ਹਰਿਆਣਾ ''ਚ ਦਲਿਤਾਂ ਅਤੇ ਔਰਤਾਂ ''ਤੇ ਅੱਤਿਆਚਾਰ ਤੇ ਬਲਾਤਕਾਰ ਵਧੇ

07/22/2016 7:58:28 AM

ਦੇਸ਼ ''ਚ ਕਾਨੂੰਨ ਵਿਵਸਥਾ ਦੀ ਸਥਿਤੀ ਤਰਸਯੋਗ ਰੂਪ ਅਖਤਿਆਰ ਕਰ ਚੁੱਕੀ ਹੈ ਅਤੇ ਪ੍ਰਸ਼ਾਸਨ ਇਸ ਨੂੰ ਸੁਧਾਰਨ ''ਚ ਅਸਫਲ ਸਿੱਧ ਹੋ ਰਿਹਾ ਹੈ। ਹਰਿਆਣਾ ਵੀ ਇਸ ਦਾ ਅਪਵਾਦ ਨਹੀਂ ਹੈ ਜਿਥੇ ਔਰਤਾਂ ਤੇ ਦਲਿਤਾਂ ਦੇ ਵਿਰੁੱਧ ਅੱਤਿਆਚਾਰ, ਅਗਵਾ, ਆਮ ਲੁੱਟ-ਖੋਹ, ਚੋਰੀ-ਡਕੈਤੀ, ਬਲਾਤਕਾਰ ਤੇ ਹੱਤਿਆਵਾਂ ਆਦਿ ਲਗਾਤਾਰ ਜਾਰੀ ਹਨ।
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟੜ ਨੇ 30 ਮਾਰਚ ਨੂੰ ਰਾਜ ਵਿਧਾਨ ਸਭਾ ''ਚ ਦੱਸਿਆ ਸੀ ਕਿ ''''ਅਕਤੂਬਰ 2014 ਤੋਂ ਫਰਵਰੀ 2016 ਤਕ 17 ਮਹੀਨਿਆਂ ''ਚ ਸੂਬੇ ''ਚ 1-1 ਦਿਨ ਦੇ ਫਰਕ ਨਾਲ 260 ਡਾਕੇ ਪਏ।''''
ਇਹੋ ਨਹੀਂ, ਇਕ ਹੋਰ ਖਬਰ ਅਨੁਸਾਰ ਸੂਬੇ ''ਚ ਦਲਿਤਾਂ ''ਤੇ ਅੱਤਿਆਚਾਰ ਲਗਾਤਾਰ ਵਧ ਰਹੇ ਹਨ। ਸੰਨ 2009 ''ਚ ਇਸ ਦੀਆਂ 33594 ਸ਼ਿਕਾਇਤਾਂ ਮਿਲੀਆਂ ਸਨ ਜੋ 2014 ''ਚ ਵਧ ਕੇ 47064 ਹੋ ਗਈਆਂ। 2009 ''ਚ ਦਲਿਤ ਔਰਤਾਂ ਵਿਰੁੱਧ ਅੱਤਿਆਚਾਰਾਂ ਦੀਆਂ 1346 ਸ਼ਿਕਾਇਤਾਂ ਮਿਲੀਆਂ ਸਨ ਜੋ 2014 ''ਚ ਵਧ ਕੇ 2233 ਹੋ ਗਈਆਂ।
ਇਸ ਸਮੇਂ ਤਿੰਨ ਸਾਲ ਪਹਿਲਾਂ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਰੋਹਤਕ ਦੀ ਇਕ ਦਲਿਤ ਵਿਦਿਆਰਥਣ ਨਾਲ ਮੁੜ ਸਮੂਹਿਕ ਬਲਾਤਕਾਰ ਹੋਣ ਨੂੰ ਲੈ ਕੇ ਸੂਬੇ ''ਚ ਤਰਥੱਲੀ ਮਚੀ ਹੋਈ ਹੈ। ਆਲ ਇੰਡੀਆ ਲੋਕਤੰਤਰਿਕ ਮਹਿਲਾ ਸੰਘ ਹਰਿਆਣਾ ਇਕਾਈ ਦੀ ਸੰਯੁਕਤ ਸਕੱਤਰ ਸਵਿਤਾ ਬੇਰਵਾਲ ਅਨੁਸਾਰ ਸੂਬੇ ''ਚ ਬਲਾਤਕਾਰ ਦੀਆਂ ਹਰ ਮਹੀਨੇ 86 ਤੇ ਰੋਜ਼ਾਨਾ ਤਿੰਨ ਦੇ ਆਸਪਾਸ ਸ਼ਿਕਾਇਤਾਂ ਦਰਜ ਕਰਵਾਈਆਂ ਜਾਂਦੀਆਂ ਹਨ। ਸੂਬੇ ''ਚ ਇਸ ਸਾਲ ਪਹਿਲੇ 6 ਮਹੀਨਿਆਂ ''ਚ ਬਲਾਤਕਾਰ ਦੇ 520 ਤੇ ਅਗਵਾ ਦੇ 801 ਕੇਸ ਦਰਜ ਕੀਤੇ ਗਏ :
* 25 ਜੂਨ ਨੂੰ ਹੋਡਲ ''ਚ ਬਲਾਤਕਾਰ ਤੋਂ ਬਾਅਦ ਇਕ ਔਰਤ ਦੀ ਹੱਤਿਆ।
* 01 ਜੁਲਾਈ ਨੂੰ ਕੁਰੂਕਸ਼ੇਤਰ ''ਚ ਦਿਨ-ਦਿਹਾੜੇ ਇਕ ਆਦਮੀ ਨੇ ਸੈਕਟਰ 3 ਦੀ ਕੋਠੀ ''ਚ ਵੜ ਕੇ ਇਕ ਵਿਦਿਆਰਥਣ ਦੀ ਹੱਤਿਆ ਕਰ ਦਿੱਤੀ।
* 01 ਜੁਲਾਈ ਨੂੰ ਹੀ ਰੋਹਤਕ ਦੇ ਜੀਂਦ ਬਾਈਪਾਸ ਇਲਾਕੇ ''ਚ ਝੁੱਗੀਆਂ ਵਿਚ ਰਹਿਣ ਵਾਲੇ ਇਕ 11 ਸਾਲਾ ਬੱਚੇ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ।
* 01 ਜੁਲਾਈ ਨੂੰ ਹੀ ਰੋਹਤਕ ਦੀ ਮੇਹਮ ਨਗਰ ਪਾਲਿਕਾ ਦੇ ਸਾਬਕਾ ਪ੍ਰਧਾਨ ਓਮ ਕਾਲਾ ਦੀ ਕੁੱਟ-ਕੁੱਟ ਕੇ ਹੱਤਿਆ।
* 04 ਜੁਲਾਈ ਨੂੰ ਜੀਵਨ ਨਗਰ ਰਾਣੀਆਂ ''ਚ ਅਣਪਛਾਤੇ ਵਿਅਕਤੀਆਂ ਵੱਲੋਂ ਦਿਆਲ ਸਿੰਘ ਨਾਮੀ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ।
* 10 ਜੁਲਾਈ ਨੂੰ ਗੋਹਾਨਾ ਦੇ ਪਿੰਡ ਬੜੌਦਾ ''ਚ ਪੁਜਾਰੀ ਦੀ ਹੱਤਿਆ ਕਰ ਕੇ ਚੋਰ ਉਸ ਦਾ ਸਾਮਾਨ ਚੁੱਕ ਕੇ ਲੈ ਗਏ।
* 11 ਜੁਲਾਈ ਨੂੰ ਸਿਰਸਾ ਦੇ ਕਰੀਵਾਲਾ ਪਿੰਡ ''ਚ 4 ਨੌਜਵਾਨ ਇਕ ਘਰ ''ਚ ਸੌਂ ਰਹੀਆਂ ਦੋ ਭੈਣਾਂ ਨੂੰ ਚੁੱਕ ਕੇ ਲੈ ਗਏ ਤੇ ਉਨ੍ਹਾਂ ਨਾਲ ਗੈਂਗਰੇਪ ਕੀਤਾ।
* 11 ਜੁਲਾਈ ਨੂੰ ਹੀ ਸੋਨੀਪਤ ਦੇ ਪਿੰਡ ਕਿਲੋਹੜਦ ''ਚ ਇਕ ਲੜਕੀ ਦੀ ਹੱਤਿਆ ਦੇ ਦੋਸ਼ ''ਚ ਉਸ ਦੇ ਮਾਂ-ਪਿਓ ਤੇ ਹੋਰਨਾਂ ਰਿਸ਼ਤੇਦਾਰਾਂ ਵਿਰੁੱਧ ਕੇਸ ਦਰਜ ਹੋਇਆ।
* 11 ਜੁਲਾਈ ਨੂੰ ਹੀ ਕਲਾਨੌਰ ''ਚ ਸਕੂਲ ਤੋਂ ਪਰਤ ਰਹੀ ਪੰਜ ਸਾਲ ਦੀ ਬੱਚੀ ਨੂੰ ਅਣਪਛਾਤਾ ਦੋਸ਼ੀ ਬਲਾਤਕਾਰ ਤੋਂ ਬਾਅਦ ਮਰੀ ਹੋਈ ਸਮਝ ਕੇ ਸੁੱਟ ਕੇ ਫਰਾਰ ਹੋ ਗਿਆ।
* 12 ਜੁਲਾਈ ਨੂੰ ਕਰਨਾਲ ਦੇ ਕੋਹੰਡ ਪਿੰਡ ''ਚ 4 ਨੌਜਵਾਨਾਂ ਨੇ ਇਕ ਨੌਜਵਾਨ ਦੀ ਲਾਠੀਆਂ ਮਾਰ-ਮਾਰ ਕੇ ਹੱਤਿਆ ਕਰ ਦਿੱਤੀ।
* 13 ਜੁਲਾਈ ਨੂੰ ਏਲਨਾਬਾਦ ''ਚ ਲਿਫਟ ਦੇਣ ਦੇ ਬਹਾਨੇ ਨਾਬਾਲਿਗਾ ਨਾਲ ਬਲਾਤਕਾਰ।
* 14 ਜੁਲਾਈ ਨੂੰ ਫਰੀਦਾਬਾਦ ''ਚ ਬਲਾਤਕਾਰ ਤੋਂ ਬਾਅਦ 6 ਸਾਲਾ ਮਾਸੂਮ ਦੀ ਹੱਤਿਆ।
* 17 ਜੁਲਾਈ ਨੂੰ ਗੁੜਗਾਓਂ ''ਚ ਦੋ ਮਾਸੂਮਾਂ ਨਾਲ ਬਲਾਤਕਾਰ ਕੀਤਾ ਗਿਆ।
* 19 ਜੁਲਾਈ ਨੂੰ ਸਿਰਸਾ ਦੇ ਬੇਗੂ ਰੋਡ ''ਤੇ ਇਕ ਮਕਾਨ ''ਚ ਵੜ ਕੇ ਅਣਪਛਾਤੇ ਵਿਅਕਤੀਆਂ ਨੇ ਇਕ ਔਰਤ ਦੀ ਬੂਟ ਦੇ ਤਸਮੇ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
* 19 ਜੁਲਾਈ ਨੂੰ ਹੀ ਏਲਨਾਬਾਦ ''ਚ ਸਥਿਤ ਓ. ਬੀ. ਸੀ. ਬੈਂਕ ਦੀ ਬ੍ਰਾਂਚ ''ਚੋਂ ਬੈਂਕ ਮੈਨੇਜਰ ਦੇ ਕਮਰੇ ''ਚ ਰੱਖੇ 28 ਲੱਖ ਰੁਪਇਆਂ ਨਾਲ ਭਰਿਆ ਬੈਗ ਚੋਰੀ ਕਰ ਲਿਆ ਗਿਆ।
* 20 ਜੁਲਾਈ ਨੂੰ ਹਿਸਾਰ, ਪਿੱਲੂਖੇੜਾ, ਅਗਰੋਹਾ, ਪਲਵਲ, ਹੋਡਲ, ਬਾੜਰਾ, ਭਵਾਨੀਖੇੜਾ ਆਦਿ ਥਾਵਾਂ ''ਤੇ ਚੋਰੀ ਦੀਆਂ ਵਾਰਦਾਤਾਂ ''ਚ ਲੱਖਾਂ ਦਾ ਸਾਮਾਨ ਚੋਰੀ ਅਤੇ ਨਾਜਾਇਜ਼ ਹਥਿਆਰਾਂ, ਨਸ਼ੀਲੇ ਪਦਾਰਥਾਂ ਆਦਿ  ਸਮੇਤ ਕਈ ਲੋਕ ਫੜੇ ਗਏ।
ਸੂਬੇ ਦੇ ਕਈ ਸ਼ਹਿਰਾਂ ''ਚ ਚਲ ਰਹੇ ਚੰਦ ਹੋਟਲ ਵੀ ਨਾਜਾਇਜ਼ ਸਰਗਰਮੀਆਂ ਚਲਾਉਣ ਦਾ ਅੱਡਾ ਬਣ ਚੁੱਕੇ ਹਨ ਜਿਥੇ ਇਨ੍ਹਾਂ ਲਈ ਘੰਟਿਆਂ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਹਨ। ਕਈ ਸ਼ਹਿਰਾਂ ''ਚ ਅਰਸੇ ਤੋਂ ਹੋਟਲਾਂ ਆਦਿ ਦੀ ਚੈਕਿੰਗ ਵੀ ਨਹੀਂ ਹੋਈ ਹੈ।
ਇਸ ਲਈ ਕਾਨੂੰਨ ਵਿਵਸਥਾ ਦੀ ਵਿਗੜੀ ਸਥਿਤੀ ਨੂੰ ਦਰੁਸਤ ਕਰਨ ਲਈ ਇਸ ਨੂੰ ਲਾਗੂ ਕਰਨ ਵਾਲੀ ਮਸ਼ੀਨਰੀ ਨੂੰ ਚਾਕ-ਚੌਬੰਦ,  ਸੁਰੱਖਿਆ ਬਲਾਂ ਨੂੰ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਕਰਨਾ ਪਵੇਗਾ ਅਤੇ ਹਰੇਕ ਖੇਤਰ ''ਚ ਹੋਣ ਵਾਲੇ ਅਪਰਾਧਾਂ ਲਈ ਉਸ ਖੇਤਰ ''ਚ ਕਾਨੂੰਨ ਵਿਵਸਥਾ ਦੀ ਰਾਖੀ ਲਈ ਤਾਇਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਜਵਾਬਦੇਹੀ ਤੈਅ ਕਰਨੀ ਪਵੇਗੀ।      

—ਵਿਜੇ ਕੁਮਾਰ


Vijay Kumar Chopra

Chief Editor

Related News