‘ਹਸਪਤਾਲਾਂ ’ਚ ਆਕਸੀਜਨ ਦੀ ਕਮੀ’ ਅਤੇ ‘ਅੱਗ ਲੱਗਣ ਨਾਲ ਦੁਖਦਾਈ ਮੌਤਾਂ’

04/22/2021 3:00:26 AM

ਜਿਸ ਤਰ੍ਹਾਂ ਦੇਸ਼ ’ਚ ਕੋਰੋਨਾ ਮਹਾਮਾਰੀ ਦਾ ਕਹਿਰ ਵਧ ਰਿਹਾ ਹੈ, ਉਸ ਨੂੰ ਦੇਖਦੇ ਹੋਏ ਲੱਗਦਾ ਹੈ ਜਿਵੇਂ ਇਸ ਨੇ ‘ਸਾੜ੍ਹਸਤੀ’ ਦਾ ਰੂਪ ਧਾਰਨ ਕਰ ਲਿਆ ਹੋਵੇ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ’ਚ ਭਾਰਤ ਇਕ ਵਾਰ ਫਿਰ ਸਿਖਰ ’ਤੇ ਪਹੁੰਚ ਗਿਆ ਹੈ।

ਭਾਰਤ ’ਚ 20 ਅਪ੍ਰੈਲ ਨੂੰ 2020 ਕੋਰੋਨਾ ਇਨਫੈਕਟਿਡਾਂ ਅਤੇ 21 ਅਪ੍ਰੈਲ ਨੂੰ 2023 ਵਿਅਕਤੀਆਂ ਦੀ ਮੌਤ ਦਰਜ ਕੀਤੀ ਗਈ, ਜਦਕਿ ਬ੍ਰਾਜ਼ੀਲ ’ਚ ਅਜੇ ਰੋਜ਼ਾਨਾ 1500 ਕੋਰੋਨਾ ਪੀੜਤਾਂ ਦੀ ਜਾਨ ਜਾ ਰਹੀ ਹੈ ਅਤੇ ਅਮਰੀਕਾ ’ਚ ਇਹ ਅੰਕੜਾ 400 ਤੋਂ 600 ਦੇ ਦਰਮਿਆਨ ਹੈ।

ਪਿਛਲੇ ਕੁਝ ਸਮੇਂ ਦੇ ਦੌਰਾਨ ਦੇਸ਼ ’ਚ ਵੱਖ-ਵੱਖ ਹਸਪਤਾਲਾਂ ਦੇ ਕੋਰੋਨਾ ਵਾਰਡਾਂ ’ਚ ਹੋਏ ਅਗਨੀਕਾਂਡਾਂ ’ਚ ਮੌਤਾਂ ਦੇ ਇਲਾਵਾ ਕੋਰੋਨਾ ਦੀ ਦੂਸਰੀ ਲਹਿਰ ’ਚ ਇਕਦਮ ਤੇਜ਼ੀ ਆਉਣ ਨਾਲ ਹੁਣ ਲਗਭਗ ਸਮੁੱਚੇ ਦੇਸ਼ ਦੇ ਹੀ ਹਸਪਤਾਲਾਂ ’ਚ ਬੈੱਡਾਂ ਅਤੇ ਕੋਰੋਨਾ ਵੈਕਸੀਨ ਦੇ ਨਾਲ-ਨਾਲ ਇਲਾਜ ਦੇ ਲਈ ਬੇਹੱਦ ਜ਼ਰੂਰੀ ਆਕਸੀਜਨ ਦੀ ਵੀ ਭਾਰੀ ਕਮੀ ਹੋ ਜਾਣ ਨਾਲ ਚਿੰਤਾਜਨਕ ਸਥਿਤੀ ਪੈਦਾ ਹੋ ਗਈ ਹੈ।

ਹਾਲਤ ਇਹ ਹੈ ਕਿ ਵੱਖ-ਵੱਖ ਸੂਬਾ ਸਰਕਾਰਾਂ ਮਦਦ ਦੇ ਲਈ ਕੇਂਦਰ ਸਰਕਾਰ ਨੂੰ ਲਗਾਤਾਰ ਬੇਨਤੀ ਕਰ ਰਹੀਆਂ ਹਨ। ਆਕਸੀਜਨ ਦੀ ਕਮੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਅਾਂ ’ਚ ਦਿੱਲੀ, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ, ਕੇਰਲ, ਤਾਮਿਲਨਾਡੂ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹਨ। ਸਰਕਾਰੀ ਤੋਂ ਲੈ ਕੇ ਨਿੱਜੀ ਹਸਪਤਾਲਾਂ ਤੱਕ ’ਚ ਇਲਾਜ ਅਧੀਨ ਮਰੀਜ਼ ਮਰ ਰਹੇ ਹਨ, ਜਿਸ ਦਾ ਅੰਦਾਜ਼ਾ ਹੇਠਲੀਆਂ ਘਟਨਾਵਾਂ ਤੋਂ ਲਗਾਇਆ ਜਾ ਸਕਦਾ ਹੈ :

* 11 ਅਪ੍ਰੈਲ ਨੂੰ ਬੈਂਗਲੁਰੂ ’ਚ ਇਕ ਐਂਬੂਲੈਂਸ ’ਚ ਆਕਸੀਜਨ ਦੀ ਸਪਲਾਈ ਨਾ ਹੋਣ ਦੇ ਕਾਰਨ ਦੋ ਮਰੀਜ਼ਾਂ ਦੀ ਮੌਤ ਹੋ ਗਈ।

* 18-19 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਮੱਧ ਪ੍ਰਦੇਸ਼ ’ਚ ਸ਼ਹਿਡੋਲ ਸਥਿਤ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਆਈ. ਸੀ. ਯੂ. ’ਚ ਇਲਾਜ ਅਧੀਨ 6 ਮਰੀਜ਼ਾਂ ਦੀ ਮੌਤ ਆਕਸੀਜਨ ਦੇ ਘੱਟ ਦਬਾਅ ਦੇ ਕਾਰਨ ਹੋ ਗਈ।

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਦੋਸ਼ ਲਗਾਇਆ ਹੈ ਕਿ ਸੂਬੇ ’ਚ ਬੀਤੇ 13 ਦਿਨਾਂ ’ਚ 56 ਵਿਅਕਤੀਆਂ ਦੀ ਮੌਤ ਆਕਸੀਜਨ ਦੀ ਕਮੀ ਨਾਲ ਹੋਈ ਹੈ।

* 20 ਅਪ੍ਰੈਲ ਨੂੰ ਮੇਰਠ ਦੇ ਨਿੱਜੀ ਹਸਪਤਾਲ ’ਚ ਆਕਸੀਜਨ ਸਮਾਪਤ ਹੋਣ ਦੇ ਕਾਰਨ ਕਈ ਦਰਜਨ ਮਰੀਜ਼ਾਂ ਦੀ ਹਾਲਤ ਖਰਾਬ ਹੋਣ ’ਤੇ ਉਨ੍ਹਾਂ ਨੂੰ ਹੰਗਾਮੀ ਹਾਲਤ ’ਚ ਦੂਸਰੇ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ।

* 20 ਅਪ੍ਰੈਲ ਨੂੰ ਹੀ ਉੱਤਰ ਪ੍ਰਦੇਸ਼ ’ਚ ਕਨੌਜ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਆਕਸੀਜਨ ਦੀ ਕਮੀ ਨਾਲ 4 ਕੋਰੋਨਾ ਪੀੜਤਾਂ ਦੀ ਮੌਤ ਹੋ ਗਈ।

* 20 ਅਪ੍ਰੈਲ ਵਾਲੇ ਦਿਨ ਹੀ ਜਲੰਧਰ ਦੇ ਇਕ ਨਿੱਜੀ ਹਸਪਤਾਲ ’ਚ ਵੀ ਆਕਸੀਜਨ ਦੀ ਕਮੀ ਦੇ ਕਾਰਨ ਇਕ ਮਰੀਜ਼ ਦੀ ਮੌਤ ਹੋਣ ਦੀ ਖ਼ਬਰ ਹੈ, ਜਿਸ ਦੇ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਾਰੀ ਰੋਸ ਵਿਖਾਵਾ ਕੀਤਾ।

* ਅਤੇ ਹੁਣ 21 ਅਪ੍ਰੈਲ ਨੂੰ ਮਹਾਰਾਸ਼ਟਰ ’ਚ ਨਾਸਿਕ ਦੇ ‘ਜ਼ਾਕਿਰ ਹੁਸੈਨ ਹਸਪਤਾਲ’ ’ਚ ਆਕਸੀਜਨ ਦੀ ਕਿੱਲਤ ਦੇ ਦਰਮਿਆਨ ਇਕ ਟੈਂਕਰ ਤੋਂ ਦੂਸਰੇ ’ਚ ਆਕਸੀਜਨ ਭਰਨ ਸਮੇਂ ਅਚਾਨਕ ਇਕ ਟੈਂਕਰ ਦਾ ਵਾਲਵ ਲੀਕ ਕਰ ਗਿਆ, ਜਿਸ ਨਾਲ ਆਕਸੀਜਨ ਦੀ ਸਪਲਾਈ ਰੁਕ ਜਾਣ ਦੇ ਨਤੀਜੇ ਵਜੋਂ 24 ਮਰੀਜ਼ਾਂ ਦੀ ਮੌਤ ਹੋ ਗਈ।

ਜਦੋਂ ਇਹ ਘਟਨਾ ਹੋਈ ਉਸ ਸਮੇਂ ਹਸਪਤਾਲ ’ਚ 60 ਕੋਰੋਨਾ ਇਨਫੈਕਟਿਡ ਮਰੀਜ਼ ਆਕਸੀਜਨ ਦੇ ਸਹਾਰੇ ’ਤੇ ਸਨ, ਜਿਨ੍ਹਾਂ ’ਚੋਂ ਬਚੇ ਹੋਏ ਮਰੀਜ਼ਾਂ ਨੂੰ ਦੂਸਰੇ ਹਸਪਤਾਲਾਂ ’ਚ ਤਬਦੀਲ ਕਰਵਾਇਆ ਗਿਆ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਆਕਸੀਜਨ ਦੀ ਕਮੀ ਨਾਲ ਹੋਈਆਂ ਮੌਤਾਂ ਦੀ ਪੁਸ਼ਟੀ ਕੀਤੀ ਹੈ।

ਇਸ ਦਰਮਿਆਨ ਆਕਸੀਜਨ ਦੀ ਕਮੀ ਦੂਰ ਕਰਕੇ ਕੋਰੋਨਾ ਮਰੀਜ਼ਾਂ ਤੱਕ ਆਕਸੀਜਨ ਪਹੁੰਚਾਉਣ ਦੇ ਲਈ ਸਰਕਾਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਉਸ ਨੇ ਹਸਪਤਾਲਾਂ ਦੀ ਆਕਸੀਜਨ ਦੀ ਮੰਗ ਪੂਰੀ ਕਰਨ ਦੇ ਲਈ ਉਦਯੋਗਾਂ ਨੂੰ ਆਕਸੀਜਨ ਦੀ ਵਰਤੋਂ ਸੀਮਤ ਕਰਨ ਦੀ ਸਲਾਹ ਵੀ ਦਿੱਤੀ ਹੈ।

ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਘਰੇਲੂ ਉਤਪਾਦਕਾਂ ਨੂੰ ਆਕਸੀਜਨ ਦੇ ਨਿਰਮਾਣ ਪਲਾਂਟ ਦਿਨ-ਰਾਤ ਚਾਲੂ ਰੱਖਣ ਦੇ ਲਈ ਕਹਿਣ ਦੇ ਇਲਾਵਾ ਵਿਦੇਸ਼ਾਂ ਤੋਂ 50,000 ਟਨ ਆਕਸੀਜਨ ਦਰਾਮਦ ਕਰਨ ਦੇ ਲਈ ਟੈਂਡਰ ਸੱਦਣ ਅਤੇ ਦੇਸ਼ ’ਚ ਨਵੇਂ ਆਕਸੀਜਨ ਪਲਾਂਟ ਲਗਾਉਣ ਦਾ ਫੈਸਲਾ ਵੀ ਕੀਤਾ ਹੈ।

ਆਕਸੀਜਨ ਦੀ ਕਮੀ ਦੇ ਸਿੱਟੇ ਵਜੋਂ ਹੋਣ ਵਾਲੀਆਂ ਮੌਤਾਂ ਦੇ ਦਰਮਿਆਨ ਆਕਸੀਜਨ ਲੀਕ ਹੋਣ ਨਾਲ ਹੋਈ ਉਕਤ ਘਟਨਾ ਜਿੱਥੇ ਬਹੁਤ ਹੀ ਦੁਖਦਾਈ ਹੈ, ਉੱਥੇ ਹੀ ਇਹ ਸਬੰਧਤ ਕਰਮਚਾਰੀਆਂ ਦੀ ਘੋਰ ਲਾਪ੍ਰਵਾਹੀ ਦਾ ਵੀ ਸਬੂਤ ਹੈ, ਜਿਸ ਦੇ ਲਈ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰਨ ਦੇ ਬਾਅਦ ਲਾਪ੍ਰਵਾਹ ਪਾਏ ਜਾਣ ਵਾਲੇ ਕਰਮਚਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

-ਵਿਜੇ ਕੁਮਾਰ


Bharat Thapa

Content Editor

Related News