ਸਖ਼ਤ ਸੁਰੱਖਿਆ ਵਿਚਾਲੇ ਅੱਜ ਚੁਣਿਆ ਜਾਵੇਗਾ ਜਲੰਧਰ ਸ਼ਹਿਰ ਦਾ 7ਵਾਂ ਮੇਅਰ
Saturday, Jan 11, 2025 - 01:23 PM (IST)
ਜਲੰਧਰ (ਖੁਰਾਣਾ)–21 ਦਸੰਬਰ ਨੂੰ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਲਗਭਗ 20 ਦਿਨਾਂ ਬਾਅਦ ਸ਼ਹਿਰ ਨੂੰ 7ਵਾਂ ਅਤੇ ਨਵਾਂ ਮੇਅਰ ਮਿਲਣ ਜਾ ਰਿਹਾ ਹੈ, ਜਿਸ ਦੀ ਚੋਣ ਸਥਾਨਕ ਰੈੱਡ ਕਰਾਸ ਭਵਨ ਵਿਚ ਸ਼ਨੀਵਾਰ ਬਾਅਦ ਦੁਪਹਿਰ 3 ਵਜੇ ਹੋਣ ਵਾਲੀ ਕੌਂਸਲਰ ਹਾਊਸ ਦੀ ਪਹਿਲੀ ਮੀਟਿੰਗ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚ ਕੀਤੀ ਜਾਵੇਗੀ। ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਸਾਰੀਆਂ ਤਿਆਰੀਆਂ ਨੂੰ ਅੰਜਾਮ ਦੇ ਦਿੱਤਾ ਹੈ। ਮੇਅਰ ਦੀ ਚੋਣ ਸਬੰਧੀ ਸਮਾਰੋਹ ਸਖ਼ਤ ਪ੍ਰਬੰਧਾਂ ਵਿਚਕਾਰ ਹੋਵੇਗਾ, ਜਿਸ ਲਈ ਰੈੱਡ ਕਰਾਸ ਭਵਨ ਦੇ ਆਲੇ-ਦੁਆਲੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਜਾਵੇਗੀ। ਜਿਸ ਹਾਲ ਵਿਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੌਂਸਲਰਾਂ ਵੱਲੋਂ ਕੀਤੀ ਜਾਣੀ ਹੈ, ਉਥੇ ਨਵੇਂ ਚੁਣੇ ਕੌਂਸਲਰਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਵੀ ਨਹੀਂ ਜਾ ਸਕਣਗੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੀਡੀਆ ਨੂੰ ਵੀ ਹਾਲ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਮੀਡੀਆ ਕਰਮਚਾਰੀਆਂ ਲਈ ਬਾਹਰ ਟੈਂਟ ਲਾ ਕੇ ਅਤੇ ਵੱਡੀ ਸਕ੍ਰੀਨ ਜ਼ਰੀਏ ਪੂਰੀ ਪ੍ਰਕਿਰਿਆ ਦਿਖਾਈ ਜਾਵੇਗੀ। ਕੌਂਸਲਰਪਤੀਆਂ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਲਈ ਵੀ ਬਾਹਰ ਹੀ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਨਵਾਂ ਮੋੜ, ਸੁਖਬੀਰ ਬਾਦਲ ਹੋਏ ਸੁਰਖਰੂ, ਹੁਣ ਖੁੱਲ੍ਹ ਕੇ ਟੱਕਰਨਗੇ ਵਿਰੋਧੀਆਂ ਨੂੰ
ਸਟੇਜ ’ਤੇ ਬਹੁਤ ਸੀਮਤ ਲੋਕਾਂ ਦੀ ਹੋਵੇਗੀ ਐਂਟਰੀ
ਰੈੱਡ ਕਰਾਸ ਭਵਨ ਵਿਚ ਹੋਣ ਵਾਲੇ ਸਮਾਰੋਹ ਸਬੰਧੀ ਸਟੇਜ ’ਤੇ ਬਹੁਤ ਸੀਮਤ ਲੋਕਾਂ ਦੀ ਐਂਟਰੀ ਹੋਵੇਗੀ। ਸਟੇਜ ’ਤੇ 6 ਕੁਰਸੀਆਂ ਤਾਂ 6 ਵਿਧਾਇਕਾਂ ਲਈ ਲਾਈਆਂ ਗਈਆਂ ਹਨ। ਇਕ ਕੁਰਸੀ ਡਿਵੀਜ਼ਨਲ ਕਮਿਸ਼ਨਰ ਲਈ ਹੋਵੇਗੀ, ਜੋ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਕ ਕੁਰਸੀ ’ਤੇ ਨਿਗਮ ਕਮਿਸ਼ਨਰ ਬੈਠਣਗੇ ਅਤੇ ਤੀਜੀ ਕੁਰਸੀ ਪ੍ਰੋਟੈਮ ਸਪੀਕਰ ਦੀ ਹੋਵੇਗੀ, ਜੋ ਹਾਊਸ ਦੀ ਕਾਰਵਾਈ ਨੂੰ ਚਲਾਉਣਗੇ। ਜਿਉਂ ਹੀ ਹਾਊਸ ਵੱਲੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ, ਹੋਰ 3 ਕੁਰਸੀਆਂ ਉਸੇ ਸਮੇਂ ਮੰਚ ’ਤੇ ਲਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਲੱਗ ਗਈਆਂ ਮੌਜਾਂ, ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ
ਨਵੇਂ ਚੁਣੇ ਕੌਂਸਲਰਾਂ ਨੂੰ ਵੀ ਕਾਰਡ ਦਿਖਾ ਕੇ ਅੰਦਰ ਜਾਣ ਦਿੱਤਾ ਜਾਵੇਗਾ
ਰੈੱਡ ਕਰਾਸ ਭਵਨ ਦੇ ਹਾਲ ਵਿਚ ਇੰਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਕਿ ਨਵੇਂ ਚੁਣੇ ਕੌਂਸਲਰਾਂ ਨੂੰ ਵੀ ਆਈ. ਡੀ. ਕਾਰਡ ਦਿਖਾ ਕੇ ਹੀ ਅੰਦਰ ਜਾਣਾ ਹੋਵੇਗਾ। ਇਸ ਦੇ ਲਈ ਨਗਰ ਨਿਗਮ ਪ੍ਰਸ਼ਾਸਨ ਨੇ ਅੱਜ ਦੇਰ ਸ਼ਾਮ ਤਕ ਕੰਮ ਕਰਕੇ ਸਾਰੇ ਨਵੇਂ ਕੌਂਸਲਰਾਂ ਦੇ ਆਈ. ਡੀ. ਕਾਰਡ ਤਿਆਰ ਕੀਤੇ, ਜਿਹੜੇ ਸ਼ਨੀਵਾਰ ਉਨ੍ਹਾਂ ਨੂੰ ਸੌਂਪੇ ਜਾਣਗੇ। ਹਾਲ ਵਿਚ ਕੌਂਸਲਰਾਂ ਦੇ ਇਲਾਵਾ ਕਿਸੇ ਹੋਰ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਅੱਜ ਹੋਵੇਗਾ ਮੇਅਰ ਦੇ ਨਾਂ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e