ਕੁੜਮਣੀ ਨੂੰ ਗੋਲੀਆਂ ਮਾਰ ਕੇ ਕੁੜਮ ਨੇ ਖੁਦ ਨੂੰ ਵੀ ਮਾਰੀ ਗੋਲੀ, ਦੋਵੇ ਗੰਭੀਰ ਜ਼ਖ਼ਮੀ
Friday, Apr 05, 2024 - 10:23 PM (IST)
 
            
            ਭਿੱਖੀਵਿੰਡ (ਭਾਟੀਆ, ਅਮਨ, ਸੁਖਚੈਨ) - ਕਸਬਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਦੇ ਪਿੰਡ ਦਰਾਜਕੇ ਵਿਖੇ ਆਪਣੀ ਧੀ ਨੂੰ ਮਿਲਣ ਆਈ ਮਾਂ ਨੂੰ ਲੜਕੀ ਦੇ ਸਹੁਰੇ ਵੱਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਉਪਰੰਤ ਖੁਦ ਨੂੰ ਗੋਲੀ ਮਾਰ ਲੈਣ ਦੀ ਘਟਨਾ ਸਾਹਮਣੇ ਆਈ ਹੈ। ਦੋਵੇਂ ਕੁੜਮ ਕੁੜਮਣੀ ਹਸਪਤਾਲ ਵਿਖੇ ਜੇਰੇ ਇਲਾਜ ਦਾਖਲ ਹਨ। ਭਿੱਖੀਵਿੰਡ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਜ਼ਖ਼ਮੀ ਸੁਖਵਿੰਦਰ ਕੌਰ ਪਤਨੀ ਜਸਮੇਰ ਸਿੰਘ ਵਾਸੀ ਜੇਠੂਵਾਲ ਦੀ ਧੀ ਤਲਜੀਤ ਕੋਰ ਪਤਨੀ ਗੁਰਿੰਦਰਪਾਲ ਸਿੰਘ ਵਾਸੀ ਦਰਾਜਕੇ ਨੇ ਦੱਸਿਆ ਕਿ ਮੇਰੀ ਮਾਂ ਮੈਨੂੰ ਮਿਲਣ ਲਈ 4 ਅਪ੍ਰੈਲ ਸ਼ਾਮ ਨੂੰ ਸਾਡੇ ਘਰ ਆਈ ਹੋਈ ਸੀ। ਮੇਰੇ ਸਹੁਰੇ ਗਿਆਨ ਸਿੰਘ ਪੁੱਤਰ ਸੁਰਜਨ ਸਿੰਘ ਨੇ ਇਤਰਾਜ਼ ਕਰਦਿਆਂ ਮੈਨੂੰ ਕਿਹਾ ਕਿ ਤੇਰੀ ਮਾਂ ਸਾਡੇ ਘਰ ਕਿਉਂ ਆਈ ਹੈ। ਮੇਰੇ ਵੱਲੋਂ ਕਿਹਾ ਕਿ ਉਹ ਮੇਰੀ ਮਾਂ ਹੈ ਅਤੇ ਉਹ ਮੈਨੂੰ ਮਿਲਣ ਵਾਸਤੇ ਆਈ ਹੈ।
ਇਹ ਵੀ ਪੜ੍ਹੋ- ਇਸ ਸੂਬੇ ਦੇ ਸਾਬਕਾ ਮੁੱਖ ਮੰਤਰੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਅਦਾਲਤ ਨੇ ਦਿੱਤਾ ਹੁਕਮ
ਜਿਸ ਤੋਂ ਬਾਅਦ ਸਵੇਰੇ ਕਰੀਬ ਪੰਜ ਵਜੇ ਮੇਰੇ ਸਹੁਰੇ ਗਿਆਨ ਸਿੰਘ ਨੇ ਆਪਣੀ ਬੰਦੂਕ ਨਾਲ ਮੇਰੀ ਮਾਂ ਨੂੰ ਮਾਰ ਦੇਣ ਦੀ ਨੀਯਤ ਨਾਲ ਫਾਇਰ ਕੀਤਾ। ਜੋ ਉਸਦੀ ਖੱਬੀ ਬਾਂਹ ਵਿਚ ਜਾ ਲੱਗਾ ਅਤੇ ਉਹ ਹੇਠਾਂ ਡਿੱਗ ਪਈ। ਮੇਰੇ ਵੱਲੋਂ ਰੌਲਾ ਪਾਉਣ ਉਪਰੰਤ ਮੇਰਾ ਸਹੁਰਾ ਕਮਰੇ ਵਿੱਚ ਚਲਾ ਗਿਆ। ਇਸ ਉਪਰੰਤ ਮੇਰੇ ਸਹੁਰੇ ਗਿਆਨ ਸਿੰਘ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਉਸਨੇ ਦੱਸਿਆ ਕਿ ਮੇਰੇ ਦਿਉਰ ਯਾਦਵਿੰਦਰ ਸਿੰਘ ਵੱਲੋਂ ਮੇਰੀ ਮਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਮੇਰੀ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਭਿੱਖੀਵਿੰਡ ਦੀ ਪੁਲਸ ਨੇ ਤਲਜੀਤ ਕੋਰ ਦੇ ਬਿਆਨਾਂ ਦੇ ਅਧਾਰ 'ਤੇ ਗਿਆਨ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਦਕਿ ਗਿਆਨ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋਣ ਕਰਕੇ ਹਸਪਤਾਲ ਵਿਖੇ ਇਲਾਜ ਅਧੀਨ ਦਾਖਲ ਹੈ।
ਇਹ ਵੀ ਪੜ੍ਹੋ- ਬੈਂਗਲੁਰੂ 'ਚ ਭਿਆਨਕ ਅੱਗ ਲੱਗਣ ਕਾਰਨ ਹੋਇਆ ਵੱਡਾ ਨੁਕਸਾਨ, 25 ਵਾਹਨ ਸੜ ਕੇ ਹੋਏ ਸੁਆਹ
ਗਿਆਨ ਸਿੰਘ ਦੇ ਕੁਲ ਤਿੰਨ ਲੜਕੇ ਹਨ। ਜਿੰਨਾ ਵਿੱਚੋ ਤਲਜੀਤ ਕੋਰ ਦੇ ਪਤੀ ਗੁਰਿੰਦਰਪਾਲ ਸਿੰਘ ਅਤੇ ਦੂਜਾ ਲੜਕਾ ਹਰਜਿੰਦਰ ਸਿੰਘ ਵਿਦੇਸ ਵਿੱਚ ਰਹਿੰਦੇ ਹਨ। ਜਦਕਿ ਤੀਜਾ ਲੜਕਾ ਯਾਦਵਿੰਦਰ ਸਿੰਘ ਪਿੰਡ ਦਰਾਜਕੇ ਵਿਖੇ ਰਹਿੰਦਾ ਹੈ। ਗਿਆਨ ਸਿੰਘ ਗੁਰਿੰਦਰਪਾਲ ਸਿੰਘ ਦੇ ਪਰਿਵਾਰ ਨਾਲ ਰਹਿੰਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            