ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੰਗਤ ਦੇ ਨਾਲ ਕੀਤੀ ਖੰਨਾ ਤੋਂ ਫ਼ਤਿਹਗੜ੍ਹ ਸਾਹਿਬ ਤੱਕ ਪੈਦਲ ਯਾਤਰਾ

Thursday, Dec 25, 2025 - 04:51 PM (IST)

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੰਗਤ ਦੇ ਨਾਲ ਕੀਤੀ ਖੰਨਾ ਤੋਂ ਫ਼ਤਿਹਗੜ੍ਹ ਸਾਹਿਬ ਤੱਕ ਪੈਦਲ ਯਾਤਰਾ

ਖੰਨਾ (ਬਿਪਨ): ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ ਅਤੇ ‌ਮਾਤਾ ਗੁਜਰ ਕੌਰ ਜੀ ਦੀ ਧਰਮ ਹਿੱਤ ਦਿੱਤੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਵੀਰਵਾਰ ਨੂੰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਪੇਂਡੂ ਵਿਕਾਸ ਤੇ ਪੰਚਾਇਤਾਂ ਮੰਤਰੀ, ਪੰਜਾਬ ਤਰੁਨਪ੍ਰੀਤ ਸਿੰਘ ਸੌਂਦ ਨੇ ਹਲਕਾ ਖੰਨਾ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਦੇ ਨਾਲ ਗੁਰਦੁਆਰਾ ਸ੍ਰੀ ਸੁੱਖ ਸਾਗਰ ਸਾਹਿਬ, ਖੰਨਾ ਤੋਂ ਪਾਠ ਅਤੇ ਅਰਦਾਸ ਬੇਨਤੀ ਕਰਨ ਉਪਰੰਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਸਤਿਨਾਮ-ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਪੈਦਲ ਯਾਤਰਾ ਸ਼ੁਰੂ ਕੀਤੀ। 

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿਨ-ਕੋਟਿ ਪ੍ਰਣਾਮ ਹੈ। ਉਨ੍ਹਾਂ ਕਿਹਾ ਕਿ ਸੰਸਾਰ ਦੇ ਇਤਿਹਾਸ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਹਮੇਸ਼ਾ ਬੇਮਿਸਾਲ ਅਤੇ ਅਮਰ ਰਹੇਗੀ। ਇਸ ਲਾਸਾਨੀ ਸ਼ਹਾਦਤ ਅੱਗੇ ਸਾਡਾ ਸਾਰਿਆਂ ਦਾ ਸੀਸ ਝੁੱਕਦਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਇਸ ਦੇਸ਼, ਕੌਮ ਅਤੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ। ਜੇਕਰ ਸਾਡੇ ਸਿਰਾਂ ਉੱਤੇ ਦਸਤਾਰਾਂ ਸਲਾਮਤ ਹਨ ਤਾਂ ਇਹ ਸਿਰਫ ਤੇ ਸਿਰਫ ਗੁਰੂ ਸਾਹਿਬਾਨ ਦੀ ਕੁਰਬਾਨੀ ਸਦਕਾ ਹੀ ਹੈ। ਸੋ ਗੁਰੂ ਸਾਹਿਬਾਨ ਅੱਗੇ ਨਤਮਸਤਕ ਹੋਣ ਲਈ, ਸਰਬੱਤ ਦੇ ਭਲੇ ਦੀ ਅਰਦਾਸ ਕਰਨ ਲਈ ਅਤੇ ਪੰਜਾਬ ਦੀ ਖੁਸ਼ਹਾਲੀ ਦੀ ਅਰਦਾਸ ਕਰਨ ਲਈ ਵੱਡੀ ਗਿਣਤੀ ਵਿਚ ਸਮੂਹ ਸੰਗਤਾਂ ਦੇ ਰੂਪ ਵਿਚ ਇਕੱਠੇ ਹੋ ਕੇ ਖੰਨਾ ਦੇ ਗੁਰਦੁਆਰਾ ਸੁੱਖ ਸਾਗਰ ਸਾਹਿਬ ਤੋਂ ਅਰਦਾਸ ਕਰਕੇ ਪੈਦਲ ਚੱਲ ਕੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਨਤਮਸਤਕ ਹੁਣ ਲਈ ਜਾ ਰਹੇ ਹਾਂ। ਉੱਥੇ ਪਹੁੰਚ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਾਂਗੇ ਕਿ ਸੱਚੇ ਪਾਤਸ਼ਾਹ ਆਪ ਦੀ ਅਪਾਰ ਕਿਰਪਾ ਸਾਡੇ ਉੱਤੇ ਬਣਾਈ ਰੱਖਿਓ। ਅਸੀਂ ਸੱਚ ਦੇ ਰਾਹ 'ਤੇ ਹਮੇਸ਼ਾ ਚਲਦੇ ਰਹੀਏ ਅਤੇ ਤੁਹਾਡੇ ਤੋਂ ਅਸ਼ੀਰਵਾਦ ਲੈ ਕੇ ਤੁਹਾਡੇ ਦਰਸਾਏ ਹੋਏ ਰਾਹਾਂ 'ਤੇ ਚੱਲ ਸਕੀਏ।


author

Anmol Tagra

Content Editor

Related News