ਦੱਖਣੀ ਭਾਰਤ ’ਚ ਇਕ ਹੋਰ ‘ਸੁਪਰਸਟਾਰ ਵਿਜੇ’ ਚੱਲਿਆ ਨੇਤਾ ਬਣਨ ਵੱਲ
Sunday, Feb 04, 2024 - 06:16 AM (IST)
ਅਤੀਤ ਵਿਚ ਦੱਖਣੀ ਭਾਰਤ ਤੋਂ ਕਈ ਪ੍ਰਸਿੱਧ ਹਸਤੀਆਂ ਨੇ ਅਭਿਨੈ ਦੀ ਦੁਨੀਆ ਤੋਂ ਸਿਆਸਤ ਦੀ ਦੁਨੀਆ ਵਿਚ ਕਦਮ ਰੱਖਿਆ ਅਤੇ ਆਪਣੀ ਸਿਆਸੀ ਪਾਰਟੀ ਬਣਾ ਕੇ ਸਿਆਸਤਦਾਨਾਂ ਦੇ ਰੂਪ ਵਿਚ ਪਛਾਣ ਬਣਾਉਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿਚ ਐੱਮ. ਜੀ. ਰਾਮਚੰਦਰਨ, ਜੇ. ਜੈਲਲਿਤਾ, ਐੱਮ. ਕਰੁਣਾਨਿਧੀ ਅਤੇ ਨੰਦਮੂਰਿ ਤਾਰਿਕ ਰਾਮਾਰਾਓ (ਐੱਨ. ਟੀ. ਆਰ.) ਆਦਿ ਕੁਝ ਅਭਿਨੇਤਾ ਸ਼ਾਮਿਲ ਹਨ, ਜਿਨ੍ਹਾਂ ਨੇ ਸਫਲਤਾ ਦੇ ਨਵੇਂ ਮੀਲ-ਪੱਥਰ ਕਾਇਮ ਕੀਤੇ।
ਕੁਝ ਸਮੇਂ ਤੋਂ ਤਮਿਲ ਫਿਲਮਾਂ ਦੇ ‘ਸੁਪਰਸਟਾਰ ਵਿਜੇ’ ਦੇ ਸਿਆਸਤ ਵਿਚ ਕੁੱਦਣ ਅਤੇ ਸਿਆਸੀ ਪਾਰਟੀ ਬਣਾਉਣ ਦੀ ਚਰਚਾ ਸੁਣਾਈ ਦੇ ਰਹੀ ਸੀ। ਇਸੇ ਦੇ ਅਨੁਸਾਰ ਉਨ੍ਹਾਂ ਨੇ 2 ਫਰਵਰੀ ਨੂੰ ਸਿਆਸਤ ਵਿਚ ਕਦਮ ਰੱਖਣ ਦਾ ਐਲਾਨ ਕਰਦੇ ਹੋਏ ਆਪਣੀ ਸਿਆਸੀ ਪਾਰਟੀ ‘ਤਮਿਝਾਗਾ ਵੇਤਰੀ ਕਸ਼ਗਮ’ (ਟੀ. ਵੀ. ਕੇ.) ਦਾ ਗਠਨ ਕਰ ਦਿੱਤਾ ਹੈ। ਇਸਦਾ ਸ਼ਬਦੀ ਅਰਥ ਹੈ ‘ਤਮਿਲਨਾਡੂ ਵਿਜੇ ਪਾਰਟੀ’।
‘ਸੁਪਰਸਟਾਰ ਵਿਜੇ’ ਨੇ ਇਕ ਬਿਆਨ ਵਿਚ ਕਿਹਾ ਕਿ ਸਿਆਸਤ ਕੋਈ ਕਾਰੋਬਾਰ ਨਹੀਂ ਹੈ, ਸਗੋਂ ਲੋਕਾਂ ਦੀ ਸੇਵਾ ਕਰਨ ਦਾ ਇਕ ਪਵਿੱਤਰ ਮਾਧਿਅਮ ਹੈ। ਉਨ੍ਹਾਂ ਦੇ ਇਸ ਐਲਾਨ ਦੇ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।
‘ਸੁਪਰਸਟਾਰ ਵਿਜੇ’ ਦੇ ਅਨੁਸਾਰ ਅੱਜ ਤਮਿਲਨਾਡੂ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਸੂਬੇ ਦੀ ‘ਦ੍ਰਮੁਕ’ ਸਰਕਾਰ ਕਈ ਦੋਸ਼ਾਂ ਵਿਚ ਘਿਰੀ ਹੋਈ ਹੈ, ਜਦਕਿ ਸੂਬੇ ਦੀ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਦੇ ਦਿਹਾਂਤ ਦੇ ਬਾਅਦ ਉਨ੍ਹਾਂ ਦੀ ਪਾਰਟੀ ‘ਅੰਨਾਦ੍ਰਮੁਕ’ ਵੀ ਲੀਡਰਸ਼ਿਪ ਦੇ ਸੰਕਟ ਨਾਲ ਜੂਝ ਰਹੀ ਹੈ।
‘ਸੁਪਰਸਟਾਰ ਵਿਜੇ’ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਨਹੀਂ ਲੜੇਗੀ ਅਤੇ ਨਾ ਹੀ ਿਕਸੇ ਪਾਰਟੀ ਦਾ ਸਮਰਥਨ ਕਰੇਗੀ। ਉਨ੍ਹਾਂ ਦੀ ਨਜ਼ਰ ਤਾਂ 2026 ’ਚ ਹੋਣ ਵਾਲੀਆਂ ਸੂਬਾ ਵਿਧਾਨ ਸਭਾ ਦੀਆਂ ਚੋਣਾਂ ’ਤੇ ਹੈ।
ਸੂਬੇ ਵਿਚ ਸੱਤਾਧਾਰੀ ‘ਦ੍ਰਮੁਕ’ ਅਤੇ ਵਿਰੋਧੀ ਪਾਰਟੀ ‘ਭਾਜਪਾ’ ਦੋਵਾਂ ਨੇ ਹੀ ‘ਸੁਪਰਸਟਾਰ ਵਿਜੇ’ ਨੂੰ ਸਿਆਸਤ ਵਿਚ ਕਦਮ ਰੱਖਣ ’ਤੇ ਵਧਾਈ ਦਿੱਤੀ ਹੈ ਪਰ ਉਹ ਆਪਣੇ ਇਸ ਨਵੇਂ ਰੂਪ ਿਵਚ ਕਿੰਨੇ ਸਫਲ ਹੁੰਦੇ ਹਨ, ਇਹ ਤਾਂ ਭਵਿੱਖ ’ਚ ਹੀ ਪਤਾ ਲੱਗੇਗਾ।
-ਵਿਜੇ ਕੁਮਾਰ