ਕਾਰ ''ਚ ਸਵਾਰ ਔਰਤਾਂ ਨੇ ਇੱਕ ਬਜ਼ੁਰਗ ਔਰਤ ਤੋਂ ਖੋਹਿਆ ਸੋਨੇ ਦਾ ਬ੍ਰੇਸਲੇਟ
Saturday, May 03, 2025 - 09:42 PM (IST)

ਜੈਤੋ (ਜਿੰਦਲ, ਲਵਿਸ਼) ਅੱਜ ਸਵੇਰੇ ਲਗਭਗ 9 ਵਜੇ ਚੌਧਰੀ ਬ੍ਰਿਜ ਲਾਲ ਸਟਰੀਟ ਵਿਖੇ ਇੱਕ ਕਾਰ ਵਿੱਚ ਸਵਾਰ ਦੋ ਔਰਤਾਂ ਨੇ 80 ਸਾਲਾ ਬਜ਼ੁਰਗ ਔਰਤ ਤ੍ਰਿਸ਼ਨਾ ਦੇਵੀ, ਧਰਮਪਤਨੀ ਸ਼੍ਰੀ ਰਾਜ ਕੁਮਾਰ, ਦੀ ਬਾਂਹ ਵਿੱਚੋ 16 ਗ੍ਰਾਮ ਸੋਨੇ ਦਾ ਬਰੇਸਲੇਟ (ਕੀਮਤ 1.5 ਲੱਖ) ਖੋਹ ਲਿਆ ਅਤੇ ਕਾਰ ਭਜਾ ਕੇ ਲੈ ਗਏ। ਇਸ ਸਬੰਧੀ ਪ੍ਰਭਾਵਿਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਆਪਣੇ ਥੜ੍ਹੇ 'ਤੇ ਖੜ੍ਹੀ ਸੀ। ਅਚਾਨਕ ਇੱਕ ਕਾਰ ਉਸਦੇ ਨੇੜੇ ਆ ਕੇ ਰੁਕੀ। ਜਿਸ ਵਿੱਚ ਦੋ ਧੋਖੇਬਾਜ਼ ਔਰਤਾਂ ਪਿਛਲੀ ਸੀਟ 'ਤੇ ਬੈਠੀਆਂ ਸਨ। ਕਾਰ ਦਾ ਨੰਬਰ ਵੀ ਗਲਤ ਸੀ। ਕਾਰ ਵਿੱਚ ਬੈਠੀ ਔਰਤ ਨੇ ਇਸ ਔਰਤ (ਜੋ ਘਰ ਦੇ ਬਾਹਰ ਖੜ੍ਹੀ ਸੀ) ਤੋਂ ਪਾਣੀ ਮੰਗਿਆ ਅਤੇ ਕਿਹਾ ਕਿ ਤੁਹਾਡੀ ਭੈਣ ਵੀ ਕਾਰ ਵਿੱਚ ਹੈ, ਤੁਸੀਂ ਕਾਰ ਦੇ ਦੂਜੇ ਪਾਸੇ ਆ ਕੇ ਉਸਨੂੰ ਮਿਲੋ। ਜਦੋਂ ਉਹ ਉੱਥੇ ਗਈ ਤਾਂ ਕਾਰ ਵਿੱਚ ਬੈਠੀ ਔਰਤ ਨੇ ਦਰਵਾਜ਼ਾ ਖੋਲ੍ਹਿਆ ਅਤੇ ਬਜ਼ੁਰਗ ਔਰਤ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੇ ਬਜ਼ੁਰਗ ਔਰਤ ਦੀ ਬਾਂਹ ਕਾਰ ਦੇ ਅੰਦਰ ਕਰ ਲਈ ਅਤੇ ਉਸਦੀ ਬਾਂਹ ਵਿਚ ਪਹਿਣਿਆ ਹੋਇਆ ਸੋਨੇ ਦਾ ਬਰੇਸਲੇਟ ਉਤਾਰ ਲਿਆ। ਔਰਤ ਨੂੰ ਇਸ ਬਾਰੇ ਕੁਝ ਨਹੀਂ ਪਤਾ ਲੱਗਿਆ। ਜਦੋਂ ਔਰਤ ਪਾਣੀ ਲੈਣ ਲਈ ਆਪਣੇ ਘਰ ਵੱਲ ਗਈ ਤਾਂ ਉਸਨੇ ਦੇਖਿਆ ਕਿ ਉਸਦਾ ਬਰੇਸਲੇਟ ਗਾਇਬ ਸੀ ਅਤੇ ਕਾਰ ਵੀ ਤੁਰੰਤ ਚਲੀ ਗਈ। ਪੁਲਸ ਅਧਿਕਾਰੀ ਵੀ ਘਟਨਾ ਸਥਾਨ ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਵੱਲੋਂ ਕਾਰ ਦੀ ਭਾਲ ਜਾਰੀ ਹੈ।