‘ਵਿਸ਼ਵ ’ਚ ਲੋਕਤੰਤਰ ਦੇ ਲਈ ਬਿਹਤਰ’‘ਅਤੇ ਦੂਸਰੀਆਂ ਕਈ ਤਬਦੀਲੀਆਂ ਵਾਲਾ ਹੋਵੇਗਾ ਇਹ ਨਵਾਂ ਸਾਲ’

01/01/2021 3:20:01 AM

‘ਕੋਰੋਨਾ ਮਹਾਮਾਰੀ’ ਦੇ ਇਲਾਜ ਦੇ ਲਈ ਚੱਲ ਰਹੀ ਵੈਕਸੀਨ ਮੁਹੱਈਆ ਕਰਵਾਉਣ ਦੀ ਕਵਾਇਦ ਦਰਮਿਆਨ ਸਾਲ 2021 ’ਚ ਦਾਖਲ ਹੁੰਦੇ ਹੋਏ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਉਣ ਵਾਲਾ ਇਹ ਸਾਲ ਵਿਸ਼ਵ ਲਈ ਕਿਹੋ ਜਿਹਾ ਰਹਿਣ ਵਾਲਾ ਹੈ ਅਤੇ ਇਸ ਨਵੇਂ ਸਾਲ ’ਚ ਵਿਸ਼ਵ ’ਚ ਕਿਹੜੇ ਸੁਖਦ ਬਦਲਾਅ ਹੋ ਸਕਦੇ ਹਨ।

ਇਸ ਸਾਲ ਵਿਸ਼ਵ ਦੇ ਕਈ ਦੇਸ਼ਾਂ ’ਚ ਚੋਣਾਂ ਹੋਣਗੀਅਾਂ ਜਿਸ ਨਾਲ ਸ਼ਾਇਦ ਲੋਕਤੰਤਰ ਫਿਰ ਮਜ਼ਬੂਤ ਹੋਵੇਗਾ। ਕਈ ਦੇਸ਼ਾਂ ’ਚ ਕੋੋਰੋਨਾ ਦੇ ਕਾਰਨ ਪੂਰੇ ਤਾਨਾਸ਼ਾਹੀ ਵਤੀਰੇ ਨਾਲ ਕੰਮ ਕਰਨ ਵਾਲੀਅਾਂ ਸਰਕਾਰਾਂ ਦੀ ਵਿਦਾਈ ਤੈਅ ਹੋ ਜਾਵੇਗੀ। ਇਥੋਂ ਤਕ ਕਿ ਪਿਛਲੇ ਸਾਲ ਅਮਰੀਕਾ ’ਚ ਹੋਈਅਾਂ ਚੋਣਾਂ ਵੀ ਇਕ ‘ਕਮਜ਼ੋਰ’ ਲੋਕਤੰਤਰ ਦੀਅਾਂ ਚੋਣਾਂ ਵਰਗੀਆਂ ਹੀ ਸਨ।

ਸਾਲ 2020 ’ਚ ਵੱਖ-ਵੱਖ ਦੇਸ਼ਾਂ ਦੇ ਹਾਕਮਾਂ ਨੇ ਕਈ ਤਰ੍ਹਾਂ ਨਾਲ ਲੋਕਤੰਤਰ ਨੂੰ ਢਹਿ-ਢੇਰੀ ਕੀਤਾ ਹੈ। ਕੋਰੋਨਾ ਦੇ ਬਹਾਨੇ ਸੱਤਾ ’ਤੇ ਆਪਣੀ ਸਿਆਸੀ ਪਕੜ ਮਜ਼ਬੂਤ ਕਰ ਕੇ ਲੋਕਤੰਤਰ ਨੂੰ ਠੇਸ ਪਹੁੰਚਾਈ, ਜਿਵੇਂ ਕਿ ਹੰਗਰੀ ’ਚ ਹੋਇਆ।

ਫਿਰ ਰੂਸ ਵਰਗੇ ਦੇਸ਼ਾਂ ’ਚ ‘ਵਲਾਦੀਮੀਰ ਪੁਤਿਨ’ ਨੇ ਚਿਹਰੇ ਪਛਾਣਨ ਵਾਲੇ ਕੈਮਰਿਅਾਂ ਦੀ ਮਦਦ ਨਾਲ ਰੋਸ ਵਿਖਾਵੇ ਕਰਨ ਵਾਲਿਅਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਘਾਣ ਕਰਨ ਦੀ ਨੀਤੀ ਅਪਣਾਈ। ਰਵਾਂਡਾ ’ਚ ਸੰਨ 2000 ਤੋਂ ਹੀ ਸ਼ਾਸਨ ਕਰ ਰਹੇ ਤਾਨਾਸ਼ਾਹ ‘ਪਾਲ ਕਗਾਮੇ’ ਨੇ ਹੁਣ ਦੇਸ਼ ਭਰ ’ਚ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਹੈ ਅਤੇ ਕਰਫਿਊ ਤੋੜਨ ਵਾਲਿਅਾਂ ਨੂੰ ਉਥੇ ਗੋਲੀ ਤਕ ਮਾਰ ਦਿੱਤੀ ਗਈ।

ਇਥੋਂ ਤਕ ਕਿ ਕਈ ਦੇਸ਼ਾਂ ਦੀਅਾਂ ਸਰਕਾਰਾਂ ਨੇ ਮੀਡੀਆ ਦੀ ਆਵਾਜ਼ ਦਰੜਣ ਦੀ ਕੋਸ਼ਿਸ਼ ਕੀਤੀ ਅਤੇ ਵਿਸ਼ਵ ’ਚ 50 ਤੋਂ ਵੱਧ ਪੱਤਰਕਾਰ ਮਾਰੇ ਗਏ।

ਪਰ ਸਾਲ 2021 ’ਚ ਵਿਸ਼ਵ ਦੇ ਕਈ ਹਿੱਸਿਅਾਂ ’ਚ ਹੋਣ ਵਾਲੀਅਾਂ ਚੋਣਾਂ ਦਾ ਪ੍ਰੋਗਰਾਮ ਦੇਖਦੇ ਹੋਏ ਲੱਗਦਾ ਹੈ ਕਿ ਇਸ ਸਾਲ ਵਿਸ਼ਵ ’ਚ ਲੋਕਤੰਤਰ ਮਜ਼ਬੂਤ ਹੋਵੇਗਾ। ਸਾਲ ਦੀ ਸ਼ੁਰੂਆਤ ’ਚ ਪੂਰਬੀ ਅਫਰੀਕੀ ਦੇਸ਼ ਯੁਗਾਂਡਾ ’ਚ 14 ਜਨਵਰੀ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਹੋਵੇਗੀ ਜਿਸ ਦੇ ਲਈ ਉਥੇ ਲਗਾਤਾਰ ਪ੍ਰਚਾਰ ਜਾਰੀ ਹੈ।

ਉਥੇ ਵਿਰੋਧੀ ਧਿਰ ਦੇ ਨੇਤਾ ‘ਬਾਬੀ ਵਾਈਨ’ ਕਾਫੀ ਪ੍ਰਸਿੱਧ ਹੋ ਰਹੇ ਹਨ ਪਰ ਉਨ੍ਹਾਂ ਨੂੰ ਦਬਾਉਣ ਲਈ ਸਰਕਾਰ ਨੇ ਵਿਰੋਧੀ ਧਿਰ ਦੀਅਾਂ ਰੈਲੀਅਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਹਾਲ ਹੀ ’ਚ ‘ਬਾਬੀ ਵਾਈਨ’ ਨੂੰ ਇਕ ਰੈਲੀ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ।

ਇਥੋਪੀਆ ’ਚ 2021 ’ਚ ਪ੍ਰਧਾਨ ਮੰਤਰੀ ਅਹੁਦੇ ਲਈ ਚੋਣਾਂ ਹੋਣ ਦੇ ਨਾਲ-ਨਾਲ 7 ਫਰਵਰੀ ਨੂੰ ਇਕਵਾਡੋਰ ’ਚ ਰਾਸ਼ਟਰਪਤੀ ਅਹੁਦੇ ਲਈ, ਨੀਦਰਲੈਂਡ ’ਚ 17 ਮਾਰਚ ਨੂੰ ਨਵੀਂ ਸਰਕਾਰ ਦੇ ਲਈ ਅਤੇ ਪੇਰੂ ’ਚ 11 ਅਪ੍ਰੈਲ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋਣਗੀਅਾਂ।

6 ਜੂਨ ਨੂੰ ਇਰਾਕ ਦੀਆਂ ਸੰਸਦੀ ਚੋਣਾਂ ਹੋਣਗੀਅਾਂ ਅਤੇ 18 ਜੂਨ ਨੂੰ ਈਰਾਨ ਅਤੇ 12 ਅਗਸਤ ਨੂੰ ਜ਼ਾਂਬੀਆ ਦੇ ਰਾਸ਼ਟਰਪਤੀ ਦੀ ਚੋਣ ਆਵੇਗੀ। ਇਨ੍ਹਾਂ ਸਾਰਿਅਾਂ ਦੇ ਦਰਮਿਆਨ ਦੁਨੀਆ ਦੀਅਾਂ ਨਜ਼ਰਾਂ 5 ਸਤੰਬਰ ਨੂੰ ਹਾਂਗਕਾਂਗ ਦੀਆਂ ਸਥਾਨਕ ਸਰਕਾਰਾਂ ਦੀਅਾਂ ਚੋਣਾਂ ’ਤੇ ਰਹਿਣਗੀਅਾਂ। ਚੀਨ ਵਲੋਂ ਹਾਂਗਕਾਂਗ ’ਤੇ ਵਿਵਾਦਿਤ ਸੁਰੱਖਿਆ ਕਾਨੂੰਨ ਥੋਪੇ ਜਾਣ ਦੇ ਬਾਅਦ ਹੋਣ ਵਾਲੀ ਇਹ ਪਹਿਲੀ ਚੋਣ ਕਾਫੀ ਮਹੱਤਵਪੂਰਨ ਸਮਝੀ ਜਾਂਦੀ ਹੈ।

ਫਿਰ 26 ਸਤੰਬਰ ਨੂੰ ਜਰਮਨੀ ਵਾਸੀ 16 ਸਾਲ ਬਾਅਦ ਅਜਿਹੀ ਸਰਕਾਰ ਚੁਣਨ ਲਈ ਵੋਟਾਂ ਪਾਉਣਗੇ ਜਿਸ ਦੀ ਅਗਵਾਈ ਏਂਜੇਲਾ ਮਰਕੇਲ ਨਹੀਂ ਕਰ ਰਹੀ ਹੋਵੇਗੀ। ਇਹੀ ਨਹੀਂ, ਨਿਕਾਰਾਗੁਆ ’ਚ 76 ਸਾਲਾ ਰਾਸ਼ਟਰਪਤੀ ਡੈਨੀਅਲ ਓਰਟੇਗਾ ਦੇ ਕਾਰਜਕਾਲ ਦੀ ਸਮਾਪਤੀ ਤੋਂ ਬਾਅਦ 7 ਨਵੰਬਰ ਨੂੰ ਰਾਸ਼ਟਰਪਤੀ ਲਈ ਚੋਣਾਂ ਹੋਣਗੀਅਾਂ।

ਇਸ ਦੇ ਨਾਲ ਹੀ ਹੋਰਨਾਂ ਖੇਤਰਾਂ ’ਚ ਵੀ ਕਈ ਬਿਹਤਰ ਬਦਲਾਅ ਆਉਣ ਵਾਲੇ ਹਨ। ਇਹ ਸਾਲ ਵਿਸ਼ਵ ’ਚ ਇਲੈਕਟ੍ਰਿਕ ਕਾਰਾਂ ਦੇ ਨਿਰਮਾਣ ਅਤੇ ਵਿਕਰੀ ਦੇ ਲਿਹਾਜ਼ ਨਾਲ ਕਾਫੀ ਮਹੱਤਵਪੂਰਨ ਰਹਿਣ ਵਾਲਾ ਹੈ ਕਿਉਂਕਿ ਇਸ ਸਾਲ ਦੁਨੀਆ ਦੇ ਕਈ ਦੇਸ਼ਾਂ ’ਚ ਕਾਰ ਨਿਰਮਾਤਾ ਕੰਪਨੀਅਾਂ ਅਾਪਣੀ ਬੈਟਰੀ ਨਾਲ ਚੱਲਣ ਵਾਲੀਆਂ ਕਾਰਾਂ ਦੀ ਨਵੀਂ ਰੇਂਜ ਲਾਂਚ ਕਰਨਗੀਆਂ ਜੋ ਪ੍ਰਦੂਸ਼ਣ ਘਟਾਉਣ ’ਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਸਿੱਧ ਹੋਣਗੀਆਂ।

ਇਸ ਸਾਲ ਜਨਰਲ ਮੋਟਰਸ ਦੀ ਇਲੈਕਟ੍ਰਿਕ ਕਾਰ ‘ਹਮਰ’ ਲਾਂਚ ਹੋਵੇਗੀ। ਇਸ ਦੇ ਨਾਲ ਹੀ ‘ਟੇਸਲਾ’ ਵੀ ਆਪਣਾ ਸਾਈਬਰ ਟਰੱਕ ਲਾਂਚ ਕਰੇਗੀ। ਫਿਲਹਾਲ 260 ਕੰਪਨੀਅਾਂ ਇਨ੍ਹਾਂ ਦਾ ਨਿਰਮਾਣ ਕਰ ਰਹੀਆਂ ਹਨ ਅਤੇ ਇਸ ਖੇਤਰ ਦੀ ਮੋਹਰੀ ਕੰਪਨੀ ‘ਟੇਸਲਾ’ ਦੇ ਸ਼ੇਅਰ 2020 ’ਚ ਹੀ 6 ਗੁਣਾ ਵਧ ਕੇ 665 ਡਾਲਰ ਪ੍ਰਤੀ ਸ਼ੇਅਰ ’ਤੇ ਪਹੁੰਚ ਗਏ ਹਨ।

ਵਿਸ਼ਵ ’ਚ ਪ੍ਰਦੂਸ਼ਣ ’ਤੇ ਕੰਟਰੋਲ ਦੇ ਲਈ 2021 ’ਚ 1 ਤੋਂ 12 ਨਵੰਬਰ ਤਕ ਗਲਾਸਗੋ ’ਚ ਹੋਣ ਵਾਲੇ ਸੰਯੁਕਤ ਰਾਸ਼ਟਰ ਦੇ ‘ਜਲਵਾਯੂ ਪਰਿਵਰਤਨ ਸਿਖਰ ਸੰਮੇਲਨ’ ਉੱਤੇ ਵੀ ਵਿਸ਼ਵ ਦੀਅਾਂ ਨਜ਼ਰਾਂ ਰਹਿਣਗੀਅਾਂ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ 2015 ਦੇ ਪੈਰਿਸ ਸਿਖਰ ਸੰਮੇਲਨ ਤੋਂ ਹਟ ਜਾਣ ਦੇ ਕਾਰਨ ਇਸ ਬਾਰੇ ਕੋਈ ਹਾਂਪੱਖੀ ਕੰਮ ਨਹੀਂ ਕੀਤਾ ਹੈ, ਹੁਣ ਅਮਰੀਕਾ ਦੀ ਸੱਤਾ ਸੰਭਾਲ ਰਹੇ ਜੋਅ ਬਾਈਡੇਨ ਨੂੰ ਇਸ ਦਿਸ਼ਾ ’ਚ ਕੰਮ ਕਰਨਾ ਹੋਵੇਗਾ।

2021 ’ਚ ਚੀਨ ਅਤੇ ਹਾਲੀਵੁੱਡ ਦੀ ਬਾਕਸ ਆਫਿਸ ਕੁਲੈਕਸ਼ਨ ਦੇ ਮਾਮਲੇ ’ਚ ਵੀ ਸਖਤ ਟੱਕਰ ਦੇਖਣ ਨੂੰ ਮਿਲੇਗੀ। ਚੀਨ ਦਾ ਫਿਲਮ ਉਦਯੋਗ ਲਗਾਤਾਰ ਵਧ ਰਿਹਾ ਹੈ ਜਦਕਿ ਕੋਰੋਨਾ ਦੇ ਕਾਰਨ ਹਾਲੀਵੁੱਡ ’ਚ ਠਹਿਰਾਅ ਦਾ ਦੌਰ ਹੈ। ਸ਼ੋਅ ਬਿਜ਼ਨੈੱਸ ਨਾਲ ਜੁੜੇ ਲੋਕਾਂ ਦੇ ਅਨੁਸਾਰ ਸ਼ਾਇਦ ਇਸ ਸਾਲ ਚੀਨ ਦਾ ਫਿਲਮ ਉਦਯੋਗ ਬਾਕਸ ਆਫਿਸ ਕੁਲੈਕਸ਼ਨ ਦੇ ਮਾਮਲੇ ’ਚ ਹਾਲੀਵੁੱਡ ਨੂੰ ਪਛਾੜ ਦੇਵੇਗਾ।

ਇਸ ਸਾਲ ਅਮਰੀਕਾ ਦੀ ਪੁਲਾੜ ਖੋਜ ਏਜੰਸੀ ‘ਨਾਸਾ’ ਪੁਲਾੜ ਤੋਂ ਡਿੱਗਣ ਵਾਲੇ ਉਲਕਾਪਿੰਡਾਂ ਤੋਂ ਧਰਤੀ ਦੇ ਬਚਾਅ ਦਾ ਮਿਸ਼ਨ ਵੀ ਸ਼ੁਰੂ ਕਰੇਗੀ। ‘ਡਬਲ ਐਸਟ੍ਰਾਇਡ ਰੀ ਡਾਇਰੈਕਸ਼ਨ’ ਭਾਵ ‘ਡਾਰਟ’ ਦੀ ਸ਼ੁਰੂਆਤ ਅਸਲ ’ਚ ਦਸੰਬਰ-2020 ’ਚ ਹੋਣੀ ਸੀ ਪਰ ਹੁਣ ਇਹ ਜੁਲਾਈ ’ਚ ਸ਼ੁਰੂ ਹੋਵੇਗੀ। ਇਹ ਮਿਸ਼ਨ ਧਰਤੀ ਦੇ ਨੇੜੇ ਆ ਕੇ ਉਸ ਨੂੰ ਹਾਨੀ ਪਹੁੰਚਾਉਣ ’ਚ ਸਮਰੱਥ ਉਲਕਾਪਿੰਡ ਲੱਭ ਕੇ ਉਨ੍ਹਾਂ ਦੀ ਦਿਸ਼ਾ ਬਦਲਣ ’ਤੇ ਕੰਮ ਕਰੇਗਾ ਤਾਂ ਕਿ ਧਰਤੀ ਨੂੰ ਵਿਨਾਸ਼ ਤੋਂ ਬਚਾਇਆ ਜਾ ਸਕੇ।

ਅਜਿਹੇ ਦ੍ਰਿਸ਼ ’ਚ ਵਿਸ਼ਵ ਦੀਅਾਂ ਸਰਕਾਰਾਂ ਦੇ ਲਈ ਨਵੇਂ ਸਾਲ ’ਚ ਸਭ ਤੋਂ ਵੱਡੀ ਸਿੱਖਿਆ ਇਹੀ ਹੈ ਕਿ ਉਹ ਭਵਿੱਖ ’ਚ ਆਉਣ ਵਾਲੇ ਨਵੇਂ-ਨਵੇਂ ਵਾਇਰਸਾਂ ਦੇ ਖਤਰੇ ਦਾ ਸਾਹਮਣਾ ਕਰਨ ਲਈ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਨਾਲ ਲੋਕਾਂ ਦੀ ਸਿਹਤ ’ਤੇ ਕੇਂਦਰਿਤ ਨੀਤੀਅਾਂ ਤੈਅ ਕਰ ਕੇ ਉਨ੍ਹਾਂ ’ਤੇ ਰੈਗੂਲਰ ਤੌਰ ’ਤੇ ਧਨ ਦਾ ਨਿਵੇਸ਼ ਯਕੀਨੀ ਬਣਾਉਣ ਤਾਂ ਕਿ ਲਗਾਤਾਰ ਵਧਦੇ ਜਾ ਰਹੇ ਸਿਹਤ ਸਬੰਧੀ ਖਤਰੇ ਦਾ ਸਾਹਮਣਾ ਕਰਨਾ ਯਕੀਨੀ ਬਣਾਇਆ ਜਾ ਸਕੇ। ਹੁਣ ਤਾਂ ‘ਮਿੰਕ’ ਜਾਨਵਰ ’ਚ ਵੀ ਅਗਲਾ ਹਾਨੀਕਾਰਕ ਵਾਇਰਸ ਪਾਇਆ ਜਾ ਚੁੱਕਾ ਹੈ।


Bharat Thapa

Content Editor

Related News