ਸਕੂਲ ਖੁੱਲ੍ਹ ਗਏ ਪਰ ਸਟਾਫ ਦਾ ਟੀਕਾਕਰਨ ਅਜੇ ਅਧੂਰਾ

08/22/2021 2:46:41 AM

ਕੋਰੋਨਾ ਮਹਾਮਾਰੀ ਦੇ ਦੌਰਾਨ ਲੰਬੇ ਸਮੇਂ ਤੋਂ ਬੰਦ ਰਹੇ ਸਕੂਲਾਂ ਨੂੰ ਖੋਲ੍ਹਿਆ ਜਾ ਚੁੱਕਾ ਹੈ ਪਰ ਕਈ ਥਾਈਂ ਸਕੂਲਾਂ ਦੇ ਸਟਾਫ ਦਾ ਟੀਕਾਕਰਨ ਨਾ ਹੋ ਸਕਣ ਨਾਲ ਸਿੱਖਿਆ ਸੰਸਥਾਨਾਂ ’ਚ ਕੋਰੋਨਾ ਇਨਫੈਕਸ਼ਨ ਦਾ ਖਤਰਾ ਬਣਿਆ ਹੋਇਆ ਹੈ ਅਤੇ ਕੁਝ ਕੁ ਸਥਾਨਾਂ ’ਤੇ ਸਕੂਲਾਂ ’ਚ ਕੋਰੋਨਾ ਦੇ ਕੇਸ ਫੜੇ ਵੀ ਗਏ ਹਨ।

ਪੰਜਾਬ ’ਚ ਸਰਕਾਰੀ ਸਕੂਲਾਂ ਦੇ 1,26,540 ਕਰਮਚਾਰੀਆਂ ’ਚੋਂ 89,562 ਨੂੰ ਹੀ ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ ਜਦਕਿ 36,978 ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਹੀ ਖੁਰਾਕ ਦੇਣਾ ਅਜੇ ਬਾਕੀ ਹੈ ਭਾਵ ਲਗਭਗ 30 ਫੀਸਦੀ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੂੰ ਅਜੇ ਤੱਕ ਟੀਕੇ ਦੀ ਪਹਿਲੀ ਖੁਰਾਕ ਵੀ ਨਹੀਂ ਲੱਗੀ।

ਇਸੇ ਤਰ੍ਹਾਂ ਗੁਆਂਢੀ ਹਰਿਆਣਾ ’ਚ ਵੀ ਸੂਬਾ ਸਰਕਾਰਾਂ ਨੇ ਛੇਵੀਂ ਅਤੇ ਉਪਰ ਦੀਆਂ ਜਮਾਤਾਂ ਦੇ ਲਈ ਸਕੂਲ ਖੋਲ੍ਹ ਦਿੱਤੇ ਹਨ ਪਰ ਇੱਥੇ ਵੀ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦਾ ਟੀਕਾਕਰਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸੂਬੇ ਦੇ ਸਰਕਾਰੀ ਸਕੂਲਾਂ ਦੇ ਸਿਰਫ 14 ਫੀਸਦੀ ਕਰਮਚਾਰੀਆਂ ਦਾ ਟੀਕਾਕਰਨ ਅਜੇ ਤੱਕ ਹੋਇਆ ਹੈ।

ਸਰਕਾਰੀ ਅੰਕੜਿਆਂ ਅਨੁਸਾਰ 1,03,866 ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ’ਚੋਂ 14,790 ਦਾ ਹੀ ਪੂਰਾ ਟੀਕਾਕਰਨ ਹੋਇਆ ਹੈ ਜਦਕਿ 26,763 ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਹੀ ਲੱਗੀ ਹੈ। ਕੁਝ ਜ਼ਿਲਿਆਂ ਦਾ ਟੀਕਾਕਰਨ ਰਿਕਾਰਡ ਤਾਂ ਬਹੁਤ ਹੀ ਨਿਰਾਸ਼ਾਜਨਕ ਹੈ, ਜਿਨ੍ਹਾਂ ’ਚ ਭਿਵਾਨੀ ਅਤੇ ਪਾਨੀਪਤ (7 ਫੀਸਦੀ), ਕੈਥਲ (8 ਫੀਸਦੀ), ਚਰਖੀ ਦਾਦਰੀ (11 ਫੀਸਦੀ) ਸ਼ਾਮਲ ਹੈ।

ਕਿਉਂਕਿ ਮਹਾਮਾਰੀ ਹੋਣ ਦੇ ਨਾਤੇ ਕੋਰੋਨਾ ਦੀ ਇਨਫੈਕਸ਼ਨ ਤੋਂ ਬਚਾਅ ਲਈ ਸਾਰਿਆਂ ਦਾ ਟੀਕਾਕਰਨ ਹੋਣਾ ਜ਼ਰੂਰੀ ਹੈ, ਇਸ ਲਈ ਟੀਕਾਕਰਨ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਣੀ ਸਮੇਂ ਦੀ ਮੰਗ ਹੈ ਤਾਂ ਕਿ ਮਹਾਮਾਰੀ ਤੋਂ ਆਪਣਾ ਅਤੇ ਦੂਜਿਆਂ ਦਾ ਵੀ ਬਚਾਅ ਹੋ ਸਕੇ।

ਇਸ ਦੇ ਨਾਲ ਹੀ ਸਮਾਜਿਕ ਦੂਰੀ ਬਣਾਈ ਰੱਖਣ, ਮਾਸਕ ਲਗਾ ਕੇ ਰੱਖਣ, ਥੋੜ੍ਹੇ-ਥੋੜ੍ਹੇ ਸਮੇਂ ’ਤੇ ਹੱਥ ਧੋਣ ਅਤੇ ਸਰੀਰ ਦਾ ਤਾਪਮਾਨ ਜਾਂਚਦੇ ਰਹਿਣ ਵਰਗੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਵੀ ਜ਼ਰੂਰੀ ਹੈ।

-ਵਿਜੇ ਕੁਮਾਰ


Bharat Thapa

Content Editor

Related News