ਉਮੀਦਵਾਰ ਨੇ ਕਿਹਾ ‘ਫਿਰ ਮੈਨੂੰ ਚੱਪਲ ਨਾਲ ਕੁੱਟਣਾ’ ਅਤੇ ਬਸੰਤੀ ਬੋਲੀ ‘ਚਲ ਧੰਨੋ’ ਕਾਰਾਂ ਦੇ ਫਲੀਟ ਦਾ ਮਾਲਕ ਕਰ ਰਿਹਾ ਪੈਦਲ ਚੋਣ ਪ੍ਰਚਾਰ

11/25/2018 6:42:33 AM

ਛੱਤੀਸਗੜ੍ਹ ’ਚ ਮਤਦਾਨ ਦੇ ਦੋਵੇਂ ਦੌਰ ਸੰਪੰਨ ਹੋ ਚੁੱਕੇ ਹਨ ਅਤੇ ਬਾਕੀ 4 ਚੋਣਾਂ ਵਾਲੇ ਸੂਬਿਅਾਂ ’ਚ ਵੀ ਮਤਦਾਨ ’ਚ ਹੁਣ ਜ਼ਿਆਦਾ ਦਿਨ ਨਹੀਂ ਰਹੇ। ਚੋਣ ਪ੍ਰਚਾਰ ਪੂਰੇ ਸਿਖਰਾਂ ’ਤੇ ਪਹੁੰਚ ਚੁੱਕਾ ਹੈ, ਜਿਸ ਦੀਅਾਂ ਕੁਝ ਦਿਲਚਸਪੀਅਾਂ ਹੇਠਾਂ ਦਰਜ ਹਨ :
* ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਅਾਂ ਚੋਣਾਂ ਸੂਰਤ ਦੇ ਕੱਪੜਾ ਵਪਾਰੀਅਾਂ ਅਤੇ ਸਸਤੀਅਾਂ  ਸਾੜ੍ਹੀਅਾਂ ਦੇ ਨਿਰਮਾਤਾਵਾਂ ਲਈ ਵਰਦਾਨ ਸਾਬਿਤ ਹੋਈਅਾਂ ਹਨ ਅਤੇ ਉਨ੍ਹਾਂ ਦੇ ਮੰਦੇ ਚੱਲ ਰਹੇ ਵਪਾਰ ’ਚ ਅਚਾਨਕ ਤੇਜ਼ੀ ਆ  ਗਈ ਹੈ।
ਚੋਣਾਂ ਵਾਲੇ ਸੂਬਿਅਾਂ ’ਚ ਉਮੀਦਵਾਰਾਂ ਵਲੋਂ ਵੋਟਰਾਂ ’ਚ ਵੰਡਣ ਲਈ ਖਰੀਦੀਅਾਂ ਜਾਣ ਵਾਲੀਅਾਂ 100 ਅਤੇ 200 ਰੁਪਏ ਮੁੱਲ ਦੀਅਾਂ ਘੱਟੋ-ਘੱਟ 200 ਕਰੋੜ ਰੁਪਏ ਦੀਅਾਂ ਸਾੜ੍ਹੀਅਾਂ ਦੇ ਆਰਡਰ ਸੂਰਤ ਦੇ ਸਸਤੀਅਾਂ ਸਾੜ੍ਹੀਅਾਂ ਬਣਾਉਣ ਵਾਲਿਅਾਂ ਨੂੰ ਮਿਲੇ ਹਨ। 
* ਤੇਲੰਗਾਨਾ ’ਚ ਇਕ ਆਜ਼ਾਦ ਉਮੀਦਵਾਰ ‘ਅਕੁਲਾ ਹਨੁਮੰਤ’ ਆਪਣੇ ਚੋਣ ਖੇਤਰ ’ਚ ਘਰ-ਘਰ ਘੁੰਮ ਕੇ ਚੱਪਲਾਂ ਵੰਡ ਰਿਹਾ ਹੈ ਅਤੇ ਵੋਟਰਾਂ ਨੂੰ ਇਹ ਵੀ ਕਹਿ ਰਿਹਾ ਹੈ ਕਿ ਜਿੱਤਣ ਤੋਂ ਬਾਅਦ ਜੇਕਰ ਉਹ ਉਨ੍ਹਾਂ ਨਾਲ ਕੀਤੇ ਹੋਏ ਵਾਅਦੇ ਨੂੰ ਪੂਰਾ ਨਾ ਕਰੇ ਤਾਂ ਉਸੇ ਦੀ ਦਿੱਤੀ ਹੋਈ ਚੱਪਲ ਨਾਲ ਉਸ ਦੀ ਕੁੱਟਮਾਰ ਕਰ ਦੇਣਾ। 
* ਦੇਸ਼ ਦੇ ਦੋ ਸਭ ਤੋਂ ਵੱਡੇ ਸਿਆਸੀ ਦਲਾਂ ਭਾਜਪਾ ਤੇ ਕਾਂਗਰਸ ਦੇ ਨੇਤਾ ਇਕ-ਦੂਜੇ ਲਈ ਘੋਰ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਇਕ-ਦੂਜੇ ਨੂੰ ਗੱਬਰ, ਮੰਦਬੁੱਧੀ, ਮਸਖਰਾ, ਰਾਵਣ, ਚੋਰ ਆਦਿ ਦੀ ਉਪਾਧੀ ਦੇ ਰਹੇ ਹਨ। 
* ਆਜ਼ਾਦ ਉਮੀਦਵਾਰਾਂ ਨੂੰ ਅਜੀਬੋ-ਗਰੀਬ ਚੋਣ ਨਿਸ਼ਾਨ ਅੰਗੂਰ, ਮੋਤੀਅਾਂ ਦਾ ਹਾਰ, ਬੈਲਟ, ਹੀਰਾ, ਸੀਟੀ, ਨਾਰੀਅਲ, ਜੁੱਤੀ, ਚਾਰ ਚੂੜੀ, ਬੇਬੀ ਵਾਕਰ, ਨਾਸ਼ਪਾਤੀ, ਅਨਾਨਾਸ ਆਦਿ ਅਲਾਟ ਕੀਤੇ ਗਏ ਹਨ। ਉਮੀਦਵਾਰ ਚੋਣ ਨਿਸ਼ਾਨਾਂ ਨਾਲ ਸਬੰਧਤ ਚੀਜ਼ਾਂ ਹੱਥ ’ਚ ਲੈ ਕੇ ਆਪਣੇ ਚੋਣ ਖੇਤਰਾਂ ’ਚ ਪ੍ਰਚਾਰ ਕਰਦੇ ਘੁੰਮ ਰਹੇ ਹਨ ਤਾਂ ਕਿ ਵੋਟਰ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਛਾਣ ਲੈਣ।
* ਜਬਲਪੁਰ ’ਚ ਇਕ ਆਜ਼ਾਦ ਉਮੀਦਵਾਰ ਕ੍ਰਿਸ਼ਨ ਤਿਵਾੜੀ ਵੋਟਰਾਂ  ਨੂੰ ਲੁਭਾਉਣ ਲਈ ਆਪਣੇ ਚੋਣ ਖੇਤਰ ਦੇ ਪ੍ਰਮੁੱਖ ਚੌਰਾਹਿਅਾਂ ’ਤੇ ਨੱਚ ਕੇ ਆਪਣੇ ਚੋਣ ਨਿਸ਼ਾਨ ‘ਚੂੜੀ’ ਉੱਤੇ ਮੋਹਰ ਲਾਉਣ ਲਈ ਵੋਟਰਾਂ ਨੂੰ ਪ੍ਰੇਰਿਤ ਕਰਦਾ ਅਤੇ ਵੋਟ ਮੰਗਦਾ ਹੈ। ਉਸ ਦਾ ਨਾਚ ਦੇਖਣ ਲਈ ਜਾਮ ਵੀ ਲੱਗ ਜਾਂਦਾ ਹੈ। 
* ਮੱਧ ਪ੍ਰਦੇਸ਼ ’ਚ ਨਾਗਦਾ ਦੀ ਦੀਪਿਕਾ ਸੋਨੀ ਦਾ ਵਿਆਹ ਰਾਜਸਥਾਨ ਦੇ ਝਾਲਾਵਾਰ ਨਿਵਾਸੀ ਨਿਤੇਸ਼ ਨਾਲ 19 ਨਵੰਬਰ ਨੂੰ ਹੋਇਆ। ਦੀਪਿਕਾ ਨੇ ਨਿਤੇਸ਼ ਦੇ ਸਾਹਮਣੇ ਸ਼ਰਤ ਰੱਖੀ ਕਿ 28 ਨਵੰਬਰ ਨੂੰ ਮਤਦਾਨ ਲਈ ਉਹ ਉਸ ਨੂੰ ਪੇਕੇ ਜਾਣ ਦੀ ਇਜਾਜ਼ਤ ਦੇਵੇਗਾ, ਤਾਂ ਹੀ ਉਹ ਵਿਆਹ ਕਰਵਾਏਗੀ। ਦੀਪਿਕਾ ਦੇ ਸਹੁਰਿਅਾਂ ਨੇ ਸ਼ਰਤ ਸਵੀਕਾਰ ਕਰ ਲਈ। 
* ਨਾਗਦਾ ’ਚ ਵੋਟ ਮੰਗਣ ਆਏ ਭਾਜਪਾ ਵਿਧਾਇਕ ਤੇ ਉਮੀਦਵਾਰ ਦਿਲੀਪ ਸ਼ੇਖਾਵਤ ਨੂੰ ਇਕ ਵਿਅਕਤੀ ਨੇ ਜੁੱਤੀਅਾਂ ਦੀ ਮਾਲਾ ਪਹਿਨਾ ਦਿੱਤੀ, ਜਿਸ ’ਤੇ ਗੁੱਸੇ ’ਚ ਆਏ ਵਿਧਾਇਕ ਨੇ ਮਾਲਾ ਉਤਾਰ ਕੇ ਉਸ ਦੀ ਮਾਰਕੁਟਾਈ ਕਰ ਦਿੱਤੀ। 
* ਜਦੋਂ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੱਧ ਪ੍ਰਦੇਸ਼ ’ਚ ਸੱਤਾ ਵਿਚ ਆਉਣ ’ਤੇ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਖੇਤੀ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੈ, ਕਿਸਾਨਾਂ ਦੇ ਇਕ ਵਰਗ ਨੇ ਕਰਜ਼ੇ ਦੀ ਅਦਾਇਗੀ ਕਰਨੀ ਹੀ ਬੰਦ ਕਰ ਦਿੱਤੀ ਹੈ।  ਇਸ ਨਾਲ ਸੂਬਾਈ ਸਰਕਾਰ ਦੀ ਖੇਤੀ ਕਰਜ਼ਾ ਵਸੂਲੀ ’ਚ 10 ਫੀਸਦੀ ਦੀ ਕਮੀ ਆ ਗਈ ਹੈ।  
* ਮੱਧ ਪ੍ਰਦੇਸ਼ ’ਚ ਸਭ ਤੋਂ ਲੰਮੇ ਸਮੇਂ ਤੋਂ ਮੁੱਖ ਮੰਤਰੀ ਚੱਲੇ ਆ ਰਹੇ ਸ਼ਿਵਰਾਜ ਸਿੰਘ ਚੌਹਾਨ ਸੂਬੇ ’ਚ ਭਾਜਪਾ ਦੀ ਸੱਤਾ ਬਣਾਈ ਰੱਖਣ ਲਈ ਕੋਈ ਕਸਰ ਨਹੀਂ ਛੱਡ ਰਹੇ। ਉਹ ਚੋਣ ਪ੍ਰਚਾਰ ਦੌਰਾਨ ਹੈਲੀਕਾਪਟਰ ’ਚ ਹੀ ਛੋਟੀਅਾਂ-ਛੋਟੀਅਾਂ ਝਪਕੀਅਾਂ ਲੈਂਦੇ ਹਨ ਅਤੇ ਘਰੋਂ ਮੰਗਵਾਇਆ ਹੋਇਆ ਖਾਣਾ ਖਾਂਦੇ ਹਨ। ਚੋਣ ਪ੍ਰਚਾਰ ਦੌਰਾਨ ਜਿਥੇ ਕਿਤੇ ਵੀ ਉਹ ਜਾਂਦੇ ਹਨ, ਵੋਟਰ ਉਨ੍ਹਾਂ ਨੂੰ ‘ਮਾਮਾ-ਮਾਮਾ’ ਸੱਦਣ ਲੱਗਦੇ ਹਨ। 
* ਖੰਡਵਾ ’ਚ ਹੇਮਾ ਮਾਲਿਨੀ ਜਦੋਂ ਇਕ ਭਾਜਪਾ ਉਮੀਦਵਾਰ ਦੇ ਪੱਖ ’ਚ ਚੋਣ ਪ੍ਰਚਾਰ ਕਰਨ ਗਈ ਤਾਂ ਫਿਲਮ ‘ਸ਼ੋਅਲੇ’ ਦਾ ‘ਬਸੰਤੀ’ ਵਾਲਾ ਡਾਇਲਾਗ ਸੁਣਾਉਂਦਿਅਾਂ ਉਨ੍ਹਾਂ ਨੇ ਕਿਹਾ, ‘‘ਅਕੇਲੀ ਬਸੰਤੀ ਨੇ ਤਾਂਗਾ ਚਲਾਕਰ ਗੁਜ਼ਾਰਾ ਕੀਆ ਜੈਸੇ ਆਦੀਵਾਸੀ ਮਹਿਲਾਏਂ ਕਰਤੀ ਹੈਂ। ਤਾਂਗਾ ਚਲਾਨਾ ਆਸਾਨ ਨਹੀਂ ਹੈ...ਤੋ ਕਹਾਂ ਚਲਨਾ ਹੈ ਬੋਲੋ....? ਯਹਾਂ ਮੋਟਰਗਾੜੀ ਮਿਲੀ ਨਹੀਂ ਕਿ ਬੈਠੇ ਗਰਰ ਸੇ ਚਲ ਦੀਏ....ਚਲ ਧੰਨੋ.....।’’
* ਆਈਜ਼ੋਲ ਪੂਰਬ ਤੋਂ ਚੋਣ ਲੜ ਰਹੇ ਮਿਜ਼ੋ ਨੈਸ਼ਨਲ ਫਰੰਟ ਦੇ ਨੇਤਾ ਰਾਬਰਟ ਰੋਮਾਵੀਆ ਰੋਇਤੇ ਮਿਜ਼ੋਰਮ ਦੇ ਸਭ ਤੋਂ ਅਮੀਰ ਉਮੀਦਵਾਰ ਹਨ ਅਤੇ ਉਨ੍ਹਾਂ ਦੀ ਐਲਾਨੀ ਜਾਇਦਾਦ 55 ਕਰੋੜ ਰੁਪਏ ਹੈ। ਉਹ ਇਕ ਲੋਕਪ੍ਰਿਯ ਫੁੱਟਬਾਲ ਕਲੱਬ ਅਤੇ ਅਨੇਕ ਕਾਰਾਂ ਦੇ ਫਲੀਟ ਦੇ ਮਾਲਕ ਹਨ ਪਰ ਆਪਣੇ ਚੋਣ ਪ੍ਰਚਾਰ ਲਈ ਵਾਹਨਾਂ ਦਾ ਸਹਾਰਾ ਨਾ ਲੈ ਕੇ ਪੈਦਲ ਹੀ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ। 
ਚੋਣਾਂ ’ਚ ਕੁਝ ਇਸ ਤਰ੍ਹਾਂ ਦੇ ਰੰਗ ਦੇਖਣ ਨੂੰ ਮਿਲੇ ਹਨ। ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਚੋਣ ਨਤੀਜਿਅਾਂ ’ਚ ਵੋਟਰਾਂ ਦੇ ਮਿਜਾਜ਼ ਦਾ ਕਿਸ ਤਰ੍ਹਾਂ ਦਾ ਰੰਗ ਦੇਖਣ ਨੂੰ ਮਿਲਦਾ ਹੈ।                                                      

 –ਵਿਜੇ ਕੁਮਾਰ


Related News