ਨੇਤਾਵਾਂ ’ਤੇ ਜੁੱਤੀਆਂ, ਆਂਡੇ, ਬੋਤਲਾਂ ਅਤੇ ਹੋਰ ਚੀਜ਼ਾਂ ਸੁੱਟਣ ਅਤੇ ਥੱਪੜ ਆਦਿ ਮਾਰਨ ਦੀ ਅਸੱਭਿਅਕ ਪ੍ਰੰਪਰਾ

06/10/2021 3:22:11 AM

ਕਿਸੇ ਜ਼ਮਾਨੇ ’ਚ ਲੋਕ ਨੇਤਾਵਾਂ ਨੂੰ ਸਿਰ-ਅੱਖਾਂ ’ਤੇ ਬਿਠਾਉਂਦੇ ਸੀ, ਉਨ੍ਹਾਂ ਦਾ ਸਨਮਾਨ ਕਰਦੇ ਸਨ ਅਤੇ ਆਪਣੀ ਅਸਹਿਮਤੀ ਪ੍ਰਗਟ ਕਰਨ ਦੇ ਲਈ ਵੀ ਸੱਭਿਅਕ ਤਰੀਕੇ ਹੀ ਅਪਣਾਉਂਦੇ ਸਨ ਪਰ ਹੁਣ ਕੁਝ ਸਮੇਂ ਤੋਂ ਨੇਤਾਵਾਂ ਨਾਲ ਸਹਿਮਤ ਨਾ ਹੋਣ ਅਤੇ ਉਨ੍ਹਾਂ ਨਾਲ ਨਾਰਾਜ਼ਗੀ ਦੇ ਕਾਰਨ ਲੋਕ ਆਪਣਾ ਰੋਸ ਪ੍ਰਗਟ ਕਰਨ ਦੇ ਲਈ ਉਨ੍ਹਾਂ ’ਤੇ ਜੁੱਤੀਆਂ, ਆਂਡੇ, ਬੋਤਲਾਂ ਅਤੇ ਹੋਰ ਚੀਜ਼ਾਂ ਦੇ ਇਲਾਵਾ ਮਿਰਚ ਪਾਊਡਰ ਨਾਲ ਹਮਲਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਥੱਪੜ ਮਾਰਨ ਅਤੇ ਉਨ੍ਹਾਂ ਨਾਲ ਕੁੱਟ-ਮਾਰ ਕਰਨ ਦੇ ਅਸੱਭਿਅਕ ਤਰੀਕੇ ਅਪਣਾਉਣ ਲੱਗੇ ਹਨ।

ਇੱਥੇ ਅਸੀਂ ਕੁੱਝ ਸਾਲਾਂ ਦੀਆਂ ਹੀ ਉਦਾਹਰਣਾਂ ਦਿੱਤੀਆਂ ਹਨ ਪਰ ਇਹ ਬੁਰਾਈ ਦਹਾਕਿਆਂ ਤੋਂ ਚਲੀ ਆ ਰਹੀ ਹੈ ਅਤੇ ਕਿਸੇ ਇਕ ਦੇਸ਼ ਤੱਕ ਸੀਮਤ ਨਾ ਰਹਿ ਕੇ ਸਾਰੀ ਦੁਨੀਆ ’ਚ ਫੈਲ ਗਈ ਹੈ। ਇਸੇ ਕਾਰਨ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਜਦੋਂ ਨਾਰਾਜ਼ ਲੋਕਾਂ ਨੇ ਨੇਤਾਵਾਂ ’ਤੇ ਹਮਲੇ ਕੀਤੇ।

* 13 ਦਸੰਬਰ, 2009 ਨੂੰ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਬਰਲੂਸਕੋਨੀ ’ਤੇ ‘ਮਿਲਾਨ’ ਸ਼ਹਿਰ ’ਚ ਇਕ ਹਮਲਾਵਰ ਨੇ ਧਾਤ ਦੀ ਕੋਈ ਚੀਜ਼ ਇੰਨੇ ਜ਼ੋਰ ਨਾ ਸੁੱਟ ਕੇ ਮਾਰੀ ਕਿ ਇਸ ਨਾਲ ਉਨ੍ਹਾਂ ਦਾ ਨੱਕ ਅਤੇ ਦੋ ਦੰਦ ਟੁੱਟ ਗਏ। ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਆਪਣਾ ਚਿਹਰਾ ਠੀਕ ਕਰਵਾਉਣ ਲਈ ਉਨ੍ਹਾਂ ਨੂੰ ਆਪਣੇ ਡੈਂਟਿਸਟ ਤੇ ਕਾਸਮੈਟਿਕ ਸਰਜਨ ਦੇ ਕੋਲ ਕਾਫੀ ਸਮਾਂ ਬਿਤਾਉਣਾ ਪਿਆ।

* 15 ਅਗਸਤ, 2010 ਨੂੰ ਨੈਸ਼ਨਲ ਕਾਨਫਰੰਸ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ’ਤੇ ਇਕ ਪੁਲਸ ਅਧਿਕਾਰੀ ਨੇ ਜੁੱਤੀ ਸੁੱਟੀ ਸੀ।

* 4 ਸਤੰਬਰ, 2010 ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਟੋਨੀ ਬਲੇਅਰ ਜਦੋਂ ਇਕ ਸਮਾਗਮ ’ਚ ਹਿੱਸਾ ਲੈਣ ਡਬਲਿਨ (ਆਇਰਲੈਂਡ) ਗਏ ਤਾਂ ਇਕ ਵਿਅਕਤੀ ਨੇ ਉਨ੍ਹਾਂ ’ਤੇ ਜੁੱਤੀ ਦੇ ਨਾਲ ਆਂਡੇ ਮਾਰੇ। ਇਸ ਦੇ ਅਗਲੇ ਦਿਨ ਵੀ ਉਨ੍ਹਾਂ ’ਤੇ ਜੁੱਤੀਆਂ , ਆਂਡਿਆਂ ਅਤੇ ਖਾਲੀ ਬੋਤਲਾਂ ਦੀ ਵਾਛੜ ਕੀਤੀ ਗਈ।

* 13 ਅਕਤੂਬਰ, 2011 ਨੂੰ ਸੀਨੀਅਰ ਵਕੀਲ ਅਤੇ ਅੰਨਾ ਹਜ਼ਾਰੇ ਦੀ ਟੀਮ ਦੇ ਮੈਂਬਰ ਪ੍ਰਸ਼ਾਂਤ ਭੂਸ਼ਣ ਦੀ ਕਸ਼ਮੀਰ ਸਬੰਧੀ ਟਿੱਪਣੀ ਤੋਂ ਨਾਰਾਜ਼ 2 ਨੌਜਵਾਨਾਂ ਨੇ ਉਨ੍ਹਾਂ ਦੇ ਚੈਂਬਰ ’ਚ ਵੜ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ।

* 24 ਨਵੰਬਰ 2011 ਨੂੰ ਰਾਕਾਂਪਾ ਮੁਖੀ ਅਤੇ ਯੂ.ਪੀ.ਏ. ਸਰਕਾਰ ’ਚ ਮੰਤਰੀ ਰਹੇ ਸ਼ਰਦ ਪਵਾਰ ਨੂੰ ਦਿੱਲੀ ’ਚ ਇਕ ਨੌਜਵਾਨ ਨੇ ਥੱਪੜ ਮਾਰ ਦਿੱਤਾ ਸੀ। ਥੱਪੜ ਇੰਨੀ ਜ਼ੋਰਦਾਰ ਸੀ ਕਿ ਸ਼ਰਦ ਪਵਾਰ ਲੜਖੜਾ ਗਏ ਸਨ।

* 23 ਜਨਵਰੀ, 2012 ਨੂੰ ਰਾਹੁਲ ਗਾਂਧੀ ’ਤੇ ਦੇਹਰਾਦੂਨ ’ਚ ਇਕ ਰੈਲੀ ਦੇ ਦੌਰਾਨ ਜੁੱਤੀ ਸੁੱਟੀ ਗਈ ਅਤੇ ਇਕ ਵਾਰ ਫਿਰ 2016 ’ਚ ਉਨ੍ਹਾਂ ਦੇ ਨਾਲ ਇਹ ਘਟਨਾ ਦੋਹਰਾਈ ਗਈ।

* 30 ਮਾਰਚ, 2013 ਨੂੰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ’ਤੇ ਕਰਾਚੀ ’ਚ ਤਜਮੁੱਲ ਲੋਧੀ ਨਾਂ ਦੇ ਇਕ ਵਕੀਲ ਨੇ ਜੁੱਤੀ ਮਾਰੀ। ਇਸ ਤੋਂ ਪਹਿਲਾਂ 8 ਫਰਵਰੀ, 2011 ਨੂੰ ਵੀ ਉਨ੍ਹਾਂ ’ਤੇ ਜੁੱਤੀ ਸੁੱਟੀ ਗਈ ਸੀ।

* 2013 ’ਚ ਤਾਈਵਾਨ ਦੇ ਰਾਸ਼ਟਰਪਤੀ ਮਾ-ਯੰਗ-ਝਿਊ ’ਤੇ ਵੱਖ-ਵੱਖ ਸਮਾਗਮਾਂ ’ਚ ਇਕ-ਦੋ ਵਾਰ ਨਹੀਂ ਸਗੋਂ ਪੂਰੇ ਸਾਲ ’ਚ 9 ਵਾਰ ਜੁੱਤੀਆਂ ਨਾਲ ਹਮਲਾ ਕੀਤਾ ਗਿਆ।

* 2 ਫਰਵਰੀ, 2014 ਨੂੰ ਦਿੱਲੀ ਦੇ ਸੰਗਮ ਵਿਹਾਰ ’ਚ ਪਾਣੀ ਦੀ ਸਪਲਾਈ ’ਚ ਹੋ ਰਹੀ ਦਿੱਕਤ ਕਾਰਨ ‘ਆਪ’ ਵਿਧਾਇਕ ਦਿਨੇਸ਼ ਮੋਹਨੀਆਂ ਨੂੰ ਮਿਲਣ ਗਏ ਲੋਕਾਂ ’ਚ ਸ਼ਾਮਲ ਇਕ ਔਰਤ ਨੇ ਉਨ੍ਹਾਂ ਦੀ ਗੱਲ੍ਹ ’ਤੇ ਥੱਪੜ ਜੜ ਦਿੱਤਾ।

* 2 ਫਰਵਰੀ, 2014 ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਇਕ ਰੋਡ ਸ਼ੋਅ ਦੌਰਾਨ ਇਕ ਨੌਜਵਾਨ ਨੇ ਥੱਪੜ ਮਾਰਿਆ।

* 1 ਮਈ, 2014 ਨੂੰ ਬ੍ਰਿਟਿਸ਼ ਸਿਆਸਤਦਾਨ ਨਾਈਜੇਲ ਫਰਾਗੇ ’ਤੇ ਚੋਣ ਪ੍ਰਚਾਰ ਮੁਹਿੰਮ ਦੇ ਦੌਰਾਨ ਉਨ੍ਹਾਂ ਦੇ ਵਿਰੋਧੀਆਂ ਨੇ ਚਾਸ਼ਨੀ ਵਾਲਾ ਮਿਲਕਸ਼ੇਕ ਡੋਲ੍ਹ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ।

* 16 ਮਾਰਚ, 2019 ਨੂੰ ਆਸਟ੍ਰੇਲੀਆ ਸੀਨੇਟਰ ਫ੍ਰੇਜ਼ਰ ਐਨਿੰਗ ਦੀ ਟਿੱਪਣੀ ਤੋਂ ਨਾਰਾਜ਼ ਹੋ ਕੇ ਵਿਲ ਕਨੋਲੀ ਨਾਂ ਦੇ ਇਕ ਨੌਜਵਾਨ ਨੇ ਉਨ੍ਹਾਂ ਦੇ ਸਿਰ ’ਤੇ ਆਂਡਾ ਭੰਨ੍ਹ ਦਿੱਤਾ। ਐਨਿੰਗ ਨੇ ਵੀ ਫੁਰਤੀ ਨਾਲ ਉਸ ਨੌਜਵਾਨ ਨੂੰ ਫੜ ਕੇ ਉਸ ਦੇ ਚਿਹਰੇ ’ਤੇ ਦੋ ਘਸੁੰਨ ਜੜ ਦਿੱਤੇ।

* 19 ਅਪ੍ਰੈਲ, 2019 ਨੂੰ ਗੁਜਰਾਤ ਦੇ ਸੁਰੇਂਦਰ ਨਗਰ ’ਚ ਕਾਂਗਰਸੀ ਆਗੂ ਹਾਰਦਿਕ ਪਟੇਲ ਜਦੋਂ ਇਕ ਰੈਲੀ ’ਚ ਭਾਸ਼ਣ ਦੇ ਰਹੇ ਸਨ ਤਾਂ ਅਚਾਨਕ ਇਕ ਵਿਅਕਤੀ ਨੇ ਕੁਝ ਬੁੜਬੁੜਾਉਂਦੇ ਹੋਏ ਮੰਚ ’ਤੇ ਆ ਕੇ ਉਨ੍ਹਾਂ ਦੇ ਮੂੰਹ ’ਤੇ ਚਪੇੜ ਜੜ ਦਿੱਤੀ।

* 4 ਮਈ, 2019 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੋਤੀਨਗਰ ’ਚ ਇਕ ਰੋਡ ਸ਼ੋਅ ਦੇ ਦੌਰਾਨ ਇਕ ਨੌਜਵਾਨ ਨੇ ਥੱਪੜ ਮਾਰ ਦਿੱਤਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ’ਤੇ ਥੱਪੜ, ਜੁੱਤੀ, ਚੱਪਲ, ਸਿਆਹੀ, ਆਂਡਿਆਂ ਅਤੇ ਮਿਰਚ ਪਾਊਡਰ ਨਾਲ ਹਮਲੇ ਹੋ ਚੁੱਕੇ ਹਨ।

* ਅਤੇ ਹੁਣ 8 ਜੂਨ ਨੂੰ ਸਿਆਸਤਦਾਨਾਂ ਨੂੰ ਥੱਪੜ ਮਾਰਨ ਦੀ ਘਟਨਾ ਦਾ ਨਵੇਂ ਸ਼ਿਕਾਰ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕ੍ਰੋਂ ਹੋਏ ਹਨ, ਜਿਨ੍ਹਾਂ ਨੂੰ ਦੱਖਣ-ਪੂਰਬੀ ਫਰਾਂਸ ਦੇ ਇਕ ਸ਼ਹਿਰ ਦੀ ਯਾਤਰਾ ਦੌਰਾਨ ਇਕ ਵਿਅਕਤੀ ਨੇ ਉਸ ਸਮੇਂ ਥੱਪੜ ਮਾਰ ਦਿੱਤੀ ਜਦੋਂ ਉਹ ਇਕ ਸਕੂਲ ਦਾ ਦੌਰਾ ਕਰਨ ਦੇ ਬਾਅਦ ਆਪਣੀ ਉਡੀਕ ਕਰ ਰਹੇ ਲੋਕਾਂ ਦਾ ਸਵਾਗਤ ਕਬੂਲ ਕਰ ਰਹੇ ਸਨ।

ਲੋਕਤੰਤਰ ’ਚ ਨਿਰਪੱਖ ਹੀ ਇਸ ਤਰ੍ਹਾਂ ਦੇ ਅਸੱਭਿਆਪੂਰਨ ਆਚਰਣ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਇਹ ਹਮਲਾ ਕਰਨ ਵਾਲਿਆਂ ਦੀ ਸੌੜੀ ਮਾਨਸਿਕਤਾ ਹੀ ਦਰਸਾਉਂਦਾ ਹੈ, ਜੋ ਸਰਾਸਰ ਨਿੰਦਣਯੋਗ ਅਤੇ ਨਾਮਨਜ਼ੂਰ ਹਨ।

- ਵਿਜੇ ਕੁਮਾਰ


Bharat Thapa

Content Editor

Related News