ਗਾਜ਼ਾ ਦੇ ਸਕੂਲ ''ਤੇ ਇਜ਼ਰਾਇਲੀ ਹਮਲਾ, 5 ਬੱਚਿਆਂ ਸਮੇਤ ਘੱਟੋ-ਘੱਟ 30 ਲੋਕਾਂ ਦੀ ਮੌਤ

06/06/2024 2:41:13 PM

ਇੰਟਰਨੈਸ਼ਨਲ ਡੈਸਕ : ਵੀਰਵਾਰ ਨੂੰ ਮੱਧ ਗਾਜ਼ਾ 'ਚ ਇਕ ਸਕੂਲ 'ਤੇ ਇਜ਼ਰਾਇਲੀ ਹਮਲੇ 'ਚ ਪੰਜ ਬੱਚਿਆਂ ਸਮੇਤ ਘੱਟੋ-ਘੱਟ 30 ਲੋਕ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਇਸ ਸਕੂਲ ਦਾ ਇਸਤੇਮਾਲ "ਹਮਾਸ ਦੇ ਅੱਡੇ" ਵਜੋਂ ਕੀਤਾ ਜਾ ਰਿਹਾ ਸੀ। ਸਥਾਨਕ ਸਿਹਤ ਅਧਿਕਾਰੀਆਂ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਇਹ ਹਮਲਾ ਉਦੋਂ ਹੋਇਆ, ਜਦੋਂ ਫੌਜ ਨੇ ਕਿਹਾ ਕਿ ਉਹ ਕੇਂਦਰੀ ਗਾਜ਼ਾ ਵਿੱਚ ਨਵੇਂ ਹਵਾਈ ਅਤੇ ਜ਼ਮੀਨੀ ਕਾਰਵਾਈਆਂ ਸ਼ੁਰੂ ਕਰ ਰਹੀ ਹੈ ਅਤੇ ਇੱਕ ਅੰਤਰਰਾਸ਼ਟਰੀ ਮੈਡੀਕਲ ਸਮੂਹ ਨੇ ਮੌਤਾਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਸੂਚਨਾ ਦਿੱਤੀ।

ਹਸਪਤਾਲ ਦੇ ਰਿਕਾਰਡਾਂ ਅਤੇ ਐਸੋਸੀਏਟਡ ਪ੍ਰੈਸ ਪੱਤਰਕਾਰ ਦੇ ਅਨੁਸਾਰ ਦੇਰ ਅਲ-ਬਲਾਹ ਵਿਚ ਅਲ-ਅਕਸਾ ਸ਼ਹੀਦ ਹਸਪਤਾਲ ਵਿਚ ਸਕੂਲ 'ਤੇ ਹੋਏ ਹਮਲੇ ਕਾਰਨ ਘੱਟੋ-ਘੱਟ 30 ਲਾਸ਼ਾਂ ਮਿਲੀਆਂ ਹਨ ਅਤੇ ਇਕ ਘਰ 'ਤੇ ਵੱਖਰੇ ਹਮਲੇ ਤੋਂ ਬਾਅਦ ਛੇ ਹੋਰ ਲਾਸ਼ਾਂ ਮਿਲੀਆਂ ਹਨ। ਇਸ ਤੋਂ ਪਹਿਲਾਂ ਹਮਾਸ ਦੁਆਰਾ ਚਲਾਏ ਜਾ ਰਹੇ ਮੀਡੀਆ ਨੇ ਸਕੂਲ 'ਤੇ ਕੀਤੇ ਹਮਲੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ ਜ਼ਿਆਦਾ ਦੱਸੀ ਸੀ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਸਦੇ ਲੜਾਕੂ ਜਹਾਜ਼ਾਂ ਨੇ ਫਲਸਤੀਨੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਦੁਆਰਾ ਚਲਾਏ ਜਾ ਰਹੇ ਸਕੂਲ 'ਤੇ ਹਮਲਾ ਕੀਤਾ। ਏਜੰਸੀ ਨੂੰ 'UNRWA' ਦੇ ਨਾਮ ਤੋਂ ਜਾਣਿਆ ਜਾਂਦਾ ਹੈ।

ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਕਿ 'ਹਮਾਸ' ਅਤੇ 'ਇਸਲਾਮਿਕ ਜੇਹਾਦ' ਸੰਗਠਨਾਂ ਨੇ ਆਪਣੀਆਂ ਗਤੀਵਿਧੀਆਂ ਲਈ ਸਕੂਲ ਦਾ ਇਸਤੇਮਾਲ ਢਾਲ ਵਜੋਂ ਕੀਤਾ ਹੈ। ਹਾਲਾਂਕਿ ਫੌਜ ਨੇ ਤੁਰੰਤ ਇਸ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ। ਗਾਜ਼ਾ ਵਿੱਚ UNRWA ਸਕੂਲ ਯੁੱਧ ਦੀ ਸ਼ੁਰੂਆਤ ਤੋਂ ਹੀ ਪਨਾਹਗਾਹਾਂ ਵਜੋਂ ਕੰਮ ਕਰ ਰਹੇ ਹਨ। ਇਸ ਜੰਗ ਕਾਰਨ 23 ਲੱਖ ਤੋਂ ਵੱਧ ਫਲਸਤੀਨੀਆਂ ਦੀ ਆਬਾਦੀ ਵਿੱਚੋਂ ਜ਼ਿਆਦਾਤਰ ਲੋਕ ਬੇਘਰ ਹੋ ਗਏ ਹਨ। ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ, "ਹਮਲੇ ਦੌਰਾਨ ਬੇਕਸੂਰ ਨਾਗਰਿਕਾ ਨੂੰ ਨੁਕਸਾਨ ਪਹੁੰਚਾਉਣ ਦੇ ਜੋਖਮ ਨੂੰ ਘੱਟ ਕਰਨ ਲਈ ਹਮਲਾ ਕਰਨ ਤੋਂ ਪਹਿਲਾਂ ਕਈ ਕਦਮ ਚੁੱਕੇ ਗਏ ਸਨ, ਜਿਸ ਵਿੱਚ ਹਵਾਈ ਨਿਗਰਾਨੀ ਕਰਨਾ ਅਤੇ ਅਤਿਰਿਕਤ ਖੁਫੀਆ ਜਾਣਕਾਰੀ ਇਕੱਠੀ ਕਰਨਾ ਸ਼ਾਮਲ ਹੈ।" 

ਨੁਸਰਾਤ ਸ਼ਰਨਾਰਥੀ ਕੈਂਪ ਗਾਜ਼ਾ ਪੱਟੀ ਦੇ ਕੇਂਦਰ ਵਿੱਚ ਹੈ। ਇਹ ਮੱਧ ਗਾਜ਼ਾ ਵਿੱਚ ਬਣਿਆ ਇੱਕ ਫਲਸਤੀਨੀ ਸ਼ਰਨਾਰਥੀ ਕੈਂਪ ਹੈ, ਜੋ 1948 ਦੀ ਅਰਬ-ਇਜ਼ਰਾਈਲੀ ਜੰਗ ਤੋਂ ਪਹਿਲਾਂ ਦਾ ਹੈ। ਯੁੱਧ ਦੀ ਸ਼ੁਰੂਆਤ 7 ਅਕਤੂਬਰ ਨੂੰ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਨਾਲ ਹੋਈ, ਜਿਸ ਵਿਚ ਘੱਟੋ-ਘੱਟ 1,200 ਲੋਕ ਮਾਰੇ ਗਏ ਅਤੇ 250 ਹੋਰ ਲੋਕਾਂ ਨੂੰ ਬੰਧਕ ਬਣਾਇਆ ਗਿਆ। ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਫੌਜੀ ਕਾਰਵਾਈਆਂ ਵਿੱਚ ਘੱਟੋ-ਘੱਟ 36,000 ਫਲਸਤੀਨੀ ਮਾਰੇ ਗਏ, ਜਦੋਂ ਕਿ ਇਜ਼ਰਾਈਲੀ ਕਬਜ਼ੇ ਵਾਲੇ ਪੱਛਮੀ ਬੈਂਕ ਵਿੱਚ ਕਾਰਵਾਈਆਂ ਵਿੱਚ ਸੈਂਕੜੇ ਹੋਰ ਮਾਰੇ ਗਏ ਹਨ।


rajwinder kaur

Content Editor

Related News