ਪਹਿਲਵਾਨਾਂ ਦਾ ਮਾਮਲਾ ਸੁਲਝਾਉਣ ਦੀ ਲੋੜ: ਨਹੀਂ ਤਾਂ ਇਹ ਵਿਵਾਦ ਉਲਝਦਾ ਜਾਵੇਗਾ!

Friday, Jan 05, 2024 - 05:55 AM (IST)

ਮਹਿਲਾ ਪਹਿਲਵਾਨਾਂ ਦੇ ਕਥਿਤ ਸੈਕਸ ਸ਼ੋਸ਼ਣ ਦੇ ਦੋਸ਼ ’ਚ ਐੱਮ. ਪੀ. ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਦੀ ਗ੍ਰਿਫਤਾਰੀ ਲਈ 18 ਜਨਵਰੀ, 2023 ਤੋਂ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਬਜਰੰਗ ਪੂਨੀਆ ਵਰਗੇ ਚੋਟੀ ਦੇ ਪਹਿਲਵਾਨਾਂ ਦਾ ਅੰਦੋਲਨ ਜਾਰੀ ਹੈ।

21 ਦਸੰਬਰ, 2023 ਨੂੰ ਕਰਵਾਈਆਂ ਗਈਆਂ ਭਾਰਤੀ ਕੁਸ਼ਤੀ ਮਹਾਸੰਘ ਦੀਆਂ ਚੋਣਾਂ ’ਚ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਨਜ਼ਦੀਕੀ ਸੰਜੇ ਸਿੰਘ ਦੀ ਜਿੱਤ ਤੋਂ ਵੀ ਪਹਿਲਵਾਨ ਨਾਰਾਜ਼ ਹੀ ਚੱਲ ਰਹੇ ਹਨ।

ਇਸ ਵਿਰੁੱਧ ਰੋਸ ਵਜੋਂ ਜਿੱਥੇ ਉਸੇ ਦਿਨ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ, ਉੱਥੇ ਹੀ ਬਜਰੰਗ ਪੂਨੀਆ ਨੇ ਆਪਣਾ ਪਦਮਸ਼੍ਰੀ ਅਤੇ ਵਿਨੇਸ਼ ਫੋਗਾਟ ਨੇ ਆਪਣੇ ‘ਖੇਲ ਰਤਨ’ ਅਤੇ ‘ਅਰਜੁਨ ਅਵਾਰਡ’ ਵਾਪਸ ਕਰ ਦਿੱਤੇ।

ਇਸ ਦਰਮਿਆਨ ਸਾਕਸ਼ੀ ਮਲਿਕ ਨੇ ਕਿਹਾ ਹੈ ਕਿ ਨਵੇਂ ਭਾਰਤੀ ਕੁਸ਼ਤੀ ਮਹਾਸੰਘ ਨਾਲ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਜੇ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੇ ਸਿੰਘ ਨੂੰ ਇਸ ਤੋਂ ਵੱਖਰਾ ਰੱਖਿਆ ਜਾਵੇ।

ਸਾਕਸ਼ੀ ਮਲਿਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਮਾਂ ਨੂੰ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਹਮਾਇਤੀਆਂ ਦੇ ਧਮਕੀ ਭਰੇ ਫੋਨ ਵੀ ਲਗਾਤਾਰ ਆ ਰਹੇ ਹਨ।

ਦੂਜੇ ਪਾਸੇ ਭਾਰਤੀ ਕੁਸ਼ਤੀ ਮਹਾਸੰਘ ’ਚ ਜਾਰੀ ਅੜਿੱਕੇ ਦਰਮਿਆਨ 3 ਜਨਵਰੀ ਨੂੰ ਜੂਨੀਅਰ ਪਹਿਲਵਾਨ ਇਸ ਵਿਵਾਦ ਕਾਰਨ ਆਪਣੇ ਕਰੀਅਰ ਦਾ ਇਕ ਮਹੱਤਵਪੂਰਨ ਸਾਲ ਬਰਬਾਦ ਹੋਣ ਲਈ ਚੋਟੀ ਦੇ ਪਹਿਲਵਾਨਾਂ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਵਿਰੁੱਧ ਸੜਕਾਂ ’ਤੇ ਉਤਰ ਆਏ ਹਨ।

ਇਨ੍ਹਾਂ ਨੇ ਹੱਥਾਂ ’ਚ ਬੈਨਰ ਫੜੇ ਹੋਏ ਸਨ ਜਿਨ੍ਹਾਂ ’ਤੇ ਤਿੰਨਾਂ ਪਹਿਲਵਾਨਾਂ ਦੀਆਂ ਫੋਟੋਆਂ ’ਤੇ ਲਿਖਿਆ ਸੀ, ‘‘ਕਰ ਦਿੱਤਾ ਕੁਸ਼ਤੀ ਨੂੰ ਬਰਬਾਦ, ਸਾਕਸ਼ੀ, ਬਜਰੰਗ ਅਤੇ ਫੋਗਾਟ।’’

ਅਸੀਂ ਆਪਣੇ 27 ਦਸੰਬਰ, 2023 ਦੇ ਸੰਪਾਦਕੀ ‘ਅੰਦੋਲਨਕਾਰੀ ਪਹਿਲਵਾਨਾਂ ਦੇ ਹੱਕ ’ਚ ਸ਼ਾਂਤਾ ਕੁਮਾਰ ਜੀ ਦਾ ਸਪੱਸ਼ਟ ਰੁਖ’ ’ਚ ਲਿਖਿਆ ਸੀ, ‘‘ਓਲੰਪਿਕ ਖੇਡਾਂ ’ਚ ਹਾਕੀ ਪਿੱਛੋਂ ਜੇ ਸਾਡੇ ਖਿਡਾਰੀਆਂ ਨੇ ਕਿਸੇ ਹੋਰ ਖੇਡ ’ਚ ਸਭ ਤੋਂ ਵੱਧ ਤਮਗੇ ਜਿੱਤੇ ਹਨ ਤਾਂ ਉਹ ਕੁਸ਼ਤੀ ਹੀ ਹੈ।’’

ਇਸ ਲਈ ਇਸ ਸਫਲਤਾ ਨੂੰ ਜਾਰੀ ਰੱਖਣ ਲਈ ਛੇਤੀ ਤੋਂ ਛੇਤੀ ਇਹ ਵਿਵਾਦ ਸੁਲਝਾਉਣ ਦੀ ਲੋੜ ਹੈ, ਨਹੀਂ ਤਾਂ ਇਹ ਮਾਮਲਾ ਹੋਰ ਉਲਝਦਾ ਹੀ ਚਲਿਆ ਜਾਵੇਗਾ, ਜਿਵੇਂ ਕਿ ਹੁਣ ਹੋਇਆ ਹੈ।

- ਵਿਜੇ ਕੁਮਾਰ


Anmol Tagra

Content Editor

Related News