15 ਘੰਟੇ ਤਕ ਲੇਟ ਰਹੀਆਂ ਰੀ-ਸ਼ੈਡਿਊਲ ਟ੍ਰੇਨਾਂ, ਯਾਤਰੀਆਂ ਨੂੰ ਕਰਨੀ ਪੈ ਰਹੀ ਲੰਮੀ ਉਡੀਕ

Tuesday, May 13, 2025 - 04:09 AM (IST)

15 ਘੰਟੇ ਤਕ ਲੇਟ ਰਹੀਆਂ ਰੀ-ਸ਼ੈਡਿਊਲ ਟ੍ਰੇਨਾਂ, ਯਾਤਰੀਆਂ ਨੂੰ ਕਰਨੀ ਪੈ ਰਹੀ ਲੰਮੀ ਉਡੀਕ

ਜਲੰਧਰ (ਪੁਨੀਤ) – ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ, ਜੋ ਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਲੋਕਲ ਤੋਂ ਲੈ ਕੇ ਲੰਮੇ ਰੂਟਾਂ ਦੀਆਂ ਟ੍ਰੇਨਾਂ ਦੇਰੀ ਨਾਲ ਪਹੁੰਚ ਰਹੀਆਂ ਹਨ, ਜਿਸ ਕਾਰਨ ਯਾਤਰੀਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਇਸੇ ਸਿਲਸਿਲੇ ਵਿਚ ਮੋਰਧਵਜ ਐਕਸਪ੍ਰੈੱਸ 14691 ਬ੍ਰਾਊਨੀ ਲੱਗਭਗ 3 ਘੰਟੇ ਲੇਟ ਰਹਿੰਦੇ ਹੋਏ ਕੈਂਟ ਪੁੱਜੀ। ਕਟਿਹਾਰ ਤੋਂ ਚੱਲਣ ਵਾਲੀ 15707 ਆਮਰਪਾਲੀ ਐਕਸਪ੍ਰੈੱਸ 4 ਘੰਟੇ ਲੇਟ ਰਹੀ। ਸਵੇਰੇ ਸਾਢੇ 10 ਦੀ ਥਾਂ ਉਹ ਦੁਪਹਿਰ 2.50 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ।

ਸਹਰਸਾ ਤੋਂ ਚੱਲਣ ਵਾਲੀ 15531 ਜਨਸਾਧਾਰਨ ਐਕਸਪ੍ਰੈੱਸ 5 ਘੰਟੇ ਲੇਟ ਰਹੀ ਅਤੇ ਸਵੇਰੇ 11.10 ਤੋਂ ਲੇਟ ਰਹਿੰਦੇ ਹੋਏ ਸ਼ਾਮ 4 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ। ਅੰਮ੍ਰਿਤਸਰ ਜਾਣ ਵਾਲੀ ਜਨਸੇਵਾ ਐਕਸਪ੍ਰੈੱਸ 14617 ਦੁਪਹਿਰ 3 ਵਜੇ ਤੋਂ ਪੌਣੇ 2 ਘੰਟੇ ਲੇਟ ਰਹਿੰਦੇ ਹੋਏ ਸ਼ਾਮ ਪੌਣੇ 5 ਵਜੇ ਸਿਟੀ ਵਿਚ ਪੁੱਜੀ। ਡਾ.ਅੰਬੇਡਕਰ ਨਗਰ ਤੋਂ ਚੱਲ ਕੇ ਵੈਸ਼ਨੋ ਦੇਵੀ ਜਾਣ ਵਾਲੀ ਮਾਲਵਾ ਐਕਸਪ੍ਰੈੱਸ 12919 ਲੱਗਭਗ ਇਕ ਘੰਟੇ ਦੀ ਦੇਰੀ ਨਾਲ ਸਾਢੇ 11 ਵਜੇ ਕੈਂਟ ਪੁੱਜੀ। ਲੋਕਲ ਟ੍ਰੇਨਾਂ ਦੀ ਗੱਲ ਕੀਤੀ ਜਾਵੇ ਤਾਂ 64551 ਲੁਧਿਆਣਾ-ਛੇਹਰਟਾ ਇਕ ਘੰਟੇ ਦੀ ਦੇਰੀ ਨਾਲ ਪੌਣੇ 11 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ।

ਉਥੇ ਹੀ, ਵੱਖ-ਵੱਖ ਕਾਰਨਾਂ ਕਰ ਕੇ ਰੀ-ਸ਼ੈਡਿਊਲ ਕਰ ਕੇ ਦੇਰੀ ਨਾਲ ਚਲਾਈਆਂ ਜਾਣ ਵਾਲੀਆਂ ਟ੍ਰੇਨਾਂ 15 ਘੰਟੇ ਅਤੇ ਇਸ ਤੋਂ ਵੱਧ ਸਮੇਂ ਦੀ ਦੇਰੀ ਨਾਲ ਜਲੰਧਰ ਸਿਟੀ ਅਤੇ ਕੈਂਟ ਸਟੇਸ਼ਨਾਂ ’ਤੇ ਪੁੱਜੀਆਂ। ਇਨ੍ਹਾਂ ਵਿਚ ਜੰਮੂ ਤੋਂ ਰਾਤ ਸਮੇਂ ਚੱਲਣ ਵਾਲੀ 14662 ਸ਼ਾਲੀਮਾਰ ਮਾਲਿਨੀ 8 ਘੰਟੇ ਦੀ ਦੇਰੀ ਨਾਲ ਚੱਲੀ ਅਤੇ ਜਲੰਧਰ ਕੈਂਟ ਸਟੇਸ਼ਨ ’ਤੇ 9 ਘੰਟੇ ਦੀ ਦੇਰੀ ਨਾਲ ਪੁੱਜੀ। ਆਗਰਾ ਕੈਂਟ ਤੋਂ 8 ਘੰਟੇ ਦੀ ਦੇਰੀ ਨਾਲ ਚੱਲਣ ਵਾਲੀ 11905 ਹੁਸ਼ਿਆਰਪੁਰ ਐਕਸਪ੍ਰੈੱਸ ਸ਼ਾਮ 4 ਵਜੇ ਕੈਂਟ ਪੁੱਜੀ। ਅਜਮੇਰ ਤੋਂ 14 ਘੰਟੇ ਦੀ ਦੇਰੀ ਨਾਲ ਚੱਲਣ ਵਾਲੀ 12413 ਐਕਸਪ੍ਰੈੱਸ ਸਾਢੇ 15 ਘੰਟੇ ਲੇਟ ਰਹਿੰਦੇ ਹੋਏ ਕੈਂਟ ਪੁੱਜੀ। ਦੇਰੀ ਨਾਲ ਅੰਮ੍ਰਿਤਸਰ ਤੋਂ ਚੱਲਣ ਵਾਲੀ 12054 ਹਰਿਦੁਆਰ ਜਨ-ਸ਼ਤਾਬਦੀ ਲੱਗਭਗ 4 ਘੰਟੇ ਲੇਟ ਰਹਿੰਦੇ ਹੋਏ ਦੁਪਹਿਰ 12 ਵਜੇ ਸਿਟੀ ਸਟੇਸ਼ਨ ’ਤੇ ਪੁੱਜੀ।
 


author

Inder Prajapati

Content Editor

Related News