‘ਹਨੀ ਟ੍ਰੈਪ ਦੀ ਘਿਨੌਣੀ ਖੇਡ’‘ਪਹਿਲਾਂ ਅਸ਼ਲੀਲ ਗੱਲਾਂ ਫਿਰ ਵੀਡੀਓ ਕਾਲ’

03/16/2021 3:23:04 AM

ਦੇਸ਼ ’ਚ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ. ਆਈ. ਖੂਬਸੂਰਤ ਔਰਤਾਂ ਦੀ ਵਰਤੋਂ ਕਰ ਰਹੀ ਹੈ ਜੋ ਭਾਰਤੀ ਸੁਰੱਖਿਆ ਬਲਾਂ ਦੇ ਕੁਝ ਕੁ ਮੈਂਬਰਾਂ ਨੂੰ ਆਪਣੇ ਰੂਪ ਅਤੇ ਜਵਾਨੀ ਦਾ ਸ਼ਿਕਾਰ ਬਣਾ ਕੇ ਭਾਰਤ ਦੀਆਂ ਗੁਪਤ ਸੂਚਨਾਵਾਂ ਪ੍ਰਾਪਤ ਕਰਦੀਆਂ ਹਨ ਜਿਸ ਨੂੰ ‘ਹਨੀ ਟ੍ਰੈਪ’ ਕਹਿੰਦੇ ਹਨ।

ਉਨ੍ਹਾਂ ਦੀ ਦੇਖਾਦੇਖੀ ਭਾਰਤ ’ਚ ਵੀ ‘ਹਨੀ ਟ੍ਰੈਪ’ ਗਿਰੋਹਾਂ ’ਚ ਸ਼ਾਮਲ ਔਰਤਾਂ ਵਲੋਂ ਲੋਕਾਂ ਨਾਲ ਫੋਨ ’ਤੇ ਅਸ਼ਲੀਲ ਗੱਲਾਂ ਕਰਕੇ ਉਨ੍ਹਾਂ ਨੂੰ ਆਪਣੇ ਜਾਲ ’ਚ ਫਸਾ ਕੇ ਹੋਟਲਾਂ ਆਦਿ ’ਚ ਸੱਦ ਕੇ ਜਾਂ ਵੀਡੀਓ ਕਾਲ ਰਾਹੀਂ ਉਨ੍ਹਾਂ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੇ ਬਲੈਕਮੇਲ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 18 ਸਤੰਬਰ, 2020 ਨੂੰ ਪਾਕਿਸਤਾਨੀ ਫੌਜ ਦੇ ਲਈ ਜਾਸੂਸੀ ਕਰਨ ਦੇ ਦੋਸ਼ ’ਚ ਮਿਲਟਰੀ ਇੰਜੀਨੀਅਰਿੰਗ ਵਿੰਗ ਦੇ ਜੈਪੁਰ ’ਚ ਤਾਇਨਾਤ ਇਕ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਕਰਮਚਾਰੀ ਪਾਕਿਸਤਾਨ ਦੀ ਇਕ ਔਰਤ ਦੇ ਸੰਪਰਕ ’ਚ ਸੀ ਅਤੇ ਕਾਫੀ ਸਮੇਂ ਤੋਂ ਉਸ ਨੂੰ ਗੁਪਤ ਸੂਚਨਾਵਾਂ ਦੇ ਰਿਹਾ ਸੀ।

* 31 ਅਕਤੂਬਰ ਨੂੰ ਚੈਟ ਦੇ ਜ਼ਰੀਏ ਇਕ ਪਾਕਿਸਤਾਨ ਮੁਟਿਆਰ ਦੇ ਸੰਪਰਕ ’ਚ ਆ ਕੇ ਉਥੋਂ ਦੀ ਏਜੰਸੀ ਨੂੰ ਭਾਰਤੀ ਫੌਜ ਸਬੰਧੀ ਸੂਚਨਾ ਭੇਜਣ ’ਚ ਸ਼ਾਮਲ ਫੌਜ ਦਫਤਰ, ਨਿਵਾਰੂ (ਜੈਪੁਰ) ਦਾ ਇਕ ਚਾਲਕ (ਸਿਵਲੀਅਨ) ਫੜਿਆ ਗਿਆ।

* 19 ਫਰਵਰੀ, 2021 ਨੂੰ ਲਖਨਊ ’ਚ ਪੁਲਸ ਨੇ ਇਕ ਡਾਕਟਰ ਨੂੰ ਕੁੱਟਣ, ਨਿਰਵਸਤਰ ਕਰ ਕੇ ਉਸ ਦਾ ਵੀਡੀਓ ਬਣਾਉਣ ਅਤੇ ਵਾਇਰਲ ਕਰਨ ਦੀ ਧਮਕੀ ਦੇ ਕੇ 10 ਲੱਖ ਰੁਪਏ ਫਿਰੌਤੀ ਮੰਗਣ ਦੇ ਦੋਸ਼ ’ਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਦਕਿ ਦੇਰ ਰਾਤ ਫੋਨ ’ਤੇ ਡਾਕਟਰ ਨਾਲ ਅਸ਼ਲੀਲ ਗੱਲਾਂ ਕਰਕੇ ਉਸ ਨੂੰ ਲੁਭਾਉਣ ਵਾਲੀ ਲੜਕੀ ਫਰਾਰ ਹੈ।

* 28 ਫਰਵਰੀ ‘ਹਨੀ ਟ੍ਰੈਪ’ ਦਾ ਇਕ ਮਾਮਲਾ ਪਾਨੀਪਤ ’ਚ ਸਾਹਮਣੇ ਆਇਆ। ਇਕ ਮੁਟਿਆਰ ਪਹਿਲਾਂ ਤਾਂ ਇਕ ਨੌਜਵਾਨ ਨੂੰ ਆਪਣੇ ਪ੍ਰੇਮ ਜਾਲ ’ਚ ਫਸਾ ਕੇ ਉਸ ਦੇ ਨਾਲ ਕਈ ਜਗ੍ਹਾ ਘੁੰਮਦੀ ਅਤੇ ਸੈਰ-ਸਪਾਟਾ ਕਰਦੀ ਰਹੀ। ਜਦੋਂ ਨੌਜਵਾਨ ਨੇ ਉਸ ਨੂੰ ਆਪਣੇ ਨਾਲ ਘਰ ਵਸਾਉਣ ਨੂੰ ਕਿਹਾ ਤਾਂ ਉਸ ਨੇ ਨੌਜਵਾਨ ਤੋਂ 15 ਲੱਖ ਰੁਪਏ ਮੰਗੇ ਅਤੇ ਨਾਂਹ ਕਰਨ ’ਤੇ ਉਸ ਦੇ ਵਿਰੁੱਧ ਜਬਰ-ਜ਼ਨਾਹ ਦਾ ਕੇਸ ਦਰਜ ਕਰਵਾ ਦਿੱਤਾ।

* 2 ਮਾਰਚ ਨੂੰ ਮਹਾਰਾਸ਼ਟਰ ਪੁਲਸ ਨੇ ਸੂਬੇ ਦੇ ਪੰਜ ਜ਼ਿਲਿਆਂ ’ਚ ਅਮੀਰ ਲੋਕਾਂ ਨੂੰ ਆਪਣੇ ‘ਹਨੀ ਟ੍ਰੈਪ’ ਵਿਚ ਫਸਾ ਕੇ ਬਲੈਕਮੇਲ ਕਰਨ ਦੇ ਦੋਸ਼ ’ਚ ਇਕ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ’ਚ ਇਕ ਮੁਟਿਆਰ ਵੀ ਸ਼ਾਮਲ ਹੈ।

ਇਹ ਲੋਕ ਪਹਿਲਾਂ ਆਪਣੇ ਸ਼ਿਕਾਰ ਨੂੰ ਆਪਣੇ ਗਿਰੋਹ ਦੀ ਔਰਤ ਮੈਂਬਰ ਕੋਲੋਂ ਅਸ਼ਲੀਲ ਫੋਨ ਕਰਵਾਉਂਦੇ ਅਤੇ ਫਿਰ ਆਪਣੇ ਜਾਲ ’ਚ ਫਸਾ ਕੇ ਉਸ ਦੀਆਂ ਅਸ਼ਲੀਲ ਫੋਟੋਆਂ ਆਦਿ ਖਿੱਚ ਕੇ ਬਲੈਕਮੇਲ ਕਰਦੇ ਸਨ।

* 11 ਮਾਰਚ ਨੂੰ ਜੋਧਪੁਰ ਦੇ ‘ਬੋਰਨਾਡਾ’ ਥਾਣਾ ਇਲਾਕੇ ’ਚ ‘ਹਨੀ ਟ੍ਰੈਪ’ ਦੇ ਇਕ ਮਾਮਲੇ ’ਚ ਇਕ ਵਪਾਰੀ ਨੂੰ ਬੰਧਕ ਬਣਾ ਕੇ ਉਸ ਨੂੰ ਨਿਰਵਸਤਰ ਕਰਨ ਤੋਂ ਬਾਅਦ ਉਸ ਦਾ ਅਸ਼ਲੀਲ ਵੀਡੀਓ ਬਣਾਉਣ ਅਤੇ 50 ਲੱਖ ਰੁਪਏ ਮੰਗਣ ਦੇ ਦੋਸ਼ ’ਚ ਇਕ ਔਰਤ ਅਤੇ ਉਸ ਦੇ ਸਾਥੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ, ਜਦਕਿ ਦੂਸਰੇ ਪਾਸੇ ਉਲਟ ਔਰਤ ਨੇ ਵਪਾਰੀ ਦੇ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰਵਾ ਦਿੱਤਾ।

* 13 ਮਾਰਚ ਨੂੰ ਵਟਸਐਪ ’ਤੇ ਵੀਡੀਓ ਕਾਲ ਕਰਕੇ ਮੁੰਬਈ ਦੇ ‘ਨਾਲਾਸੋਪਾਰਾ’ ਇਲਾਕੇ ’ਚ ਰਹਿਣ ਵਾਲੇ ਇਕ ਨੌਜਵਾਨ ਦਾ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ 50,000 ਰੁਪਏ ਦੀ ਮੰਗ ਕਰਨ ਦੇ ਦੋਸ਼ ’ਚ ਦਿੱਲੀ ਦੀ ਇਕ ਮੁਟਿਆਰ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ।

* 14 ਮਾਰਚ ਨੂੰ ਰਾਜਸਥਾਨ ਦੇ ਸੀਕਰ ’ਚ ਲਕਸ਼ਮਣਗੜ੍ਹ ਦੇ ਰਹਿਣ ਵਾਲੇ ਫੌਜੀ ਆਕਾਸ਼ ਮਹਿਰੀਆ (22) ਨੂੰ ਇਕ ਪਾਕਿਸਤਾਨੀ ਔਰਤ ਏਜੰਟ ਦੇ ‘ਹਨੀ ਟ੍ਰੈਪ’ ਵਿਚ ਫਸ ਕੇ ਉਸ ਨੂੰ ਗੁਪਤ ਜਾਣਕਾਰੀ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ।

ਦੱਸਿਆ ਜਾਂਦਾ ਹੈ ਕਿ ਇਹ ਪਾਕਿਸਤਾਨੀ ਔਰਤ ਏਜੰਟ ਸੋਸ਼ਲ ਮੀਡੀਆ ਦੇ ਰਾਹੀਂ ਉਸ ਨੂੰ ਆਪਣੇ ਜਾਲ ’ਚ ਫਸਾਉਣ ਲਈ ਨਿਰਵਸਤਰ ਹੋ ਕੇ ਵੀਡੀਓ ਕਾਲ ਕਰਕੇ ਉਸ ਨਾਲ ਅਸ਼ਲੀਲ ਗੱਲਾਂ ਕਰਦੀ ਸੀ।

* 14 ਮਾਰਚ ਨੂੰ ਹੀ ਜਬਲਪੁਰ ਦਾ ਇਕ ਨੌਜਵਾਨ ਵਪਾਰੀ ‘ਹਨੀ ਟ੍ਰੈਪ’ ਦਾ ਸ਼ਿਕਾਰ ਹੋ ਗਿਆ। ਇਕ ਔਰਤ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਉਸ ਨੂੰ ਨਿਰਵਸਤਰ ਹੋ ਕੇ ਵੀਡੀਓ ਕਾਲ ਕਰੇਗਾ ਤਾਂ ਉਹ ਵੀ ਆਪਣੇ ਪੂਰੇ ਕੱਪੜੇ ਉਤਾਰ ਦੇਵੇਗੀ। ਔਰਤ ਦੇ ਝਾਂਸੇ ’ਚ ਆਏ ਵਪਾਰੀ ਨੇ ਕੱਪੜੇ ਉਤਾਰੇ ਅਤੇ ਆਪਣੀ ਹੱਦ ਲੰਘ ਕੇ ਉਸ ਨਾਲ ਗੱਲਾਂ ਕਰਨ ਲੱਗਾ, ਜਿਸ ਦਾ ਵੀਡੀਓ ਬਣਾ ਕੇ ਦੋਸ਼ੀਆਂ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ।

ਉਕਤ ਘਟਨਾਵਾਂ ਤੋਂ ਸਪਸ਼ਟ ਹੈ ਕਿ ਜਿਥੇ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ.ਐੱਸ.ਆਈ. ਭਾਰਤੀ ਸੁਰੱਖਿਆ ਬਲਾਂ ਦੇ ਮੈਂਬਰਾਂ ਨੂੰ ‘ਹਨੀ ਟ੍ਰੈਪ’ ਦੇ ਜ਼ਰੀਏ ਆਪਣੇ ਜਾਲ ’ਚ ਫਸਾ ਕੇ ਸੂਚਨਾਵਾਂ ਕੱਢਣ ਲਈ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਟ੍ਰੇਨਿੰਗ ਦੇ ਰਹੀ ਹੈ, ਉਥੇ ਹੀ ਹੁਣ ਪਾਕਿਸਤਾਨ ਦੀ ਦੇਖਾਦੇਖੀ ਭਾਰਤ ’ਚ ਸਰਗਰਮ ‘ਹਨੀ ਟ੍ਰੈਪ’ ਗਿਰੋਹ ਲੋਕਾਂ ਨੂੰ ਚਿਕਨੀਆਂ-ਚੋਪੜੀਆਂ ਗੱਲਾਂ ’ਚ ਫਸਾ ਕੇ ਉਨ੍ਹਾਂ ਦੀਆਂ ਅਸ਼ਲੀਲ ਫੋਟੋ ਆਦਿ ਖਿਚ ਕੇ ਉਨ੍ਹਾਂ ਨੂੰ ਬਲੈਕਮੇਲ ਕਰ ਰਹੇ ਹਨ।

ਕੁਝ ਸਮਾਂ ਪਹਿਲਾਂ ਭਾਰਤੀ ਫੌਜ ਨੇ ਅਜਿਹੀਆਂ 150 ਪ੍ਰੋਫਾਈਲਾਂ ਦਾ ਪਤਾ ਲਗਾਇਆ ਸੀ, ਜਿਨ੍ਹਾਂ ਦੀ ਸਹਾਇਤਾ ਨਾਲ ਪਾਕਿਸਤਾਨ ਖੂਬਸੂਰਤ ਔਰਤਾਂ ਦੇ ਮਾਧਿਅਮ ਨਾਲ ਭਾਰਤੀ ਫੌਜ ਦੇ ਮੈਂਬਰਾਂ ਨੂੰ ਆਪਣੇ ‘ਹਨੀ ਟ੍ਰੈਪ’ ਵਿਚ ਫਸਾ ਕੇ ਉਨ੍ਹਾਂ ਨਾਲ ਭਾਰਤ ਦੀਆਂ ਗੁਪਤ ਜਾਣਕਾਰੀਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਕੁਲ ਮਿਲਾ ਕੇ ‘ਹਨੀ ਟ੍ਰੈਪ’ ਦੀ ਇਹ ਘਿਨੌਣੀ ਖੇਡ ਭਾਰਤੀ ਫੌਜ ਦੇ ਨਾਲ-ਨਾਲ ਆਮ ਨਾਗਰਿਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ ਹੈ, ਜਿਸ ਤੋਂ ਬਚਣ ਦੇ ਲਈ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਦੇ ਨਾਲ-ਨਾਲ ਅਜਿਹੇ ਕੰਮਾਂ ’ਚ ਸ਼ਾਮਲ ਲੋਕਾਂ ਦੇ ਲਈ ਸਖਤ ਸਜ਼ਾ ਦੀ ਵਿਵਸਥਾ ਕਰਨਾ ਸਮੇਂ ਦੀ ਲੋੜ ਹੈ।

–ਵਿਜੇ ਕੁਮਾਰ


Bharat Thapa

Content Editor

Related News