'ਲੋਕਾਂ ਤੇ ਬੈਂਕਾਂ ਲਈ ਬਣੇ ਪ੍ਰੇਸ਼ਾਨੀ' 1, 2, 5 ਅਤੇ 10 ਰੁਪਏ ਦੇ ਸਿੱਕੇ ਤੇ 100 ਰੁਪਏ ਦੇ ਗੰਦੇ ਨੋਟ

05/13/2018 7:16:25 AM

ਬਦਲੇ ਹੋਏ ਵਿੱਤੀ ਮਾਹੌਲ 'ਚ ਅੱਜ ਦੇਸ਼ ਅੰਦਰ 1, 2, 5 ਅਤੇ 10 ਰੁਪਏ ਦੇ ਸਿੱਕਿਆਂ ਨੂੰ ਸੰਭਾਲਣਾ ਬੈਂਕ ਅਧਿਕਾਰੀਆਂ ਹੀ ਨਹੀਂ ਸਗੋਂ ਆਮ ਲੋਕਾਂ ਲਈ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ, ਜਦਕਿ ਦੂਜੇ ਪਾਸੇ ਬੈਂਕ ਅਧਿਕਾਰੀਆਂ ਨੂੰ ਭਾਰਤੀ ਰਿਜ਼ਰਵ ਬੈਂਕ ਵਲੋਂ ਵਾਰ-ਵਾਰ ਚੈਸਟ ਵਿਚ ਰੱਖੇ ਹੋਏ ਸਿੱਕਿਆਂ ਨੂੰ ਛੇਤੀ ਤੋਂ ਛੇਤੀ ਬਾਜ਼ਾਰ ਵਿਚ ਉਤਾਰਨ ਸਬੰਧੀ ਜ਼ੁਬਾਨੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧ ਵਿਚ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੈਂਕਾਂ ਵਿਚ ਸਿੱਕੇ ਰੱਖਣ ਦੀ ਜਗ੍ਹਾ ਤੈਅ ਨਹੀਂ ਹੈ ਅਤੇ ਬਾਜ਼ਾਰ ਵਿਚ ਤਾਂ ਹਾਲਾਤ ਹੋਰ ਵੀ ਖਰਾਬ ਹਨ, ਜੋ ਪਹਿਲਾਂ ਹੀ ਸਿੱਕਿਆਂ ਦੇ ਬੋਝ ਹੇਠਾਂ ਦੱਬ ਹੁੰਦਾ ਜਾ ਰਿਹਾ ਹੈ। ਥੋਕ ਬਾਜ਼ਾਰ ਵਿਚ ਬਿਲਿੰਗ ਵੀ ਰਾਊਂਡ ਫਿੱਗਰ 'ਚ ਕੀਤੀ ਜਾ ਰਹੀ ਹੈ। ਜੇ ਬਿੱਲ 206 ਰੁਪਏ ਦਾ ਹੁੰਦਾ ਹੈ ਤਾਂ ਜਾਂ 200 ਰੁਪਏ ਲਏ ਜਾਂਦੇ ਹਨ ਜਾਂ 210 ਰੁਪਏ ਵਸੂਲ ਲਏ ਜਾਂਦੇ ਹਨ, ਜਿਸ ਕਾਰਨ ਸਿੱਕਿਆਂ ਦੀ 'ਲੋੜ' ਘਟ ਗਈ ਹੈ। ਹਾਲਾਂਕਿ ਰਿਜ਼ਰਵ ਬੈਂਕ 5 ਅਤੇ 10 ਰੁਪਏ ਵਾਲੇ ਨੋਟਾਂ ਦੀ ਬਜਾਏ ਇਨ੍ਹਾਂ ਦੇ ਸਿੱਕਿਆਂ ਦੀ ਵਰਤੋਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਪਰ ਸੰਭਾਲਣ 'ਚ ਪ੍ਰੇਸ਼ਾਨੀ ਹੋਣ ਕਾਰਨ ਹੁਣ ਆਮ ਖਪਤਕਾਰ ਵੀ ਸਿੱਕੇ ਲੈਣ ਤੋਂ ਸੰਕੋਚ ਕਰਦੇ ਹਨ। ਸਿਰਫ ਸਿੱਕੇ ਹੀ ਨਹੀਂ, ਪੁਰਾਣੇ, ਖਰਾਬ ਤੇ ਬੇਹੱਦ ਗੰਦੇ ਹੋ ਚੁੱਕੇ 100 ਰੁਪਏ ਵਾਲੇ ਨੋਟ ਵੀ ਬੈਂਕਾਂ ਲਈ ਵੱਡੀ ਸਿਰਦਰਦੀ ਬਣ ਰਹੇ ਹਨ। ਬੈਂਕਰਾਂ ਨੂੰ ਚਿੰਤਾ ਹੈ ਕਿ ਕਈ ਸੂਬਿਆਂ 'ਚ ਜਾਰੀ ਨੋਟਾਂ ਦੀ ਘਾਟ ਇਨ੍ਹਾਂ ਦੀ ਵਜ੍ਹਾ ਕਰ ਕੇ ਹੋਰ ਵਧ ਸਕਦੀ ਹੈ।
200 ਤੇ 2000 ਰੁਪਏ ਦੇ ਨੋਟਾਂ ਵਾਂਗ ਹੀ ਏ. ਟੀ. ਐੱਮਜ਼ ਵਿਚ ਨੋਟਾਂ ਦੀ ਟ੍ਰੇਅ ਵਿਚ ਫਿੱਟ ਹੋਣ ਲਾਇਕ 100 ਰੁਪਏ ਵਾਲੇ ਨੋਟਾਂ ਦੀ ਵੀ ਘਾਟ ਪੈਦਾ ਹੋ ਚੁੱਕੀ ਹੈ ਕਿਉਂਕਿ ਮੁਹੱਈਆ 100 ਰੁਪਏ ਵਾਲੇ ਜ਼ਿਆਦਾਤਰ ਨੋਟ ਇੰਨੇ ਗੰਦੇ ਜਾਂ ਅਨਫਿੱਟ ਹਨ ਕਿ ਉਹ ਏ. ਟੀ. ਐੱਮਜ਼ ਵਿਚ ਪਾਏ ਹੀ ਨਹੀਂ ਜਾ ਸਕਦੇ। ਇਨ੍ਹਾਂ ਵਿਚੋਂ ਕੁਝ ਤਾਂ ਸੰਨ 2005 ਦੇ ਛਪੇ ਹੋਏ ਹਨ।
ਇਸ ਸਬੰਧ ਵਿਚ ਬੈਂਕਾਂ ਨੇ ਰਿਜ਼ਰਵ ਬੈਂਕ ਨੂੰ 100 ਰੁਪਏ ਦੇ ਪੁਰਾਣੇ ਤੇ ਗੰਦੇ ਨੋਟਾਂ ਦੀ ਸਮੱਸਿਆ ਵੱਲ ਧਿਆਨ ਦੇਣ ਲਈ ਕਿਹਾ ਹੈ ਤਾਂ ਕਿ ਨੋਟਾਂ ਦੀ ਘਾਟ ਦੀ ਮੌਜੂਦਾ ਸਮੱਸਿਆ ਨੂੰ ਹੋਰ ਡੂੰਘੀ ਹੋਣ ਤੋਂ ਰੋਕਿਆ ਜਾ ਸਕੇ। ਬੈਂਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਵੱਲ ਰਿਜ਼ਰਵ ਬੈਂਕ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਅਤੇ ਉਸ ਨੂੰ 100 ਰੁਪਏ ਦੇ ਨਵੇਂ ਨੋਟ ਵੀ ਜਾਰੀ ਕਰਨੇ ਚਾਹੀਦੇ ਹਨ, ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ 500 ਰੁਪਏ ਵਾਲੇ ਨੋਟਾਂ 'ਤੇ ਦਬਾਅ ਵਧ ਜਾਵੇਗਾ। ਨੋਟਬੰਦੀ ਤੋਂ ਬਾਅਦ ਰਿਜ਼ਰਵ ਬੈਂਕ ਨੇ ਵੱਡੀ ਗਿਣਤੀ 'ਚ 100 ਰੁਪਏ ਵਾਲੇ ਨੋਟ ਬਾਜ਼ਾਰ ਵਿਚ ਉਤਾਰੇ ਸਨ ਪਰ ਮੌਜੂਦਾ ਹਾਲਾਤ 'ਚ ਉਹ ਨਾਕਾਫੀ ਪ੍ਰਤੀਤ ਹੋ ਰਹੇ ਹਨ ਕਿਉਂਕਿ ਜਦੋਂ ਤਕ 500 ਰੁਪਏ ਵਾਲੇ ਨਵੇਂ ਨੋਟ ਜਾਰੀ ਨਹੀਂ ਹੋਏ ਸਨ, 2000 ਰੁਪਏ ਵਾਲੇ ਨੋਟਾਂ ਦੇ ਖੁੱਲ੍ਹੇ ਨੋਟਾਂ ਵਜੋਂ 100 ਰੁਪਏ ਵਾਲੇ ਨੋਟਾਂ ਦੀ ਹੀ ਪ੍ਰਮੁੱਖਤਾ ਨਾਲ ਵਰਤੋਂ ਹੋਈ। ਬੈਂਕਰਾਂ ਅਨੁਸਾਰ ਨੋਟਬੰਦੀ ਦੇ ਦਿਨਾਂ ਵਿਚ ਨੋਟਾਂ ਦੀ ਕਿੱਲਤ ਨਾਲ ਨਜਿੱਠਣ ਲਈ ਵੱਡੀ ਗਿਣਤੀ 'ਚ ਗੰਦੇ ਨੋਟਾਂ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਜਾਂਦੀ ਰਹੀ ਤੇ ਅਜੇ ਵੀ ਇਹ ਚਲਨ 'ਚ ਹਨ ਪਰ ਇਨ੍ਹਾਂ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਏ. ਟੀ. ਐੱਮਜ਼ ਵਿਚ ਪਾਉਣਾ ਤਾਂ ਦੂਰ, ਇਨ੍ਹਾਂ ਨੂੰ ਸੰਭਾਲਣਾ ਵੀ ਮੁਸ਼ਕਿਲ ਹੈ।
ਬੈਂਕਾਂ ਨੂੰ 1, 2, 5 ਅਤੇ 10 ਰੁਪਏ ਵਾਲੇ ਸਿੱਕਿਆਂ ਨੂੰ ਸੰਭਾਲਣ ਅਤੇ 100 ਰੁਪਏ ਵਾਲੇ ਗੰਦੇ ਨੋਟਾਂ ਦੀ ਸਮੱਸਿਆ ਤੋਂ ਇਲਾਵਾ ਦੇਸ਼ ਦੇ ਕਈ ਹਿੱਸਿਆਂ ਵਿਚ ਸਥਿਤ ਦਿਹਾਤੀ ਇਲਾਕਿਆਂ ਦੇ ਬੈਂਕਾਂ ਨੂੰ ਨਕਦੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰਬੀ ਯੂ. ਪੀ. ਦੇ ਜ਼ਿਲਿਆਂ ਵਿਚ ਤਾਂ ਸਥਿਤੀ ਜ਼ਿਆਦਾ ਹੀ ਖਰਾਬ ਹੈ, ਜਿਥੇ ਕਈ ਏ. ਟੀ. ਐੱਮਜ਼ ਖਾਲੀ ਹਨ ਜਾਂ ਉਨ੍ਹਾਂ ਦੇ ਸ਼ਟਰ ਡਾਊਨ ਹਨ। ਦੱਸਿਆ ਜਾਂਦਾ ਹੈ ਕਿ ਨਕਦੀ ਹਾਸਲ ਕਰਨ ਦੀ ਉਮੀਦ 'ਚ ਗਾਹਕ ਸਾਰਾ-ਸਾਰਾ ਦਿਨ ਬੈਂਕਾਂ 'ਚ ਬੈਠੇ ਰਹਿੰਦੇ ਹਨ।
ਲਿਹਾਜ਼ਾ ਇਨ੍ਹਾਂ ਹਾਲਾਤ 'ਚ ਹੋਰ ਸਿੱਕਿਆਂ ਨੂੰ ਬਾਜ਼ਾਰ ਵਿਚ ਉਤਾਰਨ ਦੀ ਥਾਂ ਜੇ ਬਾਜ਼ਾਰ ਵਿਚ 1, 2, 5 ਅਤੇ 10 ਰੁਪਏ ਵਾਲੇ ਨੋਟ ਉਤਾਰੇ ਜਾਣ ਅਤੇ 100 ਰੁਪਏ ਵਾਲੇ ਨਵੇਂ ਨੋਟਾਂ ਦੀ ਛਪਾਈ 'ਚ ਤੇਜ਼ੀ ਲਿਆਂਦੀ ਜਾਵੇ ਤਾਂ ਇਸ ਨਾਲ ਬੈਂਕ ਮੁਲਾਜ਼ਮਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਕਾਫੀ ਸੌਖ ਹੋ ਜਾਵੇਗੀ। ਇਸ ਨਾਲ ਜਿਥੇ ਉਹ ਸਿੱਕੇ ਸੰਭਾਲਣ ਦੇ ਝੰਜਟ ਤੋਂ ਬਚ ਸਕਣਗੇ, ਉਥੇ ਹੀ ਏ. ਟੀ. ਐੱਮਜ਼ ਵਿਚ 100 ਰੁਪਏ ਵਾਲੇ ਨੋਟਾਂ ਦੀ ਵੀ ਘਾਟ ਨਹੀਂ ਹੋਵੇਗੀ।  

- ਵਿਜੇ ਕੁਮਾਰ


Vijay Kumar Chopra

Chief Editor

Related News