ਉੱਤਰੀ-ਪੱਛਮੀ ਬੰਗਾਲ ਦੀਆਂ 3 ਸੀਟਾਂ ’ਤੇ ਮੁਕਾਬਲਾ ਦਿਲਚਸਪ

Tuesday, Apr 16, 2024 - 12:15 PM (IST)

ਨਵੀਂ ਦਿੱਲੀ- ਉੱਤਰੀ-ਪੱਛਮੀ ਬੰਗਾਲ ’ਚ 19 ਅਪ੍ਰੈਲ ਨੂੰ ਹੋਣ ਵਾਲੀ ਪਹਿਲੇ ਪੜਾਅ ਦੀ ਵੋਟਿੰਗ ’ਚ 3 ਸੀਟਾਂ ਅਲੀਪੁਰਦੁਆਰ, ਕੂਚ ਬਿਹਾਰ ਤੇ ਜਲਪਾਈਗੁੜੀ ’ਤੇ ਭਾਜਪਾ ਨੂੰ ਰੋਕਣ ਲਈ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇ ਪੂਰਾ ਜ਼ੋਰ ਲਾਇਆ ਹੋਇਆ ਹੈ।

ਅਲੀਪੁਰਦੁਆਰ : ਇੱਥੇ ਭਾਜਪਾ ਨੇ ਇਸ ਵਾਰ ਮੌਜੂਦਾ ਸੰਸਦ ਮੈਂਬਰ ਤੇ ਕੇਂਦਰੀ ਰਾਜ ਮੰਤਰੀ ਜਾਨ ਬਾਰਲਾ ਨੂੰ ਨਜ਼ਰਅੰਦਾਜ਼ ਕਰ ਕੇ ਮਦਾਰੀਹਾਟ ਦੇ ਵਿਧਾਇਕ ਮਨੋਜ ਤਿੱਗਾ ਨੂੰ ਟਿਕਟ ਦਿੱਤੀ ਹੈ। ਭਾਜਪਾ ਨੂੰ ਆਸ ਹੈ ਕਿ ਚਿਹਰੇ ਬਦਲਣ ਨਾਲ ਵੋਟਰ ਉਤਸ਼ਾਹਿਤ ਹੋ ਕੇ ਭਾਜਪਾ ਨੂੰ ਵੋਟ ਦੇਣਗੇ। ਟੀ. ਐੱਮ. ਸੀ. ਨੇ ਪਾਰਟੀ ਦੇ ਰਾਜ ਸਭਾ ਮੈਂਬਰ ਪ੍ਰਕਾਸ਼ ਚਿਕਬੜਾਈਕ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਟੀ. ਐੱਮ ਸੀ. ਦੇ ਨੇਤਾ ਸੌਰਵ ਚੱਕਰਵਤੀ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਪਿਛਲੀ ਵਾਰ ਐੱਨ. ਆਰ. ਸੀ. ਤੇ ਸੀ. ਏ. ਏ. ਦੇ ਵਾਅਦੇ ਦੇ ਭਰੋਸੇ ਲੋਕਾਂ ਦਾ ਵਿਸ਼ਵਾਸ ਹਾਸਲ ਕੀਤਾ ਸੀ। ਅਸਾਮ ’ਚ ਐੱਨ. ਆਰ. ਸੀ. ਦੇ ਤਜਰਬੇ ਨੇ ਹੁਣ ਉਨ੍ਹਾਂ ਦਾ ਭੁਲੇਖਾ ਦੂਰ ਕਰ ਦਿੱਤਾ ਹੈ।

ਜਲਪਾਈਗੁੜੀ : ਚੱਕਰਵਾਤ ਤੋਂ ਇਲਾਵਾ ਟੀ. ਐੱਮ. ਸੀ. ਦੇ ਉਮੀਦਵਾਰ ਨਿਰਮਲ ਚੰਦਰ ਰਾਏ ਤੇ ਭਾਜਪਾ ਦੇ ਉਮੀਦਵਾਰ ਜਯੰਤ ਕੁਮਾਰ ਰਾਏ ਆਪਣੀਆਂ ਮੁਹਿੰਮਾਂ ’ਚ ਜਲਪਾਈਗੁੜੀ ਦੇ ਵਿਕਾਸ ਦੇ ਮੁੱਦੇ ਨੂੰ ਉਜਾਗਰ ਕਰ ਰਹੇ ਹਨ। ਸੂਬਾ ਸਰਕਾਰ ਦੀਆਂ ਸਮਾਜਿਕ ਯੋਜਨਾਵਾਂ ਦੇ ਨਾਲ-ਨਾਲ ਨਿਰਮਲ ਚੰਦਰ ਰਾਏ ਇਸ ਗੱਲ ’ਤੇ ਜ਼ੋਰ ਦੇ ਰਹੇ ਹਨ ਕਿ ਟੀ. ਐੱਮ. ਸੀ. ਸਰਕਾਰ ਉੱਤਰੀ ਬੰਗਾਲ ਦੇ ਵਿਕਾਸ ਨੂੰ ਕਿਵੇਂ ਅਹਿਮੀਅਤ ਦੇ ਰਹੀ ਹੈ। ਦੂਜੇ ਪਾਸੇ ਜਯੰਤ ਕੁਮਾਰ ਰਾਏ ਦਾਅਵਾ ਕਰ ਰਹੇ ਹਨ ਕਿ ਉਹ ਪਹਿਲੇ ਸੰਸਦ ਮੈਂਬਰ ਸਨ ਜਿਨ੍ਹਾਂ ਨੇ ਜਲਪਾਈਗੁੜੀ ਦੇ ਵਿਕਾਸ ਦਾ ਮੁੱਦਾ ਸੰਸਦ ਵਿਚ ਉਠਾਇਆ ਸੀ।

ਕੂਚ ਬਿਹਾਰ : ਇਸੇ ਤਰ੍ਹਾਂ ਕੂਚਬਿਹਾਰ ’ਚ 2 ਰਾਜਬੋਂਗਸ਼ੀਆਂ ਵਿਚਾਲੇ ਲੜਾਈ ਵਿਚ ਭਾਜਪਾ ਦੇ ਧਾਕੜ ਨਿਸ਼ਿਥ ਪ੍ਰਮਾਣਿਕ ਦਾ ਮੁਕਾਬਲਾ ਟੀ. ਐੱਮ. ਸੀ. ਦੇ ਉਭਰਦੇ ਚਿਹਰੇ ਜਗਦੀਸ਼ ਚੰਦਰ ਬਰਮਾ ਬਸੁਨੀਆ ਨਾਲ ਹੈ। ਭਾਜਪਾ ਤੇ ਟੀ. ਐੱਮ. ਸੀ. ਦੋਵਾਂ ਨੂੰ ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਜ਼ਿਲੇ ਵਿਚ ਰਾਜਬੋਂਗਸ਼ੀ ਭਾਵਨਾਵਾਂ ਦੇ ਮੁੱਦੇ ਦਾ ਸਾਹਮਣਾ ਕਰਨਾ ਪਿਆ ਹੈ। ਪ੍ਰਮਾਣਿਕ ਕਹਿੰਦੇ ਹਨ ਕਿ ਸੂਬਾ ਸਰਕਾਰ ਦੇ ਦਾਅਵਿਆਂ ਨੂੰ ਛੋਟੀਆਂ ਚੀਜ਼ਾਂ ਦੱਸ ਕੇ ਘੱਟ ਅਹਿਮੀਅਤ ਦਿੱਤੀ ਗਈ। ਰਾਜਬੋਂਗਸ਼ੀ ਜਾਣਦੇ ਹਨ ਕਿ ਜੇ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਵਿਕਾਸ ਕਰਦਾ ਹੈ ਤਾਂ ਕੂਚ ਬਿਹਾਰ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ।


Rakesh

Content Editor

Related News