ਮੱਧ ਪ੍ਰਦੇਸ਼ ਦੀਆਂ ਚੋਣਾਂ ਦੀਆਂ ਚੰਦ ਦਿਲਚਸਪ ਗੱਲਾਂ

10/25/2023 1:54:51 AM

ਅਗਲੇ ਮਹੀਨੇ ਹੋ ਰਹੀਆਂ 5 ਸੂਬਿਆਂ ਦੀਆਂ ਚੋਣਾਂ ’ਚ ਸਭ ਤੋਂ ਵੱਧ ਚਰਚਾ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਹੈ, ਜਿੱਥੇ ਭਾਜਪਾ ਅਤੇ ਕਾਂਗਰਸ ਨੇ ਇਕ-ਦੂਜੇ ਕੋਲੋਂ ਸੱਤਾ ਖੋਹਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ।

ਮੱਧ ਪ੍ਰਦੇਸ਼ ’ਚ ਕਈ ਦਿਲਚਸਪ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹਨ। ਇੱਥੇ ਤਰ੍ਹਾਂ-ਤਰ੍ਹਾਂ ਦੇ ਉਮੀਦਵਾਰ ਸਾਹਮਣੇ ਆ ਰਹੇ ਹਨ। ਇਨ੍ਹਾਂ ’ਚੋਂ ਹੀ ਇਕ ਹਨ ‘ਇੰਦੌਰੀ ਧਰਤੀ ਪਕੜ’ ਦੇ ਨਾਂ ਨਾਲ ਮਸ਼ਹੂਰ ਪਰਮਾਨੰਦ ਤੌਲਾਨੀ (65)।

ਉਹ ਲੋਕ ਸਭਾ, ਵਿਧਾਨ ਸਭਾ ਅਤੇ ਨਗਰ ਨਿਗਮ ਦੀਆਂ ਚੋਣਾਂ ਲੜ ਕੇ 18 ਵਾਰ ਜ਼ਮਾਨਤ ਜ਼ਬਤ ਹੋਣ ਦੇ ਬਾਵਜੂਦ ਹੁਣ 19ਵੀਂ ਵਾਰ ‘ਇੰਦੌਰ-4’ ਵਿਧਾਨ ਸਭਾ ਖੇਤਰ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇੰਨੀਆਂ ਹਾਰਾਂ ਪਿੱਛੋਂ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇੰਦੌਰ ਦੇ ਸਮਝਦਾਰ ਵੋਟਰ ਇਕ ਨਾ ਇਕ ਦਿਨ ਉਨ੍ਹਾਂ ਨੂੰ ਚੋਣ ਜ਼ਰੂਰ ਜਿਤਾਉਣਗੇ।

ਇਨ੍ਹਾਂ ਦੇ ਇਲਾਵਾ ਸੂਬੇ ’ਚ ਕੁਝ ਰਿਸ਼ਤੇਦਾਰ ਵੀ ਆਪਸ ’ਚ ਟਕਰਾਅ ਰਹੇ ਹਨ। ਨਰਮਦਾ ਪੁਰਮ ’ਚ 33 ਸਾਲਾਂ ਤੋਂ ਭਾਜਪਾ ਨਾਲ ਜੁੜੇ 2 ਭਰਾਵਾਂ ਸੀਤਾਸ਼ਰਨ ਸ਼ਰਮਾ (ਛੋਟੇ) ਅਤੇ ਗਿਰਿਜਾ ਸ਼ੰਕਰ ਸ਼ਰਮਾ (ਵੱਡੇ) ਦਰਮਿਆਨ ਮੁਕਾਬਲਾ ਹੈ। ਭਾਜਪਾ ਟਿਕਟ ’ਤੇ ਦੋਵੇਂ ਭਰਾ ਇਸ ਖੇਤਰ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ।

ਇਸ ਵਾਰ ਜਦੋਂ ਗਿਰਿਜਾ ਸ਼ੰਕਰ ਨੂੰ ਭਿਣਕ ਲੱਗੀ ਕਿ ਭਾਜਪਾ ਉਨ੍ਹਾਂ ਨੂੰ ਟਿਕਟ ਨਹੀਂ ਦੇਣ ਜਾ ਰਹੀ ਤਾਂ ਉਨ੍ਹਾਂ ਨੇ ਕਾਂਗਰਸ ਦਾ ਪੱਲਾ ਫੜ ਲਿਆ ਅਤੇ ਹੁਣ ਆਪਣੇ ਭਰਾ ਅਤੇ ਭਾਜਪਾ ਉਮੀਦਵਾਰ ਸੀਤਾਸ਼ਰਨ ਸ਼ਰਮਾ ਵਿਰੁੱਧ ਚੋਣ ਮੈਦਾਨ ’ਚ ਹਨ। ਗਿਰਿਜਾ ਸ਼ੰਕਰ ਸ਼ਰਮਾ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਮੈਂ ਇਹ ਚੋਣ ਜਿੱਤਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ।

‘ਬੁਧਨੀ’ ਸੀਟ ਤੋਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਨੇ ਇਕ ਸੀਰੀਅਲ ’ਚ ਹਨੂਮਾਨ ਦੀ ਭੂਮਿਕਾ ਨਿਭਾਅ ਚੁੱਕੇ ਅਦਾਕਾਰ ‘ਵਿਕ੍ਰਮ ਮਸਤਾਲ’ ਨੂੰ ਉਮੀਦਵਾਰ ਬਣਾਇਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਗੂ ਅਤੇ ਅਦਾਕਾਰ ’ਚ ਕਿਸ ਦਾ ਪੱਲੜਾ ਭਾਰੀ ਰਹਿੰਦਾ ਹੈ।

ਮੱਧ ਪ੍ਰਦੇਸ਼ ’ਚ ਇਕ ਦਿਲਚਸਪ ਚੋਣ ਟੱਕਰ ਕੁੜਮ-ਕੁੜਮਣੀ ਦਰਮਿਆਨ ਵੀ ਹੋਣ ਜਾ ਰਹੀ ਹੈ। ‘ਡਬਰਾ’ ਵਿਧਾਨ ਸਭਾ ਸੀਟ ’ਤੇ ਭਾਜਪਾ ਨੇ ਸਾਬਕਾ ਮੰਤਰੀ ਇਮਰਤੀ ਦੇਵੀ ਨੂੰ ਦੁਬਾਰਾ ਟਿਕਟ ਦਿੱਤੀ ਹੈ, ਜਦਕਿ ਕਾਂਗਰਸ ਨੇ ਉਨ੍ਹਾਂ ਦੇ ਕੁੜਮ ਸੁਰੇਸ਼ ਰਾਜੇ ਨੂੰ ਉਨ੍ਹਾਂ ਦੇ ਵਿਰੁੱਧ ਚੋਣ ’ਚ ਉਤਾਰਿਆ।

ਇਮਰਤੀ ਦੇਵੀ ਪਹਿਲਾਂ ਕਾਂਗਰਸ ’ਚ ਸੀ। ਇਨ੍ਹਾਂ ਦੋਵਾਂ ਵਿਚਾਲੇ ਇਹ ਤੀਜਾ ਮੁਕਾਬਲਾ ਹੋਵੇਗਾ। ਪਿਛਲੀਆਂ ਚੋਣਾਂ ’ਚ ਸੁਰੇਸ਼ ਰਾਜੇ ਨੇ ਇਮਰਤੀ ਨੂੰ 7000 ਵੋਟਾਂ ਨਾਲ ਹਰਾਇਆ ਸੀ।

ਮੱਧ ਪ੍ਰਦੇਸ਼ ’ਚ ‘ਦੇਵ ਤਲਾਬ’ ਸੀਟ ’ਤੇ ਮੁਕਾਬਲਾ ਚਾਚੇ-ਭਤੀਜੇ ਦੇ ਵਿਚਾਲੇ ਹੈ। 3 ਵਾਰ ਦੇ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਗਿਰੀਸ਼ ਗੌਤਮ (ਭਾਜਪਾ) ਅਤੇ ਉਨ੍ਹਾਂ ਦੇ ਭਤੀਜੇ ਪਾਮੇਸ਼ ਗੌਤਮ ਕਾਂਗਰਸ ਦੇ ਉਮੀਦਵਾਰ ਹਨ।

ਵਿੰਧਯਾਚਲ ਦੇ ‘ਸਫੈਦ ਸ਼ੇਰ’ ਦੇ ਨਾਂ ਵਜੋਂ ਮਸ਼ਹੂਰ ਗਿਰੀਸ਼ ਗੌਤਮ 1985, 1993 ਅਤੇ 1998 ’ਚ ਭਾਕਪਾ ਦੀ ਟਿਕਟ ’ਤੇ ਚੋਣ ਲੜ ਕੇ ਹਾਰਦੇ ਰਹੇ, ਜਦਕਿ 2003 ’ਚ ਇਨ੍ਹਾਂ ਨੇ ‘ਕਮਲ’ ਦੇ ਨਿਸ਼ਾਨ ’ਤੇ ਚੋਣ ਲੜ ਕੇ ਪਹਿਲੀ ਵਾਰ ਜਿੱਤ ਦਾ ਸਵਾਦ ਚੱਖਿਆ। ਚਾਚਾ-ਭਤੀਜੇ ’ਚ ਮੁਕਾਬਲਾ ਕਾਂਟੇ ਦਾ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੀ ਵਾਰ ਗਿਰੀਸ਼ ਗੌਤਮ 1080 ਵੋਟਾਂ ਦੇ ਮਾਮੂਲੀ ਫਰਕ ਨਾਲ ਹੀ ਜਿੱਤੇ ਸਨ।

‘ਤਿਮਾਰਨੀ’ ਵਿਧਾਨ ਸਭਾ ਸੀਟ ’ਤੇ ਮੁਕਾਬਲਾ ਚਾਚਾ-ਭਤੀਜੇ ਵਿਚਾਲੇ ਹੀ ਹੈ। ਇੱਥੇ ਭਾਜਪਾ ਨੇ 3 ਵਾਰ ਦੇ ਵਰਤਮਾਨ ਵਿਧਾਇਕ ਸੰਜੇ ਸ਼ਾਹ ਨੂੰ ਟਿਕਟ ਦਿੱਤੀ ਹੈ, ਜਿਨ੍ਹਾਂ ਦਾ ਦੂਜੀ ਵਾਰ ਮੁਕਾਬਲਾ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਉਨ੍ਹਾਂ ਦੇ ਭਤੀਜੇ ਅਭਿਜੀਤ ਸ਼ਾਹ ਨਾਲ ਹੋਣ ਜਾ ਰਿਹਾ ਹੈ।

ਇਹ ਇਕ ਸਾਬਕਾ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਦੋਵਾਂ ਦਾ ਹੀ ਬੈਤੂਲ-ਹਰਦਾ ਸੰਸਦੀ ਖੇਤਰ ’ਚ ਕਾਫੀ ਪ੍ਰਭਾਵ ਹੈ। ਪਿਛਲੀ ਵਾਰ ਚਾਚਾ-ਭਤੀਜੇ ’ਚ ਜਿੱਤ ਦਾ ਫਰਕ 2213 ਵੋਟਾਂ ਦਾ ਸੀ।

ਜਿੱਥੇ ਮੱਧ ਪ੍ਰਦੇਸ਼ ’ਚ ਰਿਸ਼ਤੇਦਾਰਾਂ ’ਚ ਟੱਕਰ ਹੋਣ ਜਾ ਰਹੀ ਹੈ, ਉੱਥੇ ਹੀ ਇਨ੍ਹਾਂ ਚੋਣਾਂ ’ਚ ਇਸ ਵਾਰ ਸਾਧੂ-ਸੰਤਾਂ, ਬਾਬਿਆਂ ਅਤੇ ਕਥਾਵਾਚਕਾਂ ਦੇ ਦਾਖਲੇ ਨਾਲ ਹੀ ਤੰਤਰ-ਮੰਤਰ ਅਤੇ ਜਾਦੂ-ਟੂਣੇ ਦੀ ਐਂਟਰੀ ਵੀ ਹੋ ਗਈ ਹੈ।

ਹਾਲ ਹੀ ’ਚ ਵਾਇਰਲ ਇਕ ਵੀਡੀਓ ’ਚ ਮਹਾਕਾਲ ਦੀ ਨਗਰੀ ਉੱਜੈਨ ਦੇ ‘ਚੱਕਰਤੀਰਥ ਸ਼ਮਸ਼ਾਨਘਾਟ’ ’ਚ ਰਾਤ ਦੇ 2 ਵਜੇ ਸੰਨਾਟੇ ਦਰਮਿਆਨ 6 ਤਾਂਤਰਿਕ ਬਲਦੀਆਂ ਚਿਖਾਵਾਂ ਵਿਚਾਲੇ ਕਮਲਨਾਥ ਦੀ ਫੋਟੋ ਲੈ ਕੇ ਮੰਤਰਾਂ ਦਾ ਉਚਾਰਨ ਕਰਦੇ ਨਜ਼ਰ ਆ ਰਹੇ ਹਨ।

ਤੰਤਰ ਕਿਰਿਆ ਦੌਰਾਨ ਉਨ੍ਹਾਂ ਕੋਲ ਪੁਤਲੀਆਂ, ਹਵਨ ਸਮੱਗਰੀ, ਨਿੰਬੂ ਅਤੇ ਸ਼ਰਾਬ ਵੀ ਰੱਖੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਂਦੇ ਹੀ ਭਾਜਪਾ ਨੂੰ ਕਾਂਗਰਸ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ।

ਇਸ ’ਤੇ ਟਿੱਪਣੀ ਕਰਦੇ ਹੋਏ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਹੈ ਕਿ ‘‘ਕਮਲਨਾਥ ਕਰ ਰਹੇ ਤੰਤਰ-ਮੰਤਰ ਪਰ ਸਾਨੂੰ ਚਾਹੀਦਾ ਹੈ ਲੋਕਤੰਤਰ।’’

ਮੱਧ ਪ੍ਰਦੇਸ਼ ਦੀਆਂ ਚੋਣਾਂ ’ਚ ਕੁਝ ਇਸ ਤਰ੍ਹਾਂ ਦੇ ਘਟਨਾਕ੍ਰਮਾਂ ਨੇ ਚੋਣਾਂ ਨੂੰ ਕਾਫੀ ਦਿਲਚਸਪ ਬਣਾ ਦਿੱਤਾ ਹੈ ਪਰ ਅਜੇ ਕਿਉਂਕਿ ਵੋਟਾਂ ਪੈਣ ’ਚ ਸਮਾਂ ਹੈ, ਇਸ ਲਈ ਅੱਗੇ-ਅੱਗੇ ਦੇਖੋ ਕੀ ਹੁੰਦਾ ਹੈ!

-ਵਿਜੇ ਕੁਮਾਰ


Mukesh

Content Editor

Related News