ਅੱਜ ਜਲੰਧਰ ਵਾਸੀਆਂ ਨੂੰ ਮਿਲੇਗਾ ਮੇਅਰ, ਜਨਤਕ ਕਰ ਦਿੱਤਾ ਜਾਵੇਗਾ ਨਾਂ

Saturday, Jan 11, 2025 - 10:50 AM (IST)

ਅੱਜ ਜਲੰਧਰ ਵਾਸੀਆਂ ਨੂੰ ਮਿਲੇਗਾ ਮੇਅਰ, ਜਨਤਕ ਕਰ ਦਿੱਤਾ ਜਾਵੇਗਾ ਨਾਂ

ਜਲੰਧਰ (ਅਸ਼ਵਨੀ ਖੁਰਾਣਾ)–ਪਟਿਆਲਾ ਨਗਰ ਨਿਗਮ ਤੋਂ ਬਾਅਦ ਜਲੰਧਰ ਵਿਚ ਆਮ ਆਦਮੀ ਪਾਰਟੀ ਦਾ ਮੇਅਰ ਬਣਨ ਜਾ ਰਿਹਾ ਹੈ, ਜਿਸ ਦੇ ਲਈ 11 ਜਨਵਰੀ ਸ਼ਨੀਵਾਰ ਨੂੰ ਬਾਅਦ ਦੁਪਹਿਰ 3 ਵਜੇ ਸਥਾਨਕ ਰੈੱਡ ਕਰਾਸ ਭਵਨ ਵਿਚ ਕੌਂਸਲਰ ਹਾਊਸ ਦੀ ਮੀਟਿੰਗ ਬੁਲਾਈ ਜਾ ਚੁੱਕੀ ਹੈ। ਇਸ ਮੀਟਿੰਗ ਵਿਚ ਮੌਜੂਦ ਕੌਂਸਲਰਾਂ ਵੱਲੋਂ ਹਾਊਸ ਵਿਚ ਹੀ ਮੇਅਰ, ਸੀਨੀਅਰ ਡਿਪਟੀ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ ਪਰ ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਹਾਊਸ ਦੀ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਜਲੰਧਰ ਦੇ ਇਕ ਫਾਈਵ ਸਟਾਰ ਹੋਟਲ ਵਿਚ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਅਤੇ ਬਾਅਦ ਵਿਚ ਪਾਰਟੀ ਵਿਚ ਸ਼ਾਮਲ ਹੋਏ ਨਵੇਂ ਚੁਣੇ ਕੌਂਸਲਰਾਂ ਦੀ ਇਕ ਮੀਟਿੰਗ ਬੁਲਾ ਲਈ ਹੈ, ਜਿਥੇ ਸਾਰੇ ਕੌਂਸਲਰਾਂ ਨੂੰ ਇਕੱਠਾ ਕਰ ਕੇ ਹਾਊਸ ਦੀ ਮੀਟਿੰਗ ਵਿਚ ਲਿਜਾਇਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਲਈ ਅਗਲੇ 24 ਘੰਟੇ ਅਹਿਮ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

ਇਸ ਮੀਟਿੰਗ ਵਿਚ ਜਿੱਥੇ ਕੌਂਸਲਰ ਮੌਜੂਦ ਰਹਿਣਗੇ, ਉਥੇ ਹੀ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ, ਜਲੰਧਰ ਨਗਰ ਨਿਗਮ ਦੀ ਚੋਣ ਲਈ ਇੰਚਾਰਜ ਅਤੇ ਹਲਕਾ ਇੰਚਾਰਜ ਵੀ ਹਾਜ਼ਰ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੌਰਾਨ ਜਿਥੇ ਸਾਰੇ ‘ਆਪ’ ਕੌਂਸਲਰਾਂ ਨੂੰ ਇਕ-ਦੂਜੇ ਨਾਲ ਇੰਟਰੋਡਿਊਸ ਕਰਵਾਇਆ ਜਾਵੇਗਾ, ਉਥੇ ਹੀ ਮੇਅਰ, ਸੀਨੀਅਰ ਡਿਪਟੀ ਅਤੇ ਡਿਪਟੀ ਮੇਅਰ ਦੀ ਚੋਣ ਲਈ ਰਣਨੀਤੀ ਵੀ ਤੈਅ ਕੀਤੀ ਜਾਵੇਗੀ। ਪਤਾ ਲੱਗਾ ਹੈ ਕਿ ਇਸੇ ਮੀਟਿੰਗ ਵਿਚ ਜਲੰਧਰ ਦੇ ਨਵੇਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਂ ਨੂੰ ਜਨਤਕ ਕਰ ਦਿੱਤਾ ਜਾਵੇਗਾ ਅਤੇ ਇਹ ਵੀ ਤੈਅ ਕੀਤਾ ਜਾਵੇਗਾ ਕਿ ਹਾਊਸ ਵਿਚ ਕਿਹੜਾ ਕੌਂਸਲਰ ਪ੍ਰੋਟੈਮ ਸਪੀਕਰ ਬਣੇਗਾ ਅਤੇ ਹਾਊਸ ਦੀ ਕਾਰਵਾਈ ਨੂੰ ਚਲਾਵੇਗਾ। ਕਿਹੜਾ ਕੌਂਸਲਰ ਨਵੇਂ ਮੇਅਰ ਦੇ ਨਾਂ ਦਾ ਪ੍ਰਸਤਾਵ ਰੱਖੇਗਾ ਅਤੇ ਕਿਹੜਾ ਉਸੇ ਨਾਂ ਨੂੰ ਸੈਕਿੰਡ ਕਰੇਗਾ।

ਅਜਿਹੀ ਹੀ ਪ੍ਰਕਿਰਿਆ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਵੀ ਅਪਣਾਈ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਹੋਟਲ ਵਿਚ ਹੋਣ ਵਾਲੀ ਇਸ ਮੀਟਿੰਗ ਦਾ ਇਕ ਮਕਸਦ ਇਹ ਵੀ ਹੈ ਕਿ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਹੀ ਸੱਤਾ ਧਿਰ ਦੇ ਸਾਰੇ ਕੌਂਸਲਰਾਂ ਨੂੰ ਇਕੱਠਾ ਕਰ ਲਿਆ ਜਾਵੇ ਤਾਂ ਕਿ ਗੈਰ-ਹਾਜ਼ਰੀ ਵਰਗੀ ਕੋਈ ਗੁੰਜਾਇਸ਼ ਹੀ ਨਾ ਰਹੇ।

ਇਹ ਵੀ ਪੜ੍ਹੋ : ਮੰਡਰਾਉਣ ਲੱਗਾ ਖ਼ਤਰਾ! Alert 'ਤੇ ਪੰਜਾਬ, HMPV ਸਬੰਧੀ ਜਾਰੀ ਕੀਤੀ ਗਈ ਐਡਵਾਈਜ਼ਰੀ

ਸ਼ੁੱਕਰਵਾਰ ਰਾਤ ਤਕ ਨਾਵਾਂ ’ਤੇ ਹੋਇਆ ਮੰਥਨ
21 ਦਸੰਬਰ ਨੂੰ ਸਮਾਪਤ ਹੋਈਆਂ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਦੇ ਤੁਰੰਤ ਬਾਅਦ ਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਨਾਂ ’ਤੇ ਚਰਚਾ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ, ਜੋ ਅਜੇ ਤਕ ਜਾਰੀ ਹੈ।
ਪਤਾ ਲੱਗਾ ਹੈ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਦੇ ਮੇਅਰ ਦੇ ਨਾਂ ’ਤੇ ਤਾਂ ਸਹਿਮਤੀ ਪਹਿਲਾਂ ਤੋਂ ਹੀ ਜਤਾਈ ਜਾ ਚੁੱਕੀ ਹੈ ਪਰ ਜਲੰਧਰ ਵਿਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਕੌਣ ਬਣੇਗਾ, ਇਸ ਨੂੰ ਲੈ ਕੇ ਸ਼ੁੱਕਰਵਾਰ ਰਾਤ ਤਕ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਤਿੰਨਾਂ ਅਹੁਦਿਆਂ ਲਈ 6 ਨਾਵਾਂ ਦੇ ਪੈਨਲ ’ਤੇ ਵਿਚਾਰ-ਚਰਚਾ ਹੋਈ ਸੀ, ਜਿਸ ਦੌਰਾਨ 3 ਨਾਵਾਂ ਨੂੰ ਫਾਈਨਲ ਤਾਂ ਕਰ ਲਿਆ ਗਿਆ ਪਰ ਇਨ੍ਹਾਂ ਬਾਰੇ ਸ਼ਨੀਵਾਰ ਦੁਪਹਿਰੇ ਹੋਟਲ ਵਿਚ ਹੋਣ ਜਾ ਰਹੀ ਮੀਟਿੰਗ ਦੌਰਾਨ ਹੀ ਸਾਰਿਆਂ ਨੂੰ ਦੱਸਿਆ ਜਾਵੇਗਾ।
ਪਤਾ ਲੱਗਾ ਹੈ ਕਿ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ 2 ਮਹਿਲਾ ਕੌਂਸਲਰਾਂ ਵਿਚਕਾਰ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਸੀ ਪਰ ਉਨ੍ਹਾਂ ਵਿਚੋਂ ਇਕ ਨਾਂ ’ਤੇ ਮੋਹਰ ਲਾ ਦਿੱਤੀ ਗਈ ਹੈ। ਪਾਰਟੀ ਸੂਤਰਾਂ ਦੀ ਮੰਨੀਏ ਤਾਂ ਜਲੰਧਰ ਦਾ ਮੇਅਰ ਵੈਸਟ ਹਲਕੇ ਤੋਂ, ਸੀਨੀਅਰ ਡਿਪਟੀ ਮੇਅਰ ਸੈਂਟਰਲ ਅਤੇ ਡਿਪਟੀ ਮੇਅਰ ਕੈਂਟ ਵਿਧਾਨ ਸਭਾ ਹਲਕੇ ਤੋਂ ਬਣਾਇਆ ਜਾ ਰਿਹਾ ਹੈ। ਫਿਲਹਾਲ ਸਾਰੀ ਸਥਿਤੀ ਸ਼ਨੀਵਾਰ ਦੁਪਹਿਰੇ ਹੀ ਸਾਫ ਹੋਵੇਗੀ।

ਮੇਅਰ ਦੀ ਚੋਣ ਹੱਥ ਖੜ੍ਹੇ ਕਰ ਕੇ ਨਹੀਂ, ਸਗੋਂ ਸੀਕ੍ਰੇਟ ਬੈਲੇਟ ਪ੍ਰਕਿਰਿਆ ਜ਼ਰੀਏ ਹੋਵੇ
ਕਾਂਗਰਸ ਨੇ ਡਿਵੀਜ਼ਨਲ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

ਪੰਜਾਬ ਕਾਂਗਰਸ ਲੀਗਲ ਡਿਪਾਰਟਮੈਂਟ ਦੇ ਜਨਰਲ ਸੈਕਟਰੀ ਐਡਵੋਕੇਟ ਪਰਮਿੰਦਰ ਸਿੰਘ ਵਿਗ ਅਤੇ ਕਾਂਗਰਸ ਦੇ ਸੀਨੀਅਰ ਕੌਂਸਲਰ ਬਲਰਾਜ ਠਾਕੁਰ ਨੇ ਸ਼ੁੱਕਰਵਾਰ ਡਿਵੀਜ਼ਨਲ ਕਮਿਸ਼ਨਰ ਨੂੰ ਇਕ ਮੰਗ-ਪੱਤਰ ਸੌਂਪ ਕੇ ਮੰਗ ਕੀਤੀ ਹੈ ਕਿ ਜਲੰਧਰ ਦੇ ਮੇਅਰ ਦੀ ਚੋਣ ਹੱਥ ਖੜ੍ਹੇ ਕਰਕੇ ਕਰਨ ਦੀ ਬਜਾਏ ਸੀਕ੍ਰੇਟ ਬੈਲੇਟ ਪ੍ਰਕਿਰਿਆ ਜ਼ਰੀਏ ਕਰਵਾਈ ਜਾਵੇ।

ਇਹ ਵੀ ਪੜ੍ਹੋ :  ਪੰਜਾਬ 'ਚ ਟਰੈਕਟਰ-ਟਰਾਲੀ ਤੇ ਮੋਟਰਸਾਈਕਲ ਵਿਚਾਲੇ ਭਿਆਨਕ ਟੱਕਰ, ਵਕੀਲ ਦੀ ਦਰਦਨਾਕ ਮੌਤ

ਇਨ੍ਹਾਂ ਦੋਵਾਂ ਆਗੂਆਂ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਨਗਰ ਨਿਗਮ ਵਿਚ ਮੇਅਰ ਦੀ ਚੋਣ ਸੀਕ੍ਰੇਟ ਬੈਲੇਟ ਪ੍ਰਕਿਰਿਆ ਨਾਲ ਕਰਵਾਈ ਜਾ ਸਕਦੀ ਹੈ ਤਾਂ ਜਲੰਧਰ ਨਗਰ ਨਿਗਮ ਵਿਚ ਅਜਿਹਾ ਕਿਉਂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਵੇਂ ਚੁਣੇ ਕੌਂਸਲਰਾਂ ਨੂੰ ਲੋਕਤੰਤਰ ਪ੍ਰਕਿਰਿਆ ਨਾਲ ਆਪਣੀ ਮਰਜ਼ੀ ਨਾਲ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਜਲੰਧਰ ਨਿਗਮ ਵਿਚ ਬਹੁਮਤ ਪ੍ਰਾਪਤ ਨਹੀਂ ਹੋਇਆ ਸੀ। ਅਜਿਹੀ ਸਥਿਤੀ ਵਿਚ ਸੱਤਾ ਧਿਰ ਨੇ ਦਲ-ਬਦਲ ਨੂੰ ਉਤਸ਼ਾਹਿਤ ਕਰਕੇ ਬਹੁਮਤ ਜੁਟਾਇਆ। ਪੁਲਸ ਅਤੇ ਪ੍ਰਸ਼ਾਸਨ ਨੂੰ ਆਪਣੇ ਹਿੱਤਾਂ ਲਈ ਵਰਤਿਆ। ਇਸ ਲਈ ਬਿਨਾਂ ਡਰ ਅਤੇ ਨਿਰਪੱਖ ਢੰਗ ਨਾਲ ਚੋਣ ਕਰਵਾਉਣ ਲਈ ਸੀਕ੍ਰੇਟ ਬੈਲੇਟ ਦਾ ਪ੍ਰਬੰਧ ਕੀਤਾ ਜਾਵੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News