ਕਿਮ ਨੂੰ ਸੌਦੇਬਾਜ਼ੀ ਲਈ ਰਾਜ਼ੀ ਹੋਣਾ ਹੀ ਪਿਆ

04/23/2018 3:11:11 AM

ਵਿੱਤੀ ਬਾਜ਼ਾਰ ਅਕਸਰ ਸਿਆਸੀ ਤਬਦੀਲੀਆਂ ਦੇ ਸੰਕੇਤਾਂ ਦਾ ਸਰਵਉੱਤਮ ਜ਼ਰੀਆ ਰਹੇ ਹਨ। ਅਜਿਹੀ ਹਾਲਤ 'ਚ ਉੱਤਰੀ ਕੋਰੀਆਈ ਨੇਤਾ ਕਿਮ-ਜੋਂਗ ਵਲੋਂ ਤੁਰੰਤ ਪ੍ਰਭਾਵ ਨਾਲ ਸਾਰੇ ਮਿਜ਼ਾਈਲ ਟੈਸਟ ਮੁਲਤਵੀ ਕਰਨ ਅਤੇ ਪ੍ਰਮਾਣੂ ਪ੍ਰੀਖਣ ਬੰਦ ਕਰਨ ਦੇ ਅਚਾਨਕ ਹੋਏ ਐਲਾਨ ਤੋਂ ਬਾਅਦ ਪੂਰਬ ਏਸ਼ੀਆਈ ਬਾਜ਼ਾਰਾਂ 'ਚ ਦਿਖਾਈ ਦਿੱਤੇ ਸਾਕਾਰਾਤਮਕ ਰੁਝਾਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਦੱਖਣ-ਪੂਰਬ ਏਸ਼ੀਆ ਇਸ ਤਬਦੀਲੀ ਦੀ ਕਿੰਨੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ।
21 ਅਪ੍ਰੈਲ ਤੋਂ ਉੱਤਰੀ ਕੋਰੀਆ ਵਲੋਂ ਆਪਣੇ ਪ੍ਰਮਾਣੂ ਪ੍ਰੀਖਣ ਬੰਦ ਕਰਨ ਬਾਰੇ ਕਿਮ ਵਲੋਂ ਹੋਏ ਇਸ ਇਕਤਰਫਾ ਐਲਾਨ ਦੀ ਆਸ ਸ਼ਾਇਦ ਦੱਖਣੀ ਕੋਰੀਆਈ ਨੇਤਾ ਮੂਨ-ਜੇ-ਇਨ ਨੂੰ ਵੀ ਨਹੀਂ ਸੀ, ਜੋ ਸ਼ਾਂਤੀ ਵਾਰਤਾ 'ਚ ਪ੍ਰਮੁੱਖ ਵਿਚੋਲੀਏ ਹਨ ਤੇ ਜਿਨ੍ਹਾਂ ਨਾਲ ਅਗਲੇ ਹਫਤੇ ਕਿਮ ਦੀ ਮੁਲਾਕਾਤ ਤੈਅ ਸੀ। 
ਮੂਨ ਦੇ ਮਾਤਾ-ਪਿਤਾ ਉੱਤਰੀ ਕੋਰੀਆ ਤੋਂ ਆਏ  ਪ੍ਰਵਾਸੀ ਸਨ, ਇਸ ਲਈ ਉਹ ਹਮੇਸ਼ਾ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਾਲੇ ਸ਼ਾਂਤੀ ਵਾਰਤਾ 'ਤੇ ਜ਼ੋਰ ਦਿੰਦੇ ਰਹੇ ਹਨ। 
ਕਿਮ ਨੂੰ ਵਾਰਤਾ ਲਈ ਇਕ ਟੇਬਲ 'ਤੇ ਲਿਆਉਣ ਦਾ ਸਿਹਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹੀ ਦਿੱਤਾ ਜਾਣਾ ਚਾਹੀਦਾ ਹੈ। ਸਿਰਫ 6 ਹਫਤੇ ਪਹਿਲਾਂ ਤਕ ਕਿਮ ਅਤੇ ਡੋਨਾਲਡ ਇਕ-ਦੂਜੇ ਨੂੰ ਧਮਕਾ ਰਹੇ ਸਨ ਅਤੇ ਕਿਮ ਨੂੰ 'ਮਿਜ਼ਾਈਲ ਮੈਨ' ਦੇ ਨਾਂ ਨਾਲ ਬੁਲਾਉਂਦੇ ਹੋਏ ਡੋਨਾਲਡ ਟਰੰਪ ਨੇ ਇਥੋਂ ਤਕ ਕਹਿ ਦਿੱਤਾ ਸੀ ਕਿ ਜੇਕਰ ਕਿਮ ਵਲੋਂ ਕੋਈ ਸਾਕਾਰਾਤਮਕ ਕਦਮ ਨਹੀਂ ਚੁੱਕੇ ਗਏ ਤਾਂ ਉਹ ਜੂਨ 'ਚ ਪ੍ਰਸਤਾਵਿਤ ਵਾਰਤਾ ਤੋਂ ਕਦਮ ਪਿੱਛੇ ਖਿੱਚ ਲੈਣਗੇ। 
1950-53 ਦੀ ਕੋਰੀਆਈ ਜੰਗ ਦੇ ਸਮੇਂ ਤੋਂ ਹੀ ਉੱਤਰੀ ਅਤੇ ਦੱਖਣੀ ਕੋਰੀਆ ਦੋਵੇਂ ਤਕਨੀਕੀ ਤੌਰ 'ਤੇ ਇਕ-ਦੂਜੇ ਨਾਲ ਜੰਗ ਲੜਦੇ ਰਹੇ ਹਨ। ਇਹ ਗੱਲ ਗੌਰ ਕਰਨ ਵਾਲੀ ਹੈ ਕਿ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਹੀ ਕੋਰੀਆਈ ਪ੍ਰਾਇਦੀਪ ਦੋ ਦੇਸ਼ਾਂ 'ਚ ਵੰਡਿਆ ਹੋਇਆ ਸੀ। ਕਿਮ ਅਤੇ ਉਨ੍ਹਾਂ ਦੇ ਪਿਤਾ ਵਰਗੇ ਇਕ ਤੋਂ ਬਾਅਦ ਇਕ ਤਾਨਾਸ਼ਾਹਾਂ ਦੇ ਸੱਤਾ ਹਾਸਿਲ ਕਰਨ ਦੇ ਨਾਲ ਉੱਤਰੀ ਕੋਰੀਆ ਜਿਥੇ ਇਕ ਨਿਰੰਕੁਸ਼ ਰਾਸ਼ਟਰ ਬਣ ਗਿਆ, ਉਥੇ ਹੀ ਲੋਕਤੰਤਰ ਨੂੰ ਅਪਣਾਉਣ ਵਾਲਾ ਦੱਖਣੀ ਕੋਰੀਆ ਇਕ ਮੁਕਤ ਬਾਜ਼ਾਰ ਬਣ ਗਿਆ। 
ਵਿਸ਼ਵ ਪੱਧਰ 'ਤੇ ਉੱਤਰੀ ਕੋਰੀਆ ਨੂੰ ਅਕਸਰ ਅਲੱਗ-ਥਲੱਗ ਕੀਤਾ ਜਾਂਦਾ ਰਿਹਾ, ਜੋ ਆਪਣੇ ਆਂਢ-ਗੁਆਂਢ ਦੇ ਦੇਸ਼ਾਂ ਨੂੰ ਪ੍ਰਮਾਣੂ ਹਥਿਆਰਾਂ ਨਾਲ ਧਮਕਾਉਂਦਾ ਰਿਹਾ ਅਤੇ ਹਾਲੀਆ ਦਿਨਾਂ ਵਿਚ ਤਾਂ ਉਸ ਨੇ ਦੱਖਣੀ ਕੋਰੀਆ ਅਤੇ ਜਾਪਾਨ ਹੀ ਨਹੀਂ, ਅਮਰੀਕਾ ਤਕ ਨੂੰ ਧਮਕਾਉਂਦੇ ਹੋਏ ਅਜਿਹੀ ਮਿਜ਼ਾਈਲ ਵਿਕਸਿਤ ਕਰਨ ਦਾ ਦਾਅਵਾ ਕੀਤਾ, ਜੋ ਪ੍ਰਮਾਣੂ ਹਥਿਆਰਾਂ ਦੇ ਨਾਲ ਅਮਰੀਕਾ ਤਕ ਪਹੁੰਚ ਸਕਦੀ ਹੈ, ਉਹ ਵੀ ਉਦੋਂ, ਜਦੋਂਕਿ ਉਸ ਦੀ ਆਪਣੀ ਜਨਤਾ ਭੁੱਖੀ ਮਰ ਰਹੀ ਸੀ। 
ਕਿਮ ਦੇ ਝੁਕਣ ਜਾਂ ਸਮਝੌਤਾ ਕਰਨ ਲਈ ਰਾਜ਼ੀ ਹੋਣ ਦਾ ਇਕ ਪ੍ਰਮੁੱਖ ਕਾਰਨ ਇਹੀ ਹੋ ਸਕਦਾ ਹੈ ਕਿ ਉੱਤਰੀ ਕੋਰੀਆ 'ਤੇ ਪਾਬੰਦੀ ਲਾਉਣ ਦੇ ਮਾਮਲੇ ਵਿਚ ਚੀਨ ਨੇ ਅਮਰੀਕਾ, ਯੂ. ਕੇ. ਅਤੇ ਫਰਾਂਸ ਦਾ ਸਾਥ ਦਿੱਤਾ। ਦਰਅਸਲ, ਉੱਤਰੀ ਕੋਰੀਆ ਦੇ ਵਿਰੁੱਧ ਹਾਲੀਆ ਯੂ. ਐੱਨ. ਪਾਬੰਦੀਆਂ ਨੂੰ ਇੰਨੇ ਪ੍ਰਭਾਵੀ ਢੰਗ ਨਾਲ ਅਪਣਾਇਆ ਗਿਆ ਕਿ ਉਸ ਨੂੰ ਸੌਦੇਬਾਜ਼ੀ ਲਈ ਰਾਜ਼ੀ ਹੋਣਾ ਪਿਆ।
ਹਾਲਾਂਕਿ ਅਜਿਹੇ ਸੰਕੇਤ ਹਨ ਕਿ ਯੂ. ਐੱਨ. ਦੇ ਫੈਸਲੇ ਤਹਿਤ ਬਰਾਮਦ 'ਤੇ ਪਾਬੰਦੀ ਦੇ ਬਾਵਜੂਦ ਟੰਗਸਟਨ, ਸਿੱਕਾ, ਜਿਸਤ, ਤਾਂਬਾ ਅਤੇ ਸੋਨਾ ਕੰਸੈਂਟਰੇਟਸ ਵਰਗੇ ਖਣਿਜਾਂ ਦੀ ਸਮੱਗਲਿੰਗ ਟਰੱਕਾਂ ਵਿਚ ਭਰ ਕੇ ਚੀਨ ਨਾਲ ਲੱਗਦੇ ਉੱਤਰੀ ਕੋਰੀਆਈ ਕਸਬੇ ਲਿਓਸੇਮ 'ਚ ਹੋ ਰਹੀ ਸੀ। 
ਕਿਮ ਦੇ ਸ਼ਾਸਨ ਦੇ ਇਨ੍ਹਾਂ ਸਾਲਾਂ ਦੌਰਾਨ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਰਿਹਾ ਹੈ ਕਿ ਉਸ ਨੂੰ ਹਟਾ ਹੀ ਕਿਉਂ ਨਹੀਂ ਦਿੱਤਾ ਜਾਂਦਾ ਪਰ ਅਜਿਹਾ ਕਰਨ 'ਤੇ ਉਥੇ ਅਰਾਜਕਤਾ ਫੈਲ ਜਾਂਦੀ ਤੇ ਚੀਨ ਨੂੰ ਦਖਲ ਦੇਣ ਦਾ ਮੌਕਾ ਮਿਲ ਜਾਂਦਾ। 
ਦੂਜੇ ਪਾਸੇ ਵਿੰਟਰ ਓਲੰਪਿਕਸ ਦੌਰਾਨ ਉੱਤਰੀ  ਕੋਰੀਆਈ ਅਧਿਕਾਰੀਆਂ ਨੂੰ ਦੱਖਣੀ ਕੋਰੀਆ ਜਾਣ ਦਾ ਮੌਕਾ ਮਿਲਣ, ਸੱਤਾ 'ਚ ਆਉਣ ਤੋਂ ਬਾਅਦ ਹਾਲ ਹੀ 'ਚ ਪਹਿਲੀ ਵਿਦੇਸ਼ ਯਾਤਰਾ ਦੇ ਰੂਪ 'ਚ ਕਿਮ ਦੇ ਚੀਨ ਜਾਣ ਅਤੇ ਸੀ. ਆਈ. ਏ. ਦੇ ਡਾਇਰੈਕਟਰ ਮਾਈਕ ਪੋਂਪੀਓ ਨਾਲ ਕਿਮ ਦੀ ਗੁਪਤ ਬੈਠਕ ਨੇ ਮੌਜੂਦਾ ਸਥਿਤੀ 'ਤੇ ਪਹੁੰਚਣ ਦਾ ਨੀਂਹ ਪੱਥਰ ਰੱਖਿਆ। 
ਮੰਨਿਆ ਜਾ ਰਿਹਾ ਹੈ ਕਿ ਇੰਨੇ ਸਪੱਸ਼ਟ ਤੌਰ 'ਤੇ ਅਤੇ ਖੁੱਲ੍ਹ ਕੇ ਪ੍ਰਮਾਣੂ ਪ੍ਰੋਗਰਾਮ ਨੂੰ ਬੰਦ ਕਰਨ ਦੀ ਗੱਲ ਕਹਿਣ ਦੇ ਬਾਵਜੂਦ ਕੋਈ ਗਾਰੰਟੀ ਨਹੀਂ ਹੈ ਕਿ ਜੂਨ 'ਚ ਕਿਮ ਇਸ ਬਾਰੇ ਕਿਸੇ ਤਰ੍ਹਾਂ ਦੀ ਸੰਧੀ 'ਤੇ ਦਸਤਖਤ ਕਰੇਗਾ ਕਿਉਂਕਿ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਆਪਣੇ ਵਾਅਦੇ ਤੋੜਨ ਜਾਂ ਸੰਧੀ ਨੂੰ ਮੰਨਣ ਤੋਂ ਇਨਕਾਰ ਕਰਨ ਲਈ ਵੀ ਕਿਮ ਨੂੰ ਜਾਣਿਆ ਜਾਂਦਾ ਹੈ। 
ਇਸ ਤੋਂ ਪਹਿਲਾਂ ਕਿ ਰਾਸ਼ਟਰਪਤੀ ਟਰੰਪ ਤੇ ਮੂਨ ਮੌਜੂਦਾ ਹਾਲਾਤ ਦਾ ਸਿਹਰਾ ਲੈਣ, ਕਿਮ 'ਤੇ ਲਗਾਮ ਕੱਸਣ ਅਤੇ ਪੂਰਬੀ ਏਸ਼ੀਆ, ਵਿਸ਼ੇਸ਼ ਤੌਰ 'ਤੇ ਦੱਖਣੀ ਕੋਰੀਆ ਅਤੇ ਜਾਪਾਨ ਨਾਲ ਸ਼ਾਂਤੀ ਬਹਾਲੀ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ।


Vijay Kumar Chopra

Chief Editor

Related News