ਆਪਣੀਆਂ ਹੀ ਸਰਕਾਰਾਂ ਨਾਲ ਨਾਰਾਜ਼ ਵਿਧਾਇਕਾਂ ਅਤੇ ਨੇਤਾਵਾਂ ਦਾ ਸਿਆਸੀ ਘਮਾਸਾਨ

02/21/2020 1:16:34 AM

ਹਾਲਾਂਕਿ ਕਿਸੇ ਵੀ ਸਰਕਾਰ ਦੇ ਸੁਚਾਰੂ ਢੰਗ ਨਾਲ ਸੰਚਾਲਨ ਦੇ ਲਈ ਸੱਤਾਧਾਰੀ ਪਾਰਟੀ ਦੇ ਮੈਂਬਰਾਂ ’ਚ ਤਾਲਮੇਲ ਹੋਣਾ ਜ਼ਰੂਰੀ ਹੈ ਪਰ ਅਜਿਹਾ ਨਾ ਹੋਣ ਨਾਲ ਜਨਤਾ ਦੇ ਹਿੱਤ ਵੀ ਪ੍ਰਭਾਵਿਤ ਹੁੰਦੇ ਹਨ ਜਿਸ ਕਾਰਣ ਇਨ੍ਹੀਂ ਦਿਨੀਂ ਪੰਜਾਬ, ਮੱਧ ਪ੍ਰਦੇਸ਼ ਅਤੇ ਕਰਨਾਟਕ ਦੀਆਂ ਸੂਬਾ ਸਰਕਾਰਾਂ ਦੀ ਨੁਕਸਦਾਰ ਕਾਰਗੁਜ਼ਾਰੀ ਦੇ ਵਿਰੁੱਧ ਉਨ੍ਹਾਂ ਦੀ ਹੀ ਪਾਰਟੀ ਦੇ ਸੀਨੀਅਰ ਮੈਂਬਰਾਂ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ। ਪੰਜਾਬ ’ਚ ਕਾਂਗਰਸ ਦੀ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਕਾਰਗੁਜ਼ਾਰੀ ਵਿਰੁੱਧ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਹਰਦਿਆਲ ਕੰਬੋਜ, ਮਦਨ ਲਾਲ ਜਲਾਲਪੁਰ, ਸੁਰਜੀਤ ਧੀਮਾਨ ਸਮੇਤ ਲਗਭਗ ਅੱਧੀ ਦਰਜਨ ਵਿਧਾਇਕ ਅਤੇ ਹੋਰ ਸੀਨੀਅਰ ਮੈਂਬਰ ਲੰਮੇਂ ਸਮੇਂ ਤੋਂ ਉਂਗਲੀ ਉਠਾਉਂਦੇ ਆ ਰਹੇ ਹਨ। ਕੁਝ ਸਮਾਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮਿਲਣ ਦਾ ਸਮਾਂ ਮੰਗਿਆ ਜੋ ਤਿੰਨ ਦਿਨ ਕੋਸ਼ਿਸ਼ ਕਰਨ ’ਤੇ ਵੀ ਉਨ੍ਹਾਂ ਨੂੰ ਨਹੀਂ ਮਿਲਿਆ ਅਤੇ ਹੁਣ ਵਿਧਾਇਕ ਪ੍ਰਗਟ ਸਿੰਘ ਨੇ ਸੂਬਾ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ। ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ ਵਿਚ ਪ੍ਰਗਟ ਸਿੰਘ ਨੇ ਸੂਬਾ ਸਰਕਾਰ ਵਲੋਂ ਭ੍ਰਿਸ਼ਟਾਚਾਰ, ਸ਼ਰਾਬ ਤੇ ਟਰਾਂਸਪੋਰਟ ਮਾਫੀਆ ਅਤੇ ਨਸ਼ਿਆਂ ਦੀ ਬੁਰਾਈ ’ਤੇ ਰੋਕ ਲਗਾਉਣ ’ਚ ਅਸਫਲ ਰਹਿਣ ’ਤੇ ਭ੍ਰਿਸ਼ਟਾਚਾਰੀਆਂ ਵਿਰੁੱਧ ਕਾਰਵਾਈ ਤੋਂ ਹੱਥ ਪਿੱਛੇ ਖਿੱਚਣ, ਬਾਦਲਾਂ ਵਿਰੁੱਧ ਕਾਰਵਾਈ ਨਾ ਕਰਨ ਆਦਿ ’ਤੇ ਚਿੰਤਾ ਪ੍ਰਗਟ ਕੀਤੀ ਹੈ। ਅਤੇ ਹੁਣ ਆਮ ਲੋਕਾਂ ’ਚ ਕਾਂਗਰਸ ਪ੍ਰਤੀ ਬਦਲ ਰਹੀ ਧਾਰਨਾ ਸੁਧਾਰਨ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ 19 ਫਰਵਰੀ ਨੂੰ ਪ੍ਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਨਾ ਸਿਰਫ ਉਨ੍ਹਾਂ ਨੂੰ ਸਰਕਾਰ ਦੀ 3 ਸਾਲਾਂ ਦੀ ਕਾਰਗੁਜ਼ਾਰੀ ਦੀਆਂ ਖਾਮੀਆਂ ਗਿਣਵਾਈਆਂ ਸਗੋਂ ਇਹ ਵੀ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਜਨਤਾ ਨਾਲ ਕੀਤੇ ਸਾਰੇ ਵਾਅਦੇ ਹਰ ਹਾਲ ’ਚ ਪੂਰੇ ਕਰਨ ਲਈ ਤੇਜ਼ੀ ਨਾਲ ਕੰਮ ਸ਼ੁਰੂ ਕਰੇ। ਇਸੇ ਤਰ੍ਹਾਂ ਮੱਧ ਪ੍ਰਦੇਸ਼ ’ਚ ਕਾਂਗਰਸ ਦਾ ਬਨਵਾਸ ਖਤਮ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਪਾਰਟੀ ਦੇ ਜਨਰਲ ਸਕੱਤਰ ਜਿਓਤ੍ਰਿਾਦਿੱਤਿਆ ਸਿੰਧੀਆ ਦਾ ਮੁੱਖ ਮੰਤਰੀ ਕਮਲਨਾਥ ਨਾਲ ਵਿਵਾਦ ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਉਹ ਵਾਰ-ਵਾਰ ਕਹਿ ਰਹੇ ਹਨ ਕਿ : ‘‘ਕਮਲਨਾਥ ਸਰਕਾਰ ਵਲੋਂ ਪਾਰਟੀ ਦੇ ਵਚਨ-ਪੱਤਰ ’ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ’ਤੇ ਉਨ੍ਹਾਂ ਨੂੰ ਪੂਰਾ ਕਰਵਾਉਣ ਲਈ ਮੈਨੂੰ ਸੜਕ ’ਤੇ ਉੱਤਰਨਾ ਹੀ ਪਏਗਾ ਕਿਉਂਕਿ ਇਕ ਲੋਕ ਸੇਵਕ ਹੋਣ ਦੇ ਨਾਤੇ ਜਨਤਾ ਦੇ ਮੁੱਦਿਅ ਾਂ ਲਈ ਲੜਨਾ ਮੇਰਾ ਧਰਮ ਹੈ।’’ ਸੇਵਾਵਾਂ ਰੈਗੂਲਰ ਕਰਨ ਲਈ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਗੈਸਟ ਟੀਚਰਜ਼ ਦੇ ਪ੍ਰੋਗਰਾਮ ’ਚ ਸਿੰਧੀਆ ਨੇ ਕਿਹਾ, ‘‘ਜੇਕਰ ਵਚਨ-ਪੱਤਰ ’ਚ ਕੀਤਾ ਗਿਆ ਵਾਅਦਾ ਪੂਰਾ ਨਾ ਹੋਇਆ ਤਾਂ ਤੁਹਾਡੇ ਨਾਲ ਸੜਕਾਂ ’ਤੇ ਅਸੀਂ ਉੱਤਰਾਂਗੇ। ਚਿੰਤਾ ਨਾ ਕਰੋ। ਤੁਹਾਡੀ ਢਾਲ ਮੈਂ ਬਣਾਂਗਾ ਅਤੇ ਤਲਵਾਰ ਵੀ।’’ ਸਿੰਧੀਆ ਦੇ ਭਾਸ਼ਣ ਨਾਲ ਅੰਦੋਲਨਕਾਰੀ ਅਧਿਆਪਕਾਂ ਦੇ ਹੌਸਲੇ ਬੁਲੰਦ ਹੋ ਗਏ ਹਨ। ਉੱਧਰ ਕਮਲਨਾਥ ਨੇ ਸੜਕ ’ਤੇ ਉੱਤਰਨ ਦੀ ਉਨ੍ਹਾਂ ਦੀ ਧਮਕੀ ਦੇ ਜਵਾਬ ’ਚ ਕਿਹਾ ਹੈ, ‘‘(ਉੱਤਰਨਾ ਹੈ) ਤਾਂ ਉੱਤਰ ਜਾਣ।’’ ਜਿੱਥੇ ਕਮਲਨਾਥ ਨੇ ਜਿਓਤ੍ਰਿਾਦਿੱਤਿਆ ਸਿੰਧੀਆ ਵੱਲੋਂ ਸੂਬਾ ਸਰਕਾਰ ’ਤੇ ਕੀਤੇ ਗਏ ਹਮਲੇ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤਾਂ ਦੂਜੇ ਪਾਸੇ ਸਿਆਸੀ ਗਲਿਆਰਿਆਂ ’ਚ ਇਸ ਤਰ੍ਹਾਂ ਦੀਆਂ ਕਿਆਸਰਾਈਆਂ ਵੀ ਲਾਈਆਂ ਜਾਣ ਲੱਗੀਆਂ ਹਨ ਕਿ ਕੀ ਜਿਓਤ੍ਰਿਾਦਿੱਤਿਆ ਸਿੰਧੀਆ ਵੀ ਆਪਣੇ ਪਿਤਾ ਵਾਂਗ ਨਵੀਂ ਪਾਰਟੀ ਬਣਾਉਣਗੇ। ਸੂਬੇ ’ਚ ਇਕ ਮਹਿਲਾ ਨੇਤਾ ਨੇ ਪੋਸਟਰ ਜਾਰੀ ਕਰ ਕੇ ਲਿਖਿਆ ਹੈ,‘‘ਮੈਂ ਮਹਾਰਾਜ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਵੱਡੇ ਮਹਾਰਾਜ ਮਾਧਵ ਰਾਵ ਸਿੰਧੀਆ ਦੀ ਪਾਰਟੀ (ਮੱਧ ਪ੍ਰਦੇਸ਼ ਕਿਸਾਨ ਕਾਂਗਰਸ) ਨੂੰ ਮੁੜ ਜੀਵਿਤ ਕਰਨ।’’ ਪੰਜਾਬ ਅਤੇ ਮੱਧ ਪ੍ਰਦੇਸ਼ ਦੀਆਂ ਕਾਂਗਰਸ ਸਰਕਾਰਾਂ ਵਾਂਗ ਕਰਨਾਟਕ ਦੀ ਭਾਜਪਾ ਸਰਕਾਰ ਵੀ ਆਪਣੇ ਅੰਦਰ ਮਚੇ ਘਮਾਸਾਨ ਤੋਂ ਅਛੂਤੀ ਨਹੀਂ ਹੈ। ਬੀਤੀ 6 ਫਰਵਰੀ ਦੇ ਮੰਤਰੀ ਮੰਡਲ ਵਿਸਤਾਰ ’ਚ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਕਾਂਗਰਸ ’ਚੋਂ ਆਏ ਬਾਗੀਆਂ ਨੂੰ ਤਾਂ ਮੰਤਰੀ ਬਣਾ ਦਿੱਤਾ ਪਰ ਮੰਤਰੀ ਬਣਨ ਦੀ ਆਸ ਲਗਾਈ ਬੈਠੇ ਭਾਜਪਾ ਦੇ ਅਨੇਕ ਸੀਨੀਅਰ ਵਿਧਾਇਕਾਂ ਨੂੰ ਛੱਡ ਦਿੱਤਾ ਜਿਸ ’ਤੇ ਪਾਰਟੀ ਦੇ ਲਗਭਗ 2 ਦਰਜਨ ਨਾਰਾਜ਼ ਭਾਜਪਾ ਵਿਧਾਇਕਾਂ ਨੇ ਯੇਦੀਯੁਰੱਪਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਨ੍ਹਾਂ ਨਾਰਾਜ਼ ਵਿਧਾਇਕਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਸਾਲਾਂ ਦੀ ਸੇਵਾ ਦੀ ਅਣਦੇਖੀ ਕਰ ਕੇ ਕਾਂਗਰਸ ਦੇ ਬਾਗੀਆਂ ਨੂੰ ਮੰਤਰੀ ਅਹੁਦਿਆਂ ਨਾਲ ਨਿਵਾਜਿਆ ਗਿਆ ਹੈ। ਨਾਰਾਜ਼ ਭਾਜਪਾ ਵਿਧਾਇਕਾਂ ਦਾ ਇਹ ਵੀ ਦੋਸ਼ ਹੈ ਕਿ ਯੇਦੀਯੁਰੱਪਾ ਦੇ ਬੇਟੇ ਬੀ. ਵਾਈ. ਵਿਜੇਇੰਦਰ ਸੂਬੇ ’ਚ ‘ਸੁਪਰ ਚੀਫ ਮਿਨਿਸਟਰ’ ਵਾਂਗ ਕੰਮ ਕਰ ਰਹੇ ਹਨ। ਸੂਬੇ ਵਿਚ ਯੇਦੀਯੁਰੱਪਾ ਦੀ ਵਧਦੀ ਉਮਰ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ ਅਤੇ ਵਿਰੋੋਧੀਆਂ ਦਾ ਕਹਿਣਾ ਹੈ ਕਿ ਯੇਦੀਯੁਰੱਪਾ 77 ਸਾਲ ਦੇ ਹੋ ਗਏ ਹਨ ਜਦਕਿ ਭਾਜਪਾ ਦੀ ਪ੍ਰੰਪਰਾ ਅਨੁਸਾਰ 75 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਕੋਈ ਅਹੁਦਾ ਨਹੀਂ ਦਿੱਤਾ ਜਾ ਸਕਦਾ। ਇਸ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਨਹੀਂ ਰਹਿਣਾ ਚਾਹੀਦਾ। ਤਿੰਨਾਂ ਹੀ ਸੂਬਿਆਂ ’ਚ ਸੱਤਾਧਾਰੀ ਪਾਰਟੀਆਂ ਦੇ ਮੈਂਬਰਾਂ ਵੱਲੋਂ ਚੁੱਕੇ ਜਾ ਰਹੇ ਮੁੱਦੇ ਸਿੱਧੇ ਤੌਰ ’ਤੇ ਕਾਂਗਰਸ ਅਤੇ ਭਾਜਪਾ ਦੀਆਂ ਸਰਕਾਰਾਂ ਦੇ ਅਕਸ ਅਤੇ ਜਨਤਾ ਦੇ ਹਿੱਤ ਨਾਲ ਜੁੜੇ ਹੋਏ ਹਨ। ਇਸ ਲਈ ਸੱਤਾਧਾਰੀਆਂ ਨੂੰ ਇਨ੍ਹਾਂ ਦੀ ਅਣਦੇਖੀ ਕਰਨ ਜਾਂ ਇਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਮਿਲ ਬੈਠ ਕੇ ਇਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ, ਤਾਂ ਹੀ ਸਹੀ ਅਰਥਾਂ ’ਚ ਲੋਕ ਹਿੱਤਕਾਰੀ ਸਰਕਾਰਾਂ ਕਹੀਆਂ ਜਾ ਸਕਣਗੀਆਂ।

-ਵਿਜੇ ਕੁਮਾਰ


Bharat Thapa

Content Editor

Related News