ਰੇਲ ਗੱਡੀਆਂ ''ਚ ਲਗਾਤਾਰ ਵਧ ਰਹੇ ਯੌਨ ਅਪਰਾਧ, ਲੁੱਟ-ਮਾਰ ਤੇ ਗੁੰਡਾਗਰਦੀ

07/14/2017 4:07:16 AM

ਭਾਰਤੀ ਰੇਲਾਂ 'ਚ ਸਫਰ ਕਰਨਾ ਹੁਣ ਖਤਰੇ ਤੋਂ ਖਾਲੀ ਨਹੀਂ ਰਿਹਾ। ਸੁਰੱਖਿਆ ਬਲਾਂ ਦੀ ਮੌਜੂਦਗੀ ਦੇ ਬਾਵਜੂਦ ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਲੁੱਟ-ਮਾਰ, ਕਤਲ, ਡਕੈਤੀ ਅਤੇ ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਆਮ ਅਪਰਾਧੀਆਂ ਤੋਂ ਇਲਾਵਾ ਰੇਲਵੇ ਅਤੇ ਸੁਰੱਖਿਆ ਬਲਾਂ ਦੇ ਮੈਂਬਰਾਂ ਤਕ ਦੀ ਸ਼ਮੂਲੀਅਤ ਪਾਈ ਜਾ ਰਹੀ ਹੈ। ਹੇਠਾਂ ਦਰਜ ਹਨ ਰੇਲ ਗੱਡੀਆਂ 'ਚ ਹੁਣੇ-ਹੁਣੇ ਹੋਏ ਅਪਰਾਧਾਂ ਦੀਆਂ ਕੁਝ ਤਾਜ਼ਾ ਘਟਨਾਵਾਂ :
* 31 ਮਈ ਨੂੰ ਲਖਨਊ-ਚੰਡੀਗੜ੍ਹ ਐਕਸਪ੍ਰੈੱਸ 'ਚ ਸਫਰ ਕਰ ਰਹੀ ਇਕ ਬੀਮਾਰ ਔਰਤ ਨਾਲ ਬਿਜਨੌਰ ਵਿਚ ਟਰੇਨ ਵਿਚ ਤਾਇਨਾਤ ਜੀ. ਆਰ. ਪੀ. ਮੁਰਾਦਾਬਾਦ ਦੇ ਸਿਪਾਹੀ ਨੇ ਬਲਾਤਕਾਰ ਕੀਤਾ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ।
* 07 ਜੂਨ ਨੂੰ ਧਨਬਾਦ-ਅਲੇਪੀ ਟਰੇਨ ਦੀ ਏ. ਸੀ. ਬੋਗੀ ਵਿਚ ਸੁੱਤੀ ਨਵ-ਵਿਆਹੁਤਾ ਨਾਲ ਰੁੜਕੇਲਾ ਸਟੇਸ਼ਨ ਨੇੜੇ ਕੋਚ ਅਟੈਂਡੈਂਟ ਇਫਤਖਾਰ ਅਹਿਮਦ ਨੇ ਸ਼ਰਾਬ ਦੇ ਨਸ਼ੇ 'ਚ ਛੇੜਖਾਨੀ ਕੀਤੀ, ਉਸ ਦੇ ਚਿਹਰੇ 'ਤੇ ਹੱਥ ਫੇਰਿਆ ਤੇ ਵਿਰੋਧ ਕਰਨ 'ਤੇ ਵੀ ਨਹੀਂ ਮੰਨਿਆ। ਟੀ. ਟੀ. ਨੂੰ ਸ਼ਿਕਾਇਤ ਵੀ ਕੀਤੀ ਪਰ ਉਸ ਨੇ ਕੋਈ ਮਦਦ ਨਹੀਂ ਕੀਤੀ।
* 07 ਜੂਨ ਨੂੰ ਹੀ ਪਟਨਾ ਤੋਂ ਭਭੁਆ ਜਾ ਰਹੀ ਇੰਟਰਸਿਟੀ ਐਕਸਪ੍ਰੈੱਸ ਵਿਚ ਖੋ-ਖੋ ਦੀ ਰਾਜ ਪੱਧਰੀ ਖਿਡਾਰਨ ਨਾਲ 4 ਬਦਮਾਸ਼ਾਂ ਨੇ ਛੇੜਖਾਨੀ ਅਤੇ ਬਦਸਲੂਕੀ ਕੀਤੀ। ਮੁਟਿਆਰ ਨੇ ਕੁਝ ਸਹਿ-ਯਾਤਰੀਆਂ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਫੜ ਕੇ ਡੱਬੇ ਵਿਚ ਤਾਇਨਾਤ ਐਸਕਾਰਟ ਪਾਰਟੀ ਦੇ ਮੈਂਬਰਾਂ ਹਵਾਲੇ ਵੀ ਕੀਤਾ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਛੱਡ ਦਿੱਤਾ।
* 13 ਜੂਨ ਨੂੰ ਗੁਜਰਾਤ ਦੇ ਸੂਰਤ ਵਿਚ ਜੈਪੁਰ-ਬਾਂਦ੍ਰਾ ਐਕਸਪ੍ਰੈੱਸ ਵਿਚ ਸਫਰ ਕਰ ਰਹੀ ਇਕ ਔਰਤ ਨੂੰ ਗੱਡੀ ਦੀ ਪੈਂਟਰੀ ਕਾਰ ਵਿਚ ਲਿਜਾ ਕੇ ਬਲਾਤਕਾਰ ਕੀਤਾ ਗਿਆ।
* 22 ਜੂਨ ਨੂੰ ਰਾਇਬਰੇਲੀ ਪੈਸੰਜਰ ਰਾਹੀਂ ਕਾਨਪੁਰ ਆ ਰਹੇ ਨੌਜਵਾਨ ਨੇ ਇਕ ਮਹਿਲਾ ਯਾਤਰੀ ਨਾਲ ਛੇੜਖਾਨੀ ਕੀਤੀ, ਜਿਸ 'ਤੇ ਯਾਤਰੀਆਂ ਨੇ ਇਕੱਠੇ ਹੋ ਕੇ ਉਸ ਨੂੰ ਕੁੱਟ ਦਿੱਤਾ।
* 23 ਜੂਨ ਦੀ ਰਾਤ ਨੂੰ ਪਟਨਾ ਤੋਂ ਚੰਡੀਗੜ੍ਹ ਜਾ ਰਹੀ ਪਾਟਲੀਪੁੱਤਰ ਐਕਸਪ੍ਰੈੱਸ ਦੀਆਂ 7 ਬੋਗੀਆਂ ਵਿਚ ਬਦਮਾਸ਼ਾਂ ਨੇ ਜੌਨਪੁਰ ਦੇ ਸਰਾਏ ਹਰਖੂ ਸਟੇਸ਼ਨ ਨੇੜੇ ਖੂਬ ਲੁੱਟ-ਮਾਰ ਕੀਤੀ ਤੇ ਮੁਸਾਫਿਰਾਂ ਦਾ ਸਾਮਾਨ ਚੁੱਕ ਕੇ ਰੇਲ ਗੱਡੀ ਤੋਂ ਹੇਠਾਂ ਸੁੱਟ ਦਿੱਤਾ।
* 25 ਜੂਨ ਨੂੰ ਪ੍ਰਯਾਗਰਾਜ ਐਕਸਪ੍ਰੈੱਸ ਦੇ ਸਲੀਪਰ ਕੋਚ ਵਿਚ ਰਾਜਸਥਾਨ ਜਾ ਰਹੇ ਫੌਜੀ ਜਵਾਨ ਰਾਜਾ ਰਾਮ ਨੂੰ ਆਪਣੇ ਸਾਹਮਣੇ ਵਾਲੀ ਸੀਟ 'ਤੇ ਸਫਰ ਕਰ ਰਹੇ ਪਰਿਵਾਰ ਦੀ 17 ਸਾਲਾ ਲੜਕੀ ਨਾਲ ਛੇੜਖਾਨੀ, ਅਭੱਦਰ ਟਿੱਪਣੀ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਮਾਰ-ਕੁਟਾਈ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
* 01 ਜੁਲਾਈ ਨੂੰ ਮਥੁਰਾ ਜਾਣ ਵਾਲੀ ਚੰਡੀਗੜ੍ਹ-ਕੇਰਲਾ ਸੰਪਰਕ ਕ੍ਰਾਂਤੀ ਐਕਸਪ੍ਰੈੱਸ ਦੇ 'ਦਿਵਿਆਂਗ ਕੋਚ' ਵਿਚ ਸਫਰ ਕਰ ਰਹੇ 45 ਸਾਲਾ ਦਿਵਿਆਂਗ (ਅਪਾਹਜ) ਨੂੰ ਉਸੇ ਡੱਬੇ ਵਿਚ ਸਫਰ ਕਰ ਰਹੇ ਪੂਰੀ ਤਰ੍ਹਾਂ ਸਮਰੱਥ 3 ਵਿਅਕਤੀਆਂ ਨੇ ਕੁੱਟਣ ਤੋਂ ਇਲਾਵਾ ਉਸ ਦਾ ਪਰਸ ਤੇ ਮੋਬਾਇਲ ਖੋਹ ਕੇ ਚੱਲਦੀ ਗੱਡੀ 'ਚੋਂ ਹੇਠਾਂ ਧੱਕਾ ਦੇ ਦਿੱਤਾ।
* 03 ਜੁਲਾਈ ਦੀ ਦੇਰ ਰਾਤ ਨੂੰ ਕਿਉਲ-ਮੌਕਾਮਾ ਰੇਲ ਡਵੀਜ਼ਨ ਦੇ ਮਨਕੱਟਾ ਸਟੇਸ਼ਨ 'ਤੇ ਡੁਮਰੀ ਹਾਲਟ ਨੇੜੇ 2 ਡੀ. ਐੱਮ. ਯੂ. ਟਰੇਨਾਂ ਵਿਚ ਲੁੱਟ-ਮਾਰ ਤੇ ਚਾਕੂਬਾਜ਼ੀ ਦਾ ਵਿਰੋਧ ਕਰਨ 'ਤੇ ਅਪਰਾਧੀਆਂ ਨੇ ਇਕ ਯਾਤਰੀ ਨੂੰ ਛੁਰੇ ਨਾਲ ਜ਼ਖ਼ਮੀ ਕਰ ਦਿੱਤਾ ਤੇ ਦੂਜੀ ਗੱਡੀ ਵਿਚ 3 ਯਾਤਰੀਆਂ ਤੋਂ ਪੈਸੇ ਖੋਹ ਕੇ ਭੱਜ ਗਏ।
* 05 ਜੁਲਾਈ ਦੀ ਰਾਤ ਨੂੰ ਨਾਗਪੁਰ-ਭੁਸਾਵਲ ਦਰਮਿਆਨ ਹਾਵੜਾ-ਮੁੰਬਈ ਦੁਰੰਤੋ ਐਕਸਪ੍ਰੈੱਸ 'ਚ ਇਕ ਔਰਤ ਨਾਲ ਇਕ ਬੰਗਲਾਦੇਸ਼ੀ ਨਾਗਰਿਕ ਨੇ ਛੇੜਖਾਨੀ ਕੀਤੀ, ਗਲਤ ਢੰਗ ਨਾਲ ਛੂਹਿਆ, ਉਸ ਦੀਆਂ ਫੋਟੋਆਂ ਖਿੱਚੀਆਂ ਤੇ ਵੀਡੀਓ ਵੀ ਬਣਾਈ।
ਔਰਤ ਉਸ ਤੋਂ ਬਚਣ ਲਈ ਇਕ ਕੰਬਲ ਵਿਚ ਵੜ ਕੇ ਲੇਟ ਗਈ ਪਰ ਉਹ ਕੰਬਲ ਅੰਦਰ ਹੱਥ ਪਾ ਕੇ ਉਸ ਨੂੰ ਛੂਹਣ ਅਤੇ ਉਸ ਦੇ ਵਾਲ ਨੋਚਣ ਲੱਗਾ। ਔਰਤ ਨੇ ਟਾਇਲਟ ਵਿਚ ਵੀ ਜਾ ਕੇ ਲੁਕਣ ਦੀ ਕੋਸ਼ਿਸ਼ ਕੀਤੀ ਪਰ ਉਹ ਉਥੇ ਵੀ ਆ ਧਮਕਿਆ। ਪੂਰੀ ਬੋਗੀ ਵਿਚ ਕਿਸੇ ਵੀ ਯਾਤਰੀ ਨੇ ਉਸ ਦੀ ਸਹਾਇਤਾ ਨਹੀਂ ਕੀਤੀ।
* 07 ਜੁਲਾਈ ਨੂੰ ਮਥੁਰਾ-ਨਵੀਂ ਦਿੱਲੀ ਸ਼ਟਲ ਟਰੇਨ ਵਿਚ ਸੀਟ ਨੂੰ ਲੈ ਕੇ ਹੰਗਾਮਾ ਕਰਦਿਆਂ ਕੁਝ ਗੁੰਡਿਆਂ ਨੇ ਇਕ ਪਰਿਵਾਰ ਦੇ ਮੈਂਬਰਾਂ ਨਾਲ ਖੂਬ ਮਾਰ-ਕੁਟਾਈ ਕੀਤੀ ਤੇ ਇਕ ਔਰਤ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
* ਅਤੇ ਹੁਣ 12 ਜੁਲਾਈ ਦੀ ਰਾਤ ਨੂੰ ਪੌਣੇ 9 ਵਜੇ ਦਿੱਲੀ-ਮੁਰਾਦਾਬਾਦ ਪੈਸੰਜਰ ਟਰੇਨ ਵਿਚ ਚੜ੍ਹੇ 5 ਬਦਮਾਸ਼ਾਂ ਨੇ ਹਥਿਆਰਾਂ ਦੇ ਦਮ 'ਤੇ ਔਰਤਾਂ ਦੇ ਕੋਚ ਵਿਚ ਸਫਰ ਕਰ ਰਹੀਆਂ 5 ਔਰਤਾਂ ਤੋਂ ਹਜ਼ਾਰਾਂ ਰੁਪਏ ਦੀ ਨਕਦੀ, 1 ਲੱਖ ਰੁਪਏ ਤੋਂ ਜ਼ਿਆਦਾ ਦੇ ਗਹਿਣੇ ਅਤੇ ਮੋਬਾਇਲ ਆਦਿ ਲੁੱਟ ਲਏ ਤੇ ਲੁੱਟ-ਮਾਰ ਤੋਂ ਬਾਅਦ ਜ਼ੰਜੀਰ ਖਿੱਚ ਕੇ ਗੱਡੀ 'ਚੋਂ ਛਾਲ ਮਾਰ ਕੇ ਭੱਜ ਗਏ।
ਜ਼ਿਕਰਯੋਗ ਹੈ ਕਿ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਭਾਰਤੀ ਰੇਲਾਂ ਵਿਚ ਸੁਧਾਰ ਦੀ ਦਿਸ਼ਾ ਵਿਚ ਕਈ ਕਦਮ ਚੁੱਕੇ ਹਨ, ਜਿਨ੍ਹਾਂ ਵਿਚ ਸੁਪਰਫਾਸਟ ਰੇਲ ਗੱਡੀਆਂ ਚਲਾਉਣਾ, ਸਮੇਂ ਦੀ ਪਾਲਣਾ ਅਤੇ ਯਾਤਰੀਆਂ ਨੂੰ ਚੰਗਾ ਖਾਣਾ ਮੁਹੱਈਆ ਕਰਵਾਉਣ ਵਰਗੇ ਕਦਮ ਸ਼ਾਮਿਲ ਹਨ ਅਤੇ ਇਨ੍ਹਾਂ 'ਤੇ ਕੁਝ ਅਮਲ ਵੀ ਕੀਤਾ ਗਿਆ ਹੈ।
ਪਰ ਇਸ ਦੇ ਨਾਲ ਹੀ ਰੇਲਾਂ 'ਚ ਉਕਤ ਸੁਧਾਰਾਤਮਕ ਕਦਮਾਂ ਦੇ ਨਾਲ-ਨਾਲ ਯਾਤਰੀਆਂ, ਖਾਸ ਕਰਕੇ ਔਰਤਾਂ ਦੀ ਸੁਰੱਖਿਆ ਲਈ ਸਮੁੱਚੇ ਕਦਮ ਚੁੱਕਣਾ ਸਭ ਤੋਂ ਵੱਧ ਜ਼ਰੂਰੀ ਹੈ। ਇਸ ਲਈ ਰੇਲ ਮੰਤਰੀ ਸੁਰੇਸ਼ ਪ੍ਰਭੂ ਇਸ ਸੰਬੰਧ ਵਿਚ ਤੁਰੰਤ ਕਦਮ ਚੁੱਕ ਕੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।                  
—ਵਿਜੇ ਕੁਮਾਰ


Vijay Kumar Chopra

Chief Editor

Related News