ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ! ਖੁੱਲ੍ਹ ਗਏ ਜਗਨਨਾਥ ਮੰਦਰ ਦੇ ਚਾਰੇ ਦਰਵਾਜ਼ੇ
Thursday, Jun 13, 2024 - 10:01 PM (IST)
ਭੁਵਨੇਸ਼ਵਰ, (ਭਾਸ਼ਾ)- ਜਗਨਨਾਥ ਮੰਤਰੀ ਨਾਲ ਜੁੜੀ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਸ਼ਰਧਾਲੂਆਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ। ਓਡਿਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਅਤੇ ਉਨ੍ਹਾਂ ਦੀ ਕੈਬਨਿਟ ਦੇ ਮੈਬਰਾਂ ਦੀ ਹਾਜ਼ਰੀ ’ਚ ਵੀਰਵਾਰ ਸਵੇਰੇ ਪੁਰੀ ਸਥਿਤ ਜਗਨਨਾਥ ਮੰਦਰ ਦੇ ਸਾਰੇ ਚਾਰ ਦਰਵਾਜ਼ੇ ਸ਼ਰਧਾਲੂਆਂ ਲਈ ਫਿਰ ਤੋਂ ਖੋਲ੍ਹ ਦਿੱਤੇ ਗਏ।
ਕੋਵਿਡ-19 ਮਹਾਮਾਰੀ ਤੋਂ ਬਾਅਦ ਬੰਦ ਕੀਤੇ ਗਏ 12ਵੀਂ ਸਦੀ ਦੇ ਮੰਦਰ ਦੇ ਤਿੰਨ ਦਰਵਾਜ਼ੇ ਭਗਵਾਨ ਜਗਨਨਾਥ ਦੀ ‘ਮੰਗਲ ਆਰਤੀ’ ਧਾਰਮਿਕ ਰਸਮ ਤੋਂ ਬਾਅਦ ਖੋਲ੍ਹੇ ਗਏ। ਮੁੱਖ ਮੰਤਰੀ, ਦੋਵੇਂ ਉਪ ਮੁੱਖ ਮੰਤਰੀ, ਮੰਤਰੀ, ਭਾਜਪਾ ਦੇ ਕਈ ਸੰਸਦ ਮੈਂਬਰ ਅਤੇ ਪਾਰਟੀ ਨੇਤਾ ਮੰਦਰ ਪੁੱਜੇ ਅਤੇ ਭਗਵਾਨ ਜਗਨਨਾਥ ਦੀ ਪੂਜਾ ਕੀਤੀ।
ਮੰਦਰ ਦੇ ਸਾਰੇ ਦਰਵਾਜ਼ੇ ਖੋਲ੍ਹਣਾ ਭਾਜਪਾ ਦੇ ਚੋਣ ਮਨੋਰਥ ਪੱਤਰ ’ਚ ਇਕ ਪ੍ਰਮੁੱਖ ਵਾਅਦਾ ਸੀ। ਪਿਛਲੀ ਬੀਜੂ ਜਨਤਾ ਦਲ (ਬੀਜਦ) ਸਰਕਾਰ ਨੇ ਕੋਵਿਡ-19 ਮਹਾਮਾਰੀ ਤੋਂ ਬਾਅਦ ਮੰਦਰ ਦੇ ਚਾਰਾਂ ’ਚੋਂ ਤਿੰਨ ਦਰਵਾਜ਼ੇ ਬੰਦ ਰੱਖੇ ਸਨ, ਜਿਸ ਨਾਲ ਸ਼ਰਧਾਲੂਆਂ ਨੂੰ ਮੁਸ਼ਕਿਲ ਹੋ ਰਹੀ ਸੀ।