ਆਪਣੇ ਭੜਕਾਊ ਬਿਆਨਾਂ ਨਾਲ ਸਾਡੇ ਨੇਤਾ ਦੇਸ਼ ਦੀ ਕਿਹੜੀ ਸੇਵਾ ਕਰ ਰਹੇ ਹਨ

11/22/2017 3:49:00 AM

ਸਿਆਸਤਦਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਇਲਾਵਾ ਸਮਾਜ ਦੇ ਪ੍ਰਭਾਵਸ਼ਾਲੀ ਵਰਗ ਨਾਲ ਸੰਬੰਧਿਤ ਲੋਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ-ਵਿਰੋਧੀ ਕੰਮ ਨਹੀਂ ਕਰਨਗੇ ਅਤੇ ਖ਼ੁਦ ਨੂੰ ਸੱਚੇ ਜਨ-ਹਿਤੈਸ਼ੀ ਸਿੱਧ ਕਰਦਿਆਂ ਆਪਣੇ ਪ੍ਰਭਾਵ ਨਾਲ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਲਝਾਉਣ 'ਚ ਮਦਦ ਕਰਨਗੇ ਪਰ ਅੱਜ ਇਹੋ ਲੋਕ ਇਸ ਦੇ ਉਲਟ ਆਚਰਣ ਕਰ ਰਹੇ ਹਨ, ਜਿਸ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* ਯੂ. ਪੀ. ਵਿਚ ਨਗਰ ਨਿਗਮ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਭਾਜਪਾ ਨੇਤਾ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਆਪਣੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਨ ਦੀ ਬਜਾਏ ਮੁਸਲਿਮ ਵੋਟਰਾਂ ਨੂੰ ਹੀ ਡਰਾਉਣ-ਧਮਕਾਉਣ 'ਚ ਜੁਟ ਗਏ ਹਨ। 
ਬਾਰਾਬੰਕੀ 'ਚ ਭਾਜਪਾ ਦੇ ਚੇਅਰਮੈਨ ਦੇ ਅਹੁਦੇ ਦੀ ਉਮੀਦਵਾਰ ਸ਼ਸ਼ੀ ਸ਼੍ਰੀਵਾਸਤਵ ਦੇ ਪਤੀ ਤੇ ਮੌਜੂਦਾ ਚੇਅਰਮੈਨ ਰੰਜੀਤ ਸ਼੍ਰੀਵਾਸਤਵ ਨੇ 13 ਨਵੰਬਰ ਨੂੰ ਮੁਸਲਿਮ ਵੋਟਰਾਂ ਨੂੰ ਉਸ ਦੀ ਪਤਨੀ ਨੂੰ ਵੋਟ ਨਾ ਦੇਣ 'ਤੇ ਨਤੀਜੇ ਭੁਗਤਣ ਦੀ ਚਿਤਾਵਨੀ ਦੇ ਦਿੱਤੀ। 
ਯੋਗੀ ਆਦਿੱਤਿਆਨਾਥ ਦੀ ਸਰਕਾਰ ਦੇ 2 ਮੰਤਰੀਆਂ ਦਾਰਾ ਸਿੰਘ ਚੌਹਾਨ ਅਤੇ ਰਮਾਪਤੀ ਸ਼ਾਸਤਰੀ ਦੀ ਮੌਜੂਦਗੀ 'ਚ ਰੰਜੀਤ ਸ਼੍ਰੀਵਾਸਤਵ ਨੇ ਕਿਹਾ, ''ਸਮਾਜਵਾਦੀ ਪਾਰਟੀ ਦੀ ਸਰਕਾਰ ਨਹੀਂ ਹੈ। ਇਥੇ ਤੁਸੀਂ ਜਾ ਕੇ ਡੀ. ਐੱਮ., ਐੱਸ. ਪੀ. ਤੋਂ ਆਪਣਾ ਕੰਮ ਨਹੀਂ ਕਰਵਾ ਸਕਦੇ। ਇਥੇ ਤੁਹਾਡਾ ਕੋਈ ਨੇਤਾ ਤੁਹਾਡੀ ਮਦਦ ਨਹੀਂ ਕਰ ਸਕਦਾ। ਸੜਕ, ਨਾਲੀ ਨਗਰ ਪਾਲਿਕਾ ਦਾ ਕੰਮ ਹੈ। ਤੁਹਾਡੇ 'ਤੇ ਹੋਰ ਮੁਸੀਬਤਾਂ ਵੀ ਆ ਸਕਦੀਆਂ ਹਨ, ਅੱਜ ਤੁਹਾਡਾ ਕੋਈ ਪੈਰੋਕਾਰ ਬੀ. ਜੇ. ਪੀ. ਅੰਦਰ ਨਹੀਂ ਹੈ।''
''ਜੇ ਸਾਡੇ ਉਮੀਦਵਾਰਾਂ ਨੂੰ ਤੁਸੀਂ ਬਿਨਾਂ ਵਿਤਕਰੇ ਦੇ ਚੋਣ ਨਾ ਜਿਤਾਈ...ਤਾਂ ਤੁਹਾਨੂੰ ਸਮਾਜਵਾਦੀ ਪਾਰਟੀ ਬਚਾਉਣ ਨਹੀਂ ਆਵੇਗੀ। ਭਾਜਪਾ ਦਾ ਰਾਜ ਹੈ। ਜੋ ਕਸ਼ਟ ਤੁਹਾਨੂੰ ਨਹੀਂ ਝੱਲਣੇ ਪਏ ਸਨ, ਉਹ ਕਸ਼ਟ ਤੁਹਾਨੂੰ ਝੱਲਣੇ ਪੈ ਸਕਦੇ ਹਨ।''
''ਇਸ ਲਈ ਮੈਂ ਮੁਸਲਮਾਨਾਂ ਨੂੰ ਕਹਿ ਰਿਹਾ ਹਾਂ ਕਿ ਵੋਟ ਦੇ ਦੇਣਾ। ਭੀਖ ਨਹੀਂ ਮੰਗ ਰਿਹਾ ਹਾਂ। ਜੇ ਵੋਟ ਦਿਓਗੇ ਤਾਂ ਸੁਖੀ ਰਹੋਗੇ। ਜੇ ਵੋਟ ਨਹੀਂ ਦਿਓਗੇ ਤਾਂ ਜੋ ਕਸ਼ਟ ਝੱਲੋਗੇ, ਉਸ ਦਾ ਅੰਦਾਜ਼ਾ ਤੁਹਾਨੂੰ ਖ਼ੁਦ ਲੱਗ ਜਾਵੇਗਾ।''
* 20 ਨਵੰਬਰ ਨੂੰ ਬਿਹਾਰ ਭਾਜਪਾ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਨਿਤਿਆਨੰਦ ਰਾਏ ਨੇ ਪਟਨਾ 'ਚ ਇਕ ਵਿਵਾਦਪੂਰਨ ਬਿਆਨ ਦਿੰਦਿਆਂ ਕਿਹਾ ਕਿ ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਸ਼ਕਿਲ ਸਥਿਤੀਆਂ 'ਚ ਦੇਸ਼ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਵੱਲ ਉੱਠਣ ਵਾਲੀ ਉਂਗਲ ਤੇ ਹੱਥ ਨੂੰ ਜਾਂ ਤਾਂ ਅਸੀਂ ਸਾਰੇ ਮਿਲ ਕੇ ਤੋੜ ਦੇਈਏ ਜਾਂ ਉਸ ਹੱਥ ਨੂੰ ਵੱਢ ਦੇਈਏ।''
ਅੱਜ ਜਦੋਂ ਪਹਿਲਾਂ ਹੀ ਸਮਾਜ 'ਚ ਫਿਰਕੂ ਮਾਹੌਲ ਬੁਰੀ ਤਰ੍ਹਾਂ ਜ਼ਹਿਰੀਲਾ ਹੋ ਰਿਹਾ ਹੈ, ਅਜਿਹੇ ਬਿਆਨ ਦੇਣ ਦੇ ਰੁਝਾਨ 'ਤੇ ਹਰ ਹਾਲ 'ਚ ਰੋਕ ਲਾਈ ਜਾਣੀ ਚਾਹੀਦੀ ਹੈ। ਆਖਿਰ ਅਜਿਹੇ ਬਿਆਨ ਦੇਣ ਵਾਲੇ ਨੇਤਾ ਦੇਸ਼ ਦੀ ਕਿਹੜੀ ਸੇਵਾ ਕਰ ਰਹੇ ਹਨ? ਉਹ ਦੇਸ਼ ਨੂੰ ਵਿਕਾਸ ਵੱਲ ਲਿਜਾ ਰਹੇ ਹਨ ਜਾਂ ਤਬਾਹੀ ਵੱਲ?          
—ਵਿਜੇ ਕੁਮਾਰ


Vijay Kumar Chopra

Chief Editor

Related News