ਚੰਗੀਆਂ ਨਹੀਂ ਲੱਗਦੀਆਂ ‘ਲੋਕਤੰਤਰ ਦੇ ਸਭ ਤੋਂ ਵੱਡੇ ਉਤਸਵ ’ਚ’ ‘ਦਿਲ ਦੁਖਾਉਣ ਵਾਲੀਆਂ ਗੱਲਾਂ’
Saturday, Apr 13, 2024 - 02:33 AM (IST)
ਹਾਲਾਂਕਿ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਉਤਸਵ ਕਿਹਾ ਜਾਂਦਾ ਹੈ, ਪਰ ਇਸਦੇ ਉਲਟ ਵੱਖ-ਵੱਖ ਪਾਰਟੀਆਂ ਦੇ ਆਗੂ ਉਲਟੇ-ਸਿੱਧੇ ਬਿਆਨ ਦੇ ਕੇ ਮਾਹੌਲ ਨੂੰ ਜ਼ਹਿਰੀਲਾ ਬਣਾ ਰਹੇ ਹਨ।
* 1 ਅਪ੍ਰੈਲ, 2024 ਨੂੰ ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਗਿਰੀਰਾਜ ਸਿੰਘ (ਭਾਜਪਾ) ਨੇ ਕਿਹਾ, ‘‘ਪੱਛਮੀ ਬੰਗਾਲ ’ਚ ਹਿੰਦੂ ਡਰੇ ਹੋਏ ਹਨ, ਮਮਤਾ ਬੈਨਰਜੀ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ।’’
* 8 ਅਪ੍ਰੈਲ ਨੂੰ ਬਸਤਰ (ਛੱਤੀਸਗੜ੍ਹ) ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਆਬਕਾਰੀ ਮੰਤਰੀ ‘ਕਵਾਸੀ ਲਖਮਾ’ ਨੇ ਪੇਂਡੂਆਂ ਨੂੰ ਇਲਾਕਾਈ ਭਾਸ਼ਾ ਵਿਚ ਕਿਹਾ, ‘‘ਕਵਾਸੀ ਲਖਮਾ ਜੀਤੋੜ, ਨਰਿੰਦਰ ਮੋਦੀ ਢੋਲਤੋਰ।’’ (ਭਾਵ ‘ਕਵਾਸੀ ਲਖਮਾ’ ਜਿੱਤੇਗਾ ਅਤੇ ਨਰਿੰਦਰ ਮੋਦੀ ਮਰੇਗਾ, ਖੇਡ ਖਤਮ)।
* 10 ਅਪ੍ਰੈਲ ਨੂੰ ਬਿਹਾਰ ਦੇ ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨ੍ਹਾ ਨੇ ਤੇਜਸਵੀ ਯਾਦਵ ’ਤੇ ਹਮਲਾ ਬੋਲਦਿਆਂ ਕਿਹਾ, ‘‘ਇਹ ਲੋਕ ਸਨਾਤਨੀ ਬਣਨਾ ਚਾਹੁੰਦੇ ਹਨ, ਪਰ ਸਨਾਤਨੀ ਸੰਸਕਾਰ ਨਹੀਂ ਸਿੱਖ ਸਕੇ। ਸਾਉਣ ਵਿਚ ਮਟਨ ਖਾਂਦੇ ਹਨ ਅਤੇ ਨਰਾਤਿਆਂ ਵਿਚ ਮੱਛੀ।’’
* 11 ਅਪ੍ਰੈਲ ਨੂੰ ਛੱਤੀਸਗੜ੍ਹ ਭਾਜਪਾ ਨੇ ਸੋਸ਼ਲ ਮੀਡੀਆ ਐਕਸ ’ਤੇ ਇਕ ਵੀਡੀਓ ਪੋਸਟ ਕਰ ਕੇ ਕਾਂਗਰਸ ਲਈ ਲਿਖਿਆ, ‘‘ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ।’’ ਇਸ ’ਤੇ ਕਾਂਗਰਸ ਨੇ ਜਵਾਬ ਦਿੱਤਾ, ‘‘ਇਹੀ ਭਾਜਪਾ ਦਾ ਚਰਿੱਤਰ ਅਤੇ ਇਹੀ ਸੰਸਕਾਰ ਹੈ।’’
* 11 ਅਪ੍ਰੈਲ ਨੂੰ ਹੀ ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਕੇ. ਅੰਨਾਮਲਾਈ ਨੇ ਕਿਹਾ, ‘‘ਸੂਬੇ ਵਿਚ ਸੱਤਾਧਾਰੀ ਦ੍ਰਮੁਕ ਇਕ ਬੁਰੀ ਸ਼ਕਤੀ ਹੈ। ਸੂਬੇ ਦੀ ਜਨਤਾ ਨੂੰ ਦ੍ਰਮੁਕ ਤੋਂ ਬਚਾਉਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਹੈ।
* 11 ਅਪ੍ਰੈਲ ਨੂੰ ਹੀ ਰਾਜਦ ਆਗੂ ਲਾਲੂ ਯਾਦਵ ਦੀ ਵੱਡੀ ਬੇਟੀ ਮੀਸਾ ਭਾਰਤੀ ਨੇ ਇਹ ਕਹਿ ਕੇ ਵਿਵਾਦ ਪੈਦਾ ਕਰ ਦਿੱਤਾ ਕਿ ‘‘ਚੋਣਾਂ ਪਿੱਛੋਂ ਸਾਡੀ ਸਰਕਾਰ ਬਣਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਆਗੂ ਜੇਲ ਅੰਦਰ ਹੋਣਗੇ।’’
ਮੀਸਾ ਭਾਰਤੀ ਦੇ ਉਕਤ ਬਿਆਨ ’ਤੇ ਪਏ ਰੌਲੇ ’ਤੇ ਟਿੱਪਣੀ ਕਰਦਿਆਂ ਬਿਹਾਰ ਦੇ ਉਪ ਮੁੱਖ ਮੰਤਰੀ ਵਿਜੇ ਕੁਮਾਰ ਸਿਨ੍ਹਾ ਨੇ ਕਿਹਾ, ‘‘ਚਪੜਾਸੀ ਦੇ ਕੁਆਰਟਰ ’ਚ ਰਹਿਣ ਵਾਲੇ ਮਹੱਲਾਂ ਦੇ ਮਾਲਕ ਕਿਵੇਂ ਬਣ ਗਏ? ਮਾਲ ਅਤੇ ਫਾਰਮ ਹਾਊਸ ਉਨ੍ਹਾਂ ਕੋਲ ਕਿੱਥੋਂ ਆਏ?’’
* 11 ਅਪ੍ਰੈਲ ਨੂੰ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਨਾਂਦੇੜ ’ਚ ਕਿਹਾ, ‘‘ਇੰਡੀ ਗੱਠਜੋੜ ਦਾ ਕੋਈ ਭਵਿੱਖ ਨਹੀਂ। ਸੂਬੇ ਵਿਚ ਰਾਹੁਲ ਗਾਂਧੀ ਦੀ ਅਗਵਾਈ ਵਿਚ 3 ਪਾਰਟੀਆਂ ਰਾਜਗ ਦੇ ਸਾਹਮਣੇ ਹਨ। ਪਹਿਲੀ ਨਕਲੀ ਸ਼ਿਵ ਸੈਨਾ, ਦੂਜੀ ਨਕਲੀ ਰਾਕਾਂਪਾ ਅਤੇ ਤੀਜੀ ਅੱਧੀ ਬਚੀ-ਖੁਚੀ ਕਾਂਗਰਸ। ਇਹ ਅਜਿਹਾ ਆਟੋ ਰਿਕਸ਼ਾ ਹੈ, ਜਿਸ ਦੇ ਸਾਰੇ ਪੁਰਜ਼ੇ ਵੱਖ-ਵੱਖ ਕੰਪਨੀਆਂ ਦੇ ਹਨ। ਮਤਭੇਦਾਂ ਕਾਰਨ ਇਹ ਆਟੋ ਰਿਕਸ਼ਾ ਟੁੱਟ ਕੇ ਖਿੰਡ ਜਾਵੇਗਾ।’’
* 11 ਅਪ੍ਰੈਲ ਨੂੰ ਮੰਡੀ (ਹਿਮਾਚਲ ਪ੍ਰਦੇਸ਼) ਤੋਂ ਭਾਜਪਾ ਉਮੀਦਵਾਰ ਕੰਗਨਾ ਰਣੌਤ ਨੇ ਕਾਂਗਰਸੀ ਆਗੂ ਵਿਕਰਮਾਦਿੱਤਿਆ ਸਿੰਘ ਦਾ ਨਾਂ ਲਏ ਬਿਨਾਂ ਕਿਹਾ, ‘‘ਇਕ ਵੱਡਾ ਪੱਪੂ ਦਿੱਲੀ ਿਵਚ ਬੈਠਾ ਹੈ, ਛੋਟਾ ਪੱਪੂ ਹਿਮਾਚਲ ਵਿਚ ਹੈ। ਛੋਟਾ ਪੱਪੂ ਕਹਿੰਦਾ ਹੈ ਕਿ ਕੰਗਨਾ ਗਊ ਮਾਸ ਖਾਂਦੀ ਹੈ। ਇਹ ਤੁਹਾਡੇ ਬਾਪ-ਦਾਦਾ ਦੀ ਰਿਆਸਤ ਨਹੀਂ ਹੈ ਕਿ ਤੁਸੀਂ ਮੈਨੂੰ ਡਰਾ-ਧਮਕਾ ਕੇ ਵਾਪਸ ਭੇਜ ਦੇਵੋਗੇ।’’
ਇਸਦੇ ਜਵਾਬ ਵਿਚ ਵਿਕਰਮਾਦਿੱਤਿਆ ਸਿੰਘ ਬੋਲੇ, ‘‘ਭਗਵਾਨ ਰਾਮ ਉਨ੍ਹਾਂ ਨੂੰ ਛੇਤੀ ਸਦ-ਬੁੱਧੀ ਦੇਵੇ। ਅੱਜ ਤਕ ਅਜਿਹੀ ਭਾਸ਼ਾ ਦੀ ਵਰਤੋਂ ਹਿਮਾਚਲ ਵਿਚ ਨਹੀਂ ਹੋਈ ਹੋਵੇਗੀ।’’
ਵਰਣਨਯੋਗ ਹੈ ਕਿ ਬੀਤੇ ਹਫਤੇ ਵਿਕਰਮਾਦਿੱਤਿਆ ਨੇ ਕੰਗਨਾ ਰਣੌਤ ਨੂੰ ਉਮੀਦਵਾਰ ਬਣਾਉਣ ’ਤੇ ਸਵਾਲ ਕਰਦੇ ਹੋਏ ਸੋਸ਼ਲ ਮੀਡੀਆ ਪੋਸਟ ’ਤੇ ਲਿਖਿਆ ਸੀ ਕਿ ‘‘ਹਿਮਾਚਲ ਦੇਵੀ-ਦੇਵਤਿਆਂ ਦਾ ਪਵਿੱਤਰ ਅਸਥਾਨ ਹੈ, ਜਿਥੇ ਗਊ ਮਾਸ ਦਾ ਸੇਵਨ ਕਰਨ ਵਾਲੇ ਚੋਣ ਲੜ ਰਹੇ ਹਨ।’’
* 12 ਅਪ੍ਰੈਲ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਰਾਹੁਲ ਗਾਂਧੀ ’ਤੇ ਹਮਲਾ ਬੋਲਦਿਆਂ ਕਿਹਾ, ‘‘15 ਸਾਲ ਤਕ ਅਮੇਠੀ ਨੇ ਇਕ ਨਿਕੰਮੇ ਸੰਸਦ ਮੈਂਬਰ ਨੂੰ ਢੋਹਿਆ।’’
* 12 ਅਪ੍ਰੈਲ ਨੂੰ ਹੀ ਪੱਛਮੀ ਬੰਗਾਲ ਦੀ ਉੱਤਰੀ ਦਿਨਾਜਪੁਰ ਦੀ ‘ਚੋਪੜਾ’ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਹਮੀਦੁਰਹਮਾਨ ਨੇ ਵੋਟਰਾਂ ਨੂੰ ਸਿੱਧੀ ਧਮਕੀ ਦਿੰਦੇ ਹੋਏ ਕਿਹਾ, ‘‘ਚੋਣਾਂ ਖਤਮ ਹੋਣ ਪਿੱਛੋਂ ਕੇਂਦਰੀ ਬਲ ਚਲੇ ਜਾਣਗੇ ਅਤੇ ਫਿਰ ਜੋ ਇਕੋ-ਇਕ ਬਲ ਰਹੇਗਾ ਉਹ ਸਾਡਾ ਹੈ।’’
‘‘ਵੋਟਰਾਂ ਅਤੇ ਵਿਰੋਧੀ ਧਿਰ ਵਰਕਰਾਂ ਨੂੰ ਉਨ੍ਹਾਂ ਨਾਲ ਨਜਿੱਠਣਾ ਹੋਵੇਗਾ। ਆਪਣੀ ਵੋਟ ਖਰਾਬ ਨਾ ਕਰੋ। ਫਿਰ ਨਾ ਕਹਿਣਾ ਕਿ ਮੇਰੇ ਨਾਲ ਕੀ ਹੋਇਆ। ਜੇ ਤੁਹਾਡੇ ਨਾਲ ਕੁਝ ਹੁੰਦਾ ਹੈ ਤਾਂ ਫਿਰ ਸ਼ਿਕਾਇਤ ਕਰਨ ਜਾਂ ਕੇਸ ਦਰਜ ਕਰਵਾਉਣ ਲਈ ਨਹੀਂ ਆਉਣਾ ਚਾਹੀਦਾ। ਭਾਜਪਾ, ਕਾਂਗਰਸ ਜਾਂ ਸੀ. ਪੀ. ਐੱਮ. ਦੇ ਲੋਕਾਂ ਨੇ ਕੁਝ ਕੀਤਾ ਤਾਂ ਅਸੀਂ ਉਸ ਦਾ ਜਵਾਬ ਦੇਵਾਂਗੇ।’’
ਸਿਆਸੀ ਪ੍ਰਚਾਰ ਦੇ ਡਿੱਗਦੇ ਪੱਧਰ ਦੀ ਗਵਾਹੀ ਦੇਣ ਵਾਲੇ ਇਸ ਤਰ੍ਹਾਂ ਦੇ ਬਿਆਨ ਕਿਸੇ ਵੀ ਨਜ਼ਰੀਏ ਤੋਂ ਉਚਿਤ ਨਹੀਂ ਕਹੇ ਜਾ ਸਕਦੇ। ਆਗੂਆਂ ਨੂੰ ਅਜਿਹੀਆਂ ਗੱਲਾਂ ਕਹਿਣ ਤੋਂ ਸੰਕੋਚ ਹੀ ਕਰਨਾ ਚਾਹੀਦਾ ਹੈ ਤਾਂ ਕਿ ਲੋਕਤੰਤਰ ਦਾ ਇਹ ਸਭ ਤੋਂ ਵੱਡਾ ਉਤਸਵ ਸਦਭਾਵਨਾ ਵਾਲੇ ਮਾਹੌਲ ਵਿਚ ਖੁਸ਼ੀ ਨਾਲ ਸੰਪੰਨ ਹੋਵੇ।
–ਵਿਜੇ ਕੁਮਾਰ