ਦਯਾਸ਼ੰਕਰ ਦੇ ਬੇਤੁਕੇ ਬੋਲਾਂ ਨੇ ਉੱਤਰ ਪ੍ਰਦੇਸ਼ ''ਚ ਭਾਜਪਾ ਦਾ ਕੀਤਾ ਨੁਕਸਾਨ

07/23/2016 1:45:23 AM

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੁਝ ਨੇਤਾ ਬਿਨਾਂ ਸੋਚੇ-ਸਮਝੇ ਬੇਤੁਕੇ ਬਿਆਨ ਦੇ ਕੇ ਆਪਣੀ ਆਲੋਚਨਾ ਕਰਵਾਉਣ ਦੇ ਨਾਲ-ਨਾਲ ਪਾਰਟੀ ਹਾਈਕਮਾਨ ਲਈ ਵੀ ਪ੍ਰੇਸ਼ਾਨੀ ਤੇ ਮਜ਼ਾਕ ਦੇ ਪਾਤਰ ਬਣ ਰਹੇ ਹਨ।
1 ਦਸੰਬਰ 2014 ਨੂੰ ਕੇਂਦਰੀ ਰਾਜ ਮੰਤਰੀ ਸਾਧਵੀ ਨਿਰੰਜਣ ਜੋਤੀ ਨੇ ਇਕ ਜਨਸਭਾ ਵਿਚ ਇਹ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ ਕਿ''''ਵੋਟਰਾਂ ਨੂੰ ''ਰਾਮਜ਼ਾਦਿਆਂ'' ਅਤੇ ''ਹ... ਜ਼ਾਦਿਆਂ'' ਵਿਚੋਂ ਚੋਣ ਕਰਨੀ ਪਵੇਗੀ।''''
4 ਅਪ੍ਰੈਲ 2015 ਨੂੰ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਜਨਰਲ ਸਕੱਤਰ ਚੰਪਤ ਰਾਏ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ''''ਹਿੰਦੂਆਂ ਨੂੰ ਜ਼ਿਆਦਾ ਬੱਚੇ ਪੈਦਾ ਕਰਨੇ ਪੈਣਗੇ, ਨਹੀਂ ਤਾਂ ਦੇਸ਼ ''ਤੇ ਮੁਸਲਮਾਨਾਂ ਦਾ ਕਬਜ਼ਾ ਹੋ ਜਾਵੇਗਾ।''''
ਇਨ੍ਹੀਂ ਦਿਨੀਂ ਜਦੋਂ ਦੇਸ਼ ਦੇ ਕਈ ਹਿੱਸਿਆਂ ਵਿਚ ਵੱਖ-ਵੱਖ ਅੰਦੋਲਨਾਂ ਨੂੰ ਲੈ ਕੇ ਹੰਗਾਮਾ ਭਰਪੂਰ ਸਥਿਤੀ ਬਣੀ ਹੋਈ ਹੈ, 20 ਜੁਲਾਈ ਨੂੰ ਉੱਤਰ ਪ੍ਰਦੇਸ਼ (ਯੂ. ਪੀ.) ਭਾਜਪਾ ਦੇ ਮੀਤ ਪ੍ਰਧਾਨ ਦਯਾਸ਼ੰਕਰ ਸਿੰਘ ਨੇ ਬਸਪਾ ਸੁਪਰੀਮੋ ਮਾਇਆਵਤੀ ਵਿਰੁੱਧ ਘੋਰ ਇਤਰਾਜ਼ਯੋਗ ਟਿੱਪਣੀ ਕਰ ਕੇ ਭਾਰੀ ਵਿਵਾਦ ਖੜ੍ਹਾ ਕਰ ਦਿੱਤਾ ਕਿ : 
''''ਮਾਇਆਵਤੀ... ਵਾਂਗ ਟਿਕਟਾਂ ਵੇਚ ਰਹੀ ਹੈ... ਮਾਇਆਵਤੀ ਇਕ ਕਰੋੜ ਰੁਪਏ ਵਿਚ ਟਿਕਟ ਵੇਚਦੀ ਹੈ ਤੇ ਜੇ ਕਿਸੇ ਨੇ 2 ਕਰੋੜ ਰੁਪਏ ਦੇ ਦਿੱਤੇ ਤਾਂ ਇਕ ਘੰਟੇ ਅੰਦਰ ਉਹ ਇਸਨੂੰ 2 ਕਰੋੜ ਵਿਚ ਵੇਚ ਦਿੰਦੀ ਹੈ। ਜੇ ਸ਼ਾਮ ਤੱਕ ਕਿਸੇ ਨੇ 3 ਕਰੋੜ ਰੁਪਏ ਦੇ ਦਿੱਤੇ ਤਾਂ ਉਹ ਉਸੇ ਨੂੰ ਟਿਕਟ ਦੇ ਦਿੰਦੀ ਹੈ। ਉਹ... ਤੋਂ ਵੀ ਬਦਤਰ ਹੈ।''''
ਉਕਤ ਬਿਆਨ ਸਾਹਮਣੇ ਆਉਂਦਿਆਂ ਹੀ ਤੂਫਾਨ ਉਠ ਖੜ੍ਹਾ ਹੋਇਆ, ਜੋ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਵੱਲੋਂ ਅਫਸੋਸ ਪ੍ਰਗਟਾਉਣ ਅਤੇ ਪਾਰਟੀ ਵੱਲੋਂ ਦਯਾਸ਼ੰਕਰ ਨੂੰ 6 ਸਾਲਾਂ ਲਈ ਪਾਰਟੀ ਵਿਚੋਂ ਕੱਢ ਦੇਣ ਦੇ ਬਾਵਜੂਦ ਰੁਕ ਨਹੀਂ ਰਿਹਾ। ਬਸਪਾ ਨੇ ਦਯਾਸ਼ੰਕਰ ਵਿਰੁੱਧ ਮੁਕੱਦਮਾ ਦਰਜ ਕਰਵਾ ਦਿੱਤਾ ਹੈ ਤੇ ਮਾਇਆਵਤੀ ਦੇ ਸਲਾਹਕਾਰ ਸਤੀਸ਼ ਮਿਸ਼ਰ ਨੇ ਕਿਹਾ ਹੈ ਕਿ ''''ਮੁਆਫੀ ਮੰਗਣ ਨਾਲ ਮਾਮਲਾ ਖਤਮ ਨਹੀਂ ਹੋ ਜਾਵੇਗਾ।'''' 
ਬਸਪਾ ਵਰਕਰਾਂ ਨੇ 20 ਤੇ 21 ਜੁਲਾਈ ਨੂੰ ਰਾਜਧਾਨੀ ਲਖਨਊ ਤੇ ਹੋਰ ਕਈ ਥਾਵਾਂ ''ਤੇ ''ਕੁੱਤਾ'' ਆਦਿ ਅਪਸ਼ਬਦਾਂ ਵਾਲੇ ਵੱਡੇ-ਵੱਡੇ ਪੋਸਟਰ ਲਗਾ ਕੇ ਭੱਦੀਆਂ ਟਿੱਪਣੀਆਂ ਕਰਨ ਤੇ ਭੱਦੀਆਂ ਗਾਲ੍ਹਾਂ ਕੱਢਣ ਤੋਂ ਇਲਾਵਾ ਭੜਕਾਊ ਨਾਅਰੇ ਲਾਉਂਦਿਆਂ ਮੁਜ਼ਾਹਰਾ ਕੀਤਾ, ਜਿਸ ਨਾਲ ਲਖਨਊ ਵਿਚ ਜਨ-ਜੀਵਨ ਠੱਪ ਹੋ ਗਿਆ।
ਦਯਾਸ਼ੰਕਰ ਸਿੰਘ ਦੀ ਮਾਂ ਸ਼੍ਰੀਮਤੀ ਤੈਤ੍ਰਾ ਦੇਵੀ ਅਨੁਸਾਰ,'''' ਇਨ੍ਹਾਂ ਨੇ ਮੈਨੂੰ, ਮੇਰੀ ਧੀ, ਮੇਰੀ ਨੂੰਹ, ਮੇਰੀ ਦੋਹਤੀ ਸਮੇਤ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਗਾਲ੍ਹਾਂ ਕੱਢੀਆਂ।''''
ਚੰਡੀਗੜ੍ਹ ਬਸਪਾ ਦੀ ਨੇਤਾ ''ਜੰਨਤ ਜਹਾਂ'' ਨੇ ਦਯਾਸ਼ੰਕਰ ਦੀ ਜੀਭ ਵੱਢ ਕੇ ਲਿਆਉਣ ਵਾਲੇ ਨੂੰ 50 ਲੱਖ ਰੁਪਏ ਤੇ ਲਖਨਊ ਵਿਚ ''ਜੈ ਭੀਮ, ਜੈ ਭਾਰਤ'' ਸੰਗਠਨ ਨੇ ਵੀ ਉਸਦੀ ਜੀਭ ਵੱਢਣ ਵਾਲੇ ਨੂੰ 5 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ। 
ਬਸਪਾ ਵਿਧਾਇਕਾ ਊਸ਼ਾ ਚੌਧਰੀ ਨੇ ਦਯਾਸ਼ੰਕਰ ਨੂੰ ਗਾਲ੍ਹ ਕੱਢਦਿਆਂ ਕਿਹਾ,''''ਉਸ ਦੇ ਡੀ. ਐੱਨ. ਏ. ''ਚ ਹੀ ਖਰਾਬੀ ਹੈ ਤੇ ਉਹ ਖੁਦ ਨਾਜਾਇਜ਼ ਔਲਾਦ ਹੈ।''''
ਮਾਇਆਵਤੀ ਨੇ ਕਿਹਾ ਹੈ ਕਿ ''''ਦਯਾਸ਼ੰਕਰ ਵਿਰੁੱਧ ਭਾਜਪਾ ਨੇਤਾਵਾਂ ਨੂੰ ਖੁਦ ਐੱਫ. ਆਈ. ਆਰ. ਦਰਜ ਕਰਵਾਉਣੀ ਚਾਹੀਦੀ ਸੀ। ਅਜਿਹਾ ਕਰ ਕੇ ਉਹ ਮੇਰਾ ਦਿਲ ਜਿੱਤ ਲੈਂਦੇ। ਪਾਰਟੀ ਵਿਚੋਂ ਕੱਢਣਾ ਤਾਂ ਅੱਖਾਂ ''ਚ ਘੱਟਾ ਪਾਉਣ ਵਾਂਗ ਹੈ। ਦਲਿਤ ਸਮਾਜ ਦੇ ਲੋਕ ਮੈਨੂੰ ਸਿਰਫ ਭੈਣ ਹੀ ਨਹੀਂ, ਦੇਵੀ ਮੰਨਦੇ ਹਨ। ਪਹਿਲਾਂ ਗਊ ਹੱਤਿਆ ਦੇ ਨਾਂ ''ਤੇ ਮੁਸਲਮਾਨ ਨਿਸ਼ਾਨਾ ਬਣਦੇ ਸਨ ਤੇ ਹੁਣ ਦਲਿਤ ਨਿਸ਼ਾਨਾ ਬਣ ਰਹੇ ਹਨ। ਦਯਾਸ਼ੰਕਰ ਦਾ ਕਥਨ ਮੇਰੇ ''ਤੇ ਨਹੀਂ, ਉਸਦੀ ਮਾਂ, ਭੈਣ ਤੇ ਧੀ ''ਤੇ ਲਾਗੂ ਹੁੰਦਾ ਹੈ।''''
ਦਯਾਸ਼ੰਕਰ ਨੂੰ ਹੁਣ ਤੱਕ ਪੂਰਬੀ ਯੂ. ਪੀ. ਵਿਚ ਭਾਜਪਾ ਦੀ ਵੱਡੀ ਉਮੀਦ ਵਜੋਂ ਦੇਖਿਆ ਜਾਂਦਾ ਸੀ ਪਰ ਅਮਿਤ ਸ਼ਾਹ ਵੱਲੋਂ ਸੂਬੇ ਦੇ ਦਲਿਤ ਵੋਟਰਾਂ ਵਿਚ ਪੈਰ ਜਮਾਉਣ ਲਈ ਕੀਤੇ ਜਾ ਰਹੇ ਯਤਨਾਂ ''ਤੇ ਉਸਨੇ ਆਪਣੇ ਉਕਤ ਬਿਆਨ ਨਾਲ ਪਾਣੀ ਫੇਰ ਕੇ ਮਾਇਆਵਤੀ ਤੇ ਬਸਪਾ ਨੂੰ ਨਵਾਂ ਜੀਵਨ ਦੇ ਦਿੱਤਾ ਹੈ।
ਮੁੰਬਈ ''ਚ ਅੰਬੇਡਕਰ ਭਵਨ ਤੋੜਨ ਅਤੇ ਗੁਜਰਾਤ ਵਿਚ ਦਲਿਤ ਅੰਦੋਲਨ ਵਰਗੀਆਂ ਘਟਨਾਵਾਂ ਤੋਂ ਬਾਅਦ ਹੁਣ ਯੂ. ਪੀ. ਵਿਚ ਮਾਇਆਵਤੀ ਵਿਰੁੱਧ ਦਯਾਸ਼ੰਕਰ ਸਿੰਘ ਦੀ ਇਤਰਾਜ਼ਯੋਗ ਟਿੱਪਣੀ ਨਾਲ ਭਾਜਪਾ ਦੇ ਹੱਥੋਂ ਦਲਿਤ ਵੋਟਾਂ ਖਿਸਕ ਜਾਣ ਦਾ ਖਦਸ਼ਾ ਪੈਦਾ ਹੋ ਗਿਆ ਹੈ, ਜਿਨ੍ਹਾਂ ਨੂੰ ਹਾਸਲ ਕਰਨ ਲਈ ਉਹ ਜ਼ੋਰ-ਸ਼ੋਰ ਨਾਲ ਯਤਨ ਕਰ ਰਹੀ ਸੀ। 
ਇਸੇ ਦਰਮਿਆਨ ਕਾਂਗਰਸ,ਡੀ. ਐੱਮ. ਕੇ. ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਨੇ ਵੀ ਭਾਜਪਾ ''ਤੇ ਹਮਲੇ ਸ਼ੁਰੂ ਕਰ ਦਿੱਤੇ ਹਨ ਤੇ ਉਹ ਇਸਦਾ ਲਾਹਾ ਲੈਣ ਦੀ ਜ਼ਬਰਦਸਤ ਕੋਸ਼ਿਸ਼ ਵਿਚ ਜੁਟ ਗਈਆਂ ਹਨ।
ਅਜਿਹੇ ਬਿਆਨਾਂ ਦੀ ਸੂਚੀ ਬਹੁਤ ਲੰਮੀ ਹੈ, ਜਿਨ੍ਹਾਂ ਨਾਲ ਪਾਰਟੀ ਨੂੰ ਲਾਭ ਦੀ ਬਜਾਏ ਨੁਕਸਾਨ ਹੀ ਹੋਇਆ ਹੈ। ਸਪੱਸ਼ਟ  ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਭਾਜਪਾ ਆਗੂਆਂ ਨੂੰ ਵਾਰ-ਵਾਰ ਆਪਣੇ ਭਾਸ਼ਣਾਂ ਅਤੇ ਬਿਆਨਾਂ ਵਿਚ ਸੰਜਮ ਵਰਤਣ ਤੇ ਆਪਣੇ ਕੰਮ ਵੱਲ ਧਿਆਨ ਦੇਣ ਦੀਆਂ ਨਸੀਹਤਾਂ ਦੇਣ ਦੇ ਬਾਵਜੂਦ ਪਾਰਟੀ ਦੇ ''ਬਿੱਗ ਮਾਊਥ'' ਨੇਤਾਵਾਂ ਵੱਲੋਂ ਵਿਵਾਦਪੂਰਨ  ਤੇ ਬੇਲੋੜੇ ਬਿਆਨ ਦੇ ਕੇ ਪਾਰਟੀ ਦੇ ਨਾਲ-ਨਾਲ ਦੇਸ਼ ਲਈ ਵੀ ਸਮੱਸਿਆਵਾਂ ਖੜ੍ਹੀਆਂ ਕਰਨ ਦਾ ਸਿਲਸਿਲਾ ਜਾਰੀ ਹੈ।           
—ਵਿਜੇ ਕੁਮਾਰ


Vijay Kumar Chopra

Chief Editor

Related News