''ਆਪਰੇਸ਼ਨ ਸਿੰਦੂਰ'' ਨਾਲ ਭਾਰਤੀ ਫ਼ੌਜ ਨੇ ਪਹਿਲਗਾਮ ਹਮਲੇ ਦਾ ਲਿਆ ਬਦਲਾ : ਅਰਵਿੰਦ ਖੰਨਾ
Thursday, May 08, 2025 - 04:23 PM (IST)

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਭਾਰਤੀ ਜਵਾਨਾਂ ਨੇ ਪਹਿਲਗਾਮ ਹਮਲੇ ਦਾ ਡੱਟ ਕੇ ਜਵਾਬ ਦਿੱਤਾ ਹੈ। 'ਆਪਰੇਸ਼ਨ ਸਿੰਦੂਰ' ਰਾਹੀਂ ਕੀਤਾ ਗਿਆ ਇਹ ਫ਼ੈਸਲਾ ਸਿਰਫ ਬਦਲੇ ਦੀ ਕਾਰਵਾਈ ਨਹੀਂ ਸੀ, ਸਗੋਂ ਇਹ ਸਾਫ ਸੁਨੇਹਾ ਸੀ ਕਿ ਭਾਰਤ ਦੀ ਰੱਖਿਆ-ਪੰਕਤੀ ਅਟੁੱਟ ਹੈ ਅਤੇ ਕਿਸੇ ਵੀ ਨਾਪਾਕ ਮਨਸੂਬੇ ਨੂੰ ਕਦੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਕਾਰਵਾਈ ਸਿਰਫ ਫ਼ੌਜੀ ਤਾਕਤ ਨਹੀਂ, ਸਗੋਂ ਦੇਸ਼ ਪ੍ਰਤੀ ਸਾਡੀ ਵਫ਼ਾਦਾਰੀ ਅਤੇ ਦ੍ਰਿੜ਼ ਨਿਸ਼ਚੇ ਦਾ ਪ੍ਰਤੀਕ ਹੈ।
ਪਹਿਲਗਾਮ ਹਮਲੇ ਵਿੱਚ ਜਿਨ੍ਹਾਂ ਜਵਾਨਾਂ ਨੇ ਸ਼ਹਾਦਤ ਦਿੱਤੀ, ਇਹ ਆਪਰੇਸ਼ਨ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਪੂਰਾ ਦੇਸ਼ ਆਪਣੇ ਵੀਰ ਜਵਾਨਾਂ ਦੀ ਬਹਾਦਰੀ ਅਤੇ ਸ਼ਹੀਦੀ 'ਤੇ ਮਾਣ ਮਹਿਸੂਸ ਕਰਦਾ ਹੈ। ਅਰਵਿੰਦ ਖੰਨਾ ਨੇ ਅੱਗੇ ਕਿਹਾ ਕਿ ਭਾਰਤ ਸ਼ਾਂਤੀ ਪਸੰਦ ਦੇਸ਼ ਹੈ ਪਰ ਜੇਕਰ ਕੋਈ ਸਾਡੇ ਸਬਰ ਦੀ ਪਰਖ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਭਾਰੀ ਮੁੱਲ ਚੁਕਾਉਣਾ ਪਵੇਗਾ।
ਸਾਨੂੰ ਆਪਣੇ ਸੁਰੱਖਿਆ ਬਲਾਂ ਦੀ ਤਿਆਰੀ, ਸਮਰੱਥਾ ਅਤੇ ਸੰਕਲਪ 'ਤੇ ਪੂਰਾ ਭਰੋਸਾ ਹੈ। ਇਹ ਆਪਰੇਸ਼ਨ ਸਿੱਧ ਕਰਦਾ ਹੈ ਕਿ ਜਦੋਂ ਤੱਕ ਭਾਰਤੀ ਜਵਾਨ ਸਰਹੱਦਾਂ 'ਤੇ ਮੁੱਤਬਰ ਹਨ, ਸਾਡੀ ਰੱਖਿਆ-ਰੇਖਾ ਕਦੇ ਨਹੀਂ ਟੁੱਟ ਸਕਦੀ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਅਸੀਂ ਆਪਣੀ ਫ਼ੌਜ ਅਤੇ ਸੁਰੱਖਿਆ ਏਜੰਸੀਆਂ ਦੇ ਹੌਂਸਲੇ ਨੂੰ ਹੋਰ ਮਜ਼ਬੂਤ ਬਣਾਈਏ ਅਤੇ ਦੇਸ਼ ਵਿਰੋਧੀ ਤੱਤਾਂ ਖ਼ਿਲਾਫ ਇੱਕਜੁਟ ਹੋਈਏ।