ਆਖਿਰ ਕਿੱਧਰ ਜਾ ਰਹੀਆਂ ਹਨ ਭਾਰਤੀ ਚੰਦ ਔਰਤਾਂ
Wednesday, Jun 14, 2023 - 03:10 AM (IST)

ਅੱਜ ਇਕ ਬੰਨੇ ਜਿੱਥੇ ਔਰਤਾਂ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਰਹੀਆਂ ਹਨ ਉੱਥੇ ਹੀ ਕੁਝ ਆਪਣੀ ਮਰਿਆਦਾ ਨੂੰ ਭੁੱਲ ਕੇ ਝੂਠੀ ਮੁਕੱਦਮੇਬਾਜ਼ੀ, ਨਸ਼ਾ-ਖੋਰੀ, ਜੂਏਬਾਜ਼ੀ, ਮਨੁੱਖੀ ਸਮੱਗਲਿੰਗ, ਹੱਤਿਆ ਵਰਗੇ ਗਲਤ ਕੰਮ ਕਰ ਰਹੀਆਂ ਹਨ।
ਉਦਾਹਰਣ ਵਜੋਂ : ਪੇਸ਼ ਕਰ ਰਹੇ ਹਾਂ ਚੰਦ ਤਾਜ਼ਾ ਘਟਨਾਵਾਂ :-
* 12 ਜੂਨ ਨੂੰ ਮੁਜ਼ੱਫਰਪੁਰ (ਬਿਹਾਰ) ਦੇ ਵਾਸੂਦੇਵਪੁਰ ਸਰਾਏ ਪਿੰਡ ’ਚ ਸੈਲਫੀ ਲੈਣ ਅਤੇ ਰੀਲ ਬਣਾਉਣ ਦੇ ਬਹਾਨੇ ਇਕ ਔਰਤ ਨੇ ਆਪਣੇ ਪਤੀ ਨੂੰ ਰੁੱਖ ਨਾਲ ਬੰਨ੍ਹ ਕੇ ਉਸ ਦੇ ਸਰੀਰ ’ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਦਿੱਤੀ ਜਿਸ ਨਾਲ ਉਸ ਨੂੰ ਅੱਗ ’ਚ ਝੁਲਸਦਾ ਦੇਖ ਕੇ ਸਥਾਨਕ ਲੋਕਾਂ ਨੇ ਹਸਪਤਾਲ ਪਹੁੰਚਾਇਆ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਔਰਤ ਦੇ ਕਿਸੇ ਹੋਰ ਨਾਲ ਪ੍ਰੇਮ ਸਬੰਧਾਂ ਕਾਰਨ ਉਸ ਨੇ ਇਹ ਕਦਮ ਉਠਾਇਆ।
* 5 ਜੂਨ ਨੂੰ ਪਟਨਾ (ਬਿਹਾਰ) ’ਚ ਇਕ ਔਰਤ ਨੇ ਵਿਆਹ ਦੇ 2 ਦਿਨ ਬਾਅਦ ਹੀ ਆਪਣੇ ਪਤੀ ਦਾ ਪ੍ਰਾਈਵੇਟ ਪਾਰਟ ਚਾਕੂ ਨਾਲ ਕੱਟ ਦਿੱਤਾ। ਸੀ. ਆਰ. ਪੀ. ਐੱਫ. ਦੇ ਜਵਾਨ ਅਤੇ ਲੜਕੀ ਦਾ 3 ਸਾਲਾਂ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਪਰ ਲੜਕੇ ਦੀ ਕਿਸੇ ਹੋਰ ਲੜਕੀ ਨਾਲ ਸ਼ਾਦੀ ਤੈਅ ਹੋਣ ਦਾ ਪਤਾ ਲੱਗਣ ’ਤੇ ਪ੍ਰੇਮਿਕਾ ਨੇ ਉਸ ਨੂੰ ਆਤਮਹੱਤਿਆ ਦੀ ਧਮਕੀ ਦੇ ਕੇ ਪਟਨਾ ਬੁਲਾਇਆ ਤੇ ਉਸ ’ਤੇ ਦਬਾਅ ਪਾ ਕੇ ਉਸ ਨਾਲ ਸ਼ਾਦੀ ਕਰ ਲਈ।
ਬਾਅਦ ’ਚ ਹੋਟਲ ’ਚ ਬਹਿਸਬਾਜ਼ੀ ਦੌਰਾਨ ਲੜਕੀ ਨੇ ਲੜਕੇ ਦੀ ਬੇਵਫਾਈ ਦਾ ਬਦਲਾ ਲੈਣ ਲਈ ਉਸ ਦੇ ਪ੍ਰਾਈਵੇਟ ਪਾਰਟ ’ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਕੱਟ ਦਿੱਤਾ।
* 9 ਜੂਨ ਨੂੰ ਚੱਬੇਵਾਲ (ਪੰਜਾਬ) ਦੇ ਪਿੰਡ ਮੈਨੀ ’ਚ 2 ਔਰਤਾਂ ਨੇ ਆਪਣੀ ਸੱਸ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਬਾਂਹ ਟੁੱਟ ਗਈ।
* 5 ਜੂਨ ਨੂੰ ਹਨੂੰਮਾਨਗੜ੍ਹ (ਰਾਜਸਥਾਨ) ਦੀ ਤਲਵਾੜਾ ਪੁਲਸ ਨੇ ਇਕ ਔਰਤ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 50 ਗ੍ਰਾਮ ਸਮੈਕ ਬਰਾਮਦ ਕੀਤੀ ਜਦਕਿ ਇਕ ਹੋਰ ਔਰਤ ਨਸ਼ਾ ਸਮੱਗਲਰ ਹਨੇਰੇ ਦਾ ਲਾਭ ਉਠਾ ਕੇ ਨਾਜਾਇਜ਼ ਸ਼ਰਾਬ ਛੱਡ ਕੇ ਫਰਾਰ ਹੋ ਗਈ।
* 5 ਜੂਨ ਨੂੰ ਹੀ ਸ਼੍ਰੀਗੰਗਾਨਗਰ (ਰਾਜਸਥਾਨ) ’ਚ ਨਸ਼ਾ ਸਮੱਗਲਰਾਂ ਵਿਰੁੱਧ ਆਪਣੀ ਤਰ੍ਹਾਂ ਦੀ ਪਹਿਲੀ ਕਾਰਵਾਈ ’ਚ ਪੁਲਸ ਨੇ ਔਰਤ ਨਸ਼ਾ ਸਮੱਗਲਰ ‘ਊਸ਼ਾ ਛਜਗਿਰੀਆ’ ਦੀ ਆਲੀਸ਼ਾਨ ਕੋਠੀ ਨੂੰ ਕਬਜ਼ਾ ਮੰਨਦਿਆਂ ਢਹਿ-ਢੇਰੀ ਕਰ ਦਿੱਤਾ। ਵਰਨਣਯੋਗ ਹੈ ਕਿ ਊਸ਼ਾ ਵਿਰੁੱਧ 11 ਮੁਕੱਦਮੇ ਦਰਜ ਹਨ।
* 3 ਜੂਨ ਰਾਤ ਨੂੰ ਭਾਗਲਪੁਰ (ਬਿਹਾਰ) ਦੇ ‘ਕੁਸ਼ਵਾਹਾਪੁਰ’ ’ਚ ਰਜ਼ੀਆ ਨਾਂ ਦੀ ਲੜਕੀ ਨੇ ਘਰ ’ਚ ਸੌਂ ਰਹੇ ਆਪਣੇ ਪਿਤਾ ਮੁਹੰਮਦ ਸ਼ੇਖ ਅਤੇ ਮਾਂ ਨਸੀਮਾ ਖਾਤੂਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਅਤੇ ਜਦ ਰਜ਼ੀਆ ਦਾ ਭਰਾ ਆਪਣੇ ਮਾਂ-ਬਾਪ ਨੂੰ ਬਚਾਉਣ ਆਇਆ ਤਾਂ ਰਜ਼ੀਆ ਨੇ ਉਸ ’ਤੇ ਵੀ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
* 3 ਜੂਨ ਨੂੰ ਪੁਲਸ ਨੇ ਰਾਜਕੋਟ ਸ਼ਹਿਰ (ਗੁਜਰਾਤ) ’ਚ ਇਕ ਫਲੈਟ ’ਤੇ ਛਾਪਾ ਮਾਰ ਕੇ ਉੱਥੇ ਜੂਆ ਖੇਡ ਰਹੀਆਂ 7 ਔਰਤਾਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 33,400 ਰੁਪਏ ਨਕਦ ਅਤੇ ਹੋਰ ਸਾਮਾਨ ਬਰਾਮਦ ਕੀਤਾ।
* 1 ਤੇ 2 ਜੂਨ ਨੂੰ ਫਿਰੋਜ਼ਪੁਰ (ਪੰਜਾਬ) ਸਥਿਤ ਇਲੈਕਟ੍ਰਾਨਿਕਸ ਦੇ ਇਕ ਗੋਦਾਮ ’ਚੋਂ ਚੋਰਾਂ ਦਾ ਇਕ ਗਿਰੋਹ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਕੇ ਲੈ ਗਿਆ। ਇਸ ਸਿਲਸਿਲੇ ’ਚ 3 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
* 1 ਜੂਨ ਨੂੰ ਗੁਰੂਗ੍ਰਾਮ (ਹਰਿਆਣਾ) ’ਚ ਪੁਲਸ ਨੇ ਇਕ ਔਰਤ ਨੂੰ ਕਈ ਮਰਦਾਂ ਵਿਰੁੱਧ ਜਬਰ-ਜ਼ਨਾਹ ਅਤੇ ਕੁੱਟ-ਮਾਰ ਦਾ ਫਰਜ਼ੀ ਮਾਮਲਾ ਦਰਜ ਕਰਵਾਉਣ ਅਤੇ ਪੁਲਸ ਨੂੰ ਗੁੰਮਰਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 29 ਮਈ ਨੂੰ ਸਾਂਬਾ (ਜੰਮੂ) ਪੁਲਸ ਨੇ ਨੌਜਵਾਨਾਂ ਨੂੰ ਹੈਰੋਇਨ ਦੀ ਸਪਲਾਈ ਕਰਨ ਵਾਲੀ ਇਕ ਔਰਤ ਨੂੰ ਬਾੜੀ ਬ੍ਰਾਹਮਣਾਂ ਤੋਂ ਗ੍ਰਿਫਤਾਰ ਕੀਤਾ ਜੋ ਪੁਲਸ ਦੇ ਹਮਲੇ ’ਚ ਵੀ ਸ਼ਾਮਲ ਸੀ।
* 30 ਮਈ ਨੂੰ ਰੋਹਤਾਸ (ਬਿਹਾਰ) ਦੇ ਨੋਹੱਟਾ ’ਚ ਪੁਲਸ ਨੇ ਨਾਬਾਲਿਗ ਲੜਕੀਆਂ ਨੂੰ ਗੁੰਮਰਾਹ ਕਰ ਕੇ ਘਰਾਂ ਤੋਂ ਭਜਾ ਕੇ ਵੇਚਣ ਵਾਲੀਆਂ 2 ਔਰਤ ਮਨੁੱਖੀ ਸਮੱਗਲਰਾਂ ਕੁੰਤੀ ਦੇਵੀ ਅਤੇ ਕਵਿਤਾ ਕੁਮਾਰੀ ਨੂੰ ਗ੍ਰਿਫਤਾਰ ਕੀਤਾ।
ਉੱਚ ਆਦਰਸ਼ਾਂ ਅਤੇ ਨੈਤਿਕਤਾ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਭਾਰਤੀ ਔਰਤਾਂ ਦੇ ਅਜਿਹੇ ਆਚਰਣ ਨੂੰ ਕਿਸੇ ਵੀ ਦ੍ਰਿਸ਼ਟੀ ਤੋਂ ਉਚਿਤ ਨਹੀਂ ਕਿਹਾ ਜਾ ਸਕਦਾ। ਇਸ ਮਾਮਲੇ ’ਚ ਨਾਰੀ ਜਾਤੀ ਨੂੰ ਹੀ ਸੋਚਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਆਚਰਣ ਨਾਲ ਉਹ ਆਪਣੇ ਬਾਰੇ ਕਿਸ ਤਰ੍ਹਾਂ ਦਾ ਸੰਦੇਸ਼ ਦੇ ਰਹੀਆਂ ਹਨ।
- ਵਿਜੇ ਕੁਮਾਰ