਜੂਨ ਨੂੰ ਕਹਿਣਾ ਪਿਆ ਕਿ ‘‘ਚੁਣੀਆਂ ਹੋਈਆਂ ਸਰਕਾਰਾਂ ਸੱਤਾ ਦੀ ਦੁਰਵਰਤੋਂ ਨੂੰ ਰੋਕਣ ’ਤੇ ਧਿਆਨ ਦੇਣ। ਇਕ ਜਮਹੂਰੀ ਵਿਵਸਥਾ ’ਚ ਚੁਣੇ ਗਏ ਲੋਕਾਂ ’ਚ ਅਪਾਰ ਸ਼ਕਤੀ ਹੁੰਦੀ ਹੈ ਪਰ ਇਸ ਦਾ ਅਰਥ ਇਹ ਨਹੀਂ ਕਿ ਇਸ ਦੀ ਦੁਰਵਰਤੋਂ ਕੀਤੀ ਜਾਵੇ।’’

ਭਾਗਵਤ ਨੇ ਕਿਹਾ, ‘‘ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿੰਨਾ ਚੰਗਾ ਕੰਮ ਕੀਤਾ ਅਤੇ ਕਿੰਨੇ ਲੋਕਾਂ ਦੀ ਮਦਦ ਕੀਤੀ। ਹੰਕਾਰ ਸਭ ਕੁਝ ਖੋਹ ਲੈਂਦਾ ਹੈ। ਜੇਕਰ ਕਿਸੇ ਵੀ ਪੜਾਅ ’ਤੇ ਸਰਕਾਰ ਲੜਖੜਾਉਂਦੀ ਹੋਈ ਦਿਖਾਈ ਦੇਵੇਗੀ ਤਾਂ ਸੰਘ ਸਾਕਾਰਾਤਮਕ ਨਜ਼ਰੀਏ ਤੋਂ ਸਲਾਹ ਅਤੇ ਸੁਝਾਅ ਦੇਵੇਗਾ।’’

ਇਸ ਲਈ ਭਾਜਪਾ ਲੀਡਰਸ਼ਿਪ ਲਈ ਜ਼ਰੂਰੀ ਹੈ ਕਿ ਉਹ ਆਪਣੇ ਪੁਰਾਣੇ ਸਹਿਯੋਗੀਆਂ ’ਚ ਨਾਰਾਜ਼ਗੀ ਪੈਦਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਦੂਰ ਕਰ ਕੇ ਆਪਣੇ ਨਾਲ ਜੋੜੀ ਰੱਖਣ ਦੀ ਕੋਸ਼ਿਸ਼ ਕਰੇ।

–ਵਿਜੇ ਕੁਮਾਰ\\\
 


Bharat Thapa

Content Editor

Related News