ਬਿਜਲੀ ਵਿਭਾਗ ਨੇ ਦਿਖਾਈ ਸਖ਼ਤੀ, ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਦੇ ਕੱਟੇ ਕੁਨੈਕਸ਼ਨ
Friday, Oct 25, 2024 - 05:17 AM (IST)
ਲੁਧਿਆਣਾ(ਗਣੇਸ਼)- ਲੁਧਿਆਣਾ ਸ਼ਹਿਰ 'ਚ ਪ੍ਰਦੂਸ਼ਣ ਫੈਲਾਉਣ ਵਾਲੀਆਂ ਕੱਪੜੇ ਰੰਗਣ ਵਾਲੀਆਂ ਫੈਕਟਰੀਆਂ ਦੇ ਖਿਲਾਫ਼ ਹੁਣ ਪ੍ਰਦੂਸ਼ਣ ਕੰਟਰੋਲ ਬੋਰਡ ਸਖ਼ਤ ਨਜ਼ਰ ਆ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਿਸ਼ ਤੋਂ ਬਾਅਦ ਬਿਜਲੀ ਮਹਿਕਮੇ ਵੱਲੋਂ ਇਨ੍ਹਾਂ ਫੈਕਟਰੀਆਂ ਦੇ ਬਿਜਲੀ ਕਨੈਕਸ਼ਨ ਕੱਟੇ ਜਾ ਰਹੇ ਹਨ।
ਬਿਜਲੀ ਵਿਭਾਗ ਵੱਲੋਂ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ 117 ਦੇ ਕਰੀਬ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ। ਕਈ ਕੁਨੈਕਸ਼ਨ 6 ਮਹੀਨੇ ਤੱਕ ਅਤੇ ਕਈਆਂ ਦੇ ਅਣਮਿੱਥੇ ਸਮੇਂ ਤੱਕ ਬਿਜਲੀ ਕਨੈਕਸ਼ਨ ਕੱਟ ਦਿੱਤੇ ਗਏ ਹਨ, ਜਿਸ ਨੂੰ ਲੈ ਕੇ ਲੁਧਿਆਣਾ ਰੇਂਜ ਪੀ.ਐੱਸ.ਪੀ.ਸੀ.ਐੱਲ. ਚੀਫ ਨੇ ਕਿਹਾ ਕਿ 250 ਦੇ ਕਰੀਬ ਅਜਿਹੀ ਫੈਕਟਰੀਆਂ ਹਨ, ਜਿਨ੍ਹਾਂ ਦੇ ਖਿਲਾਫ਼ ਕਾਰਵਾਈ ਲਈ ਸਾਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲਿਖਿਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਪ੍ਰਦੂਸ਼ਣ ਫੈਲਾ ਰਹੀਆਂ ਉਨ੍ਹਾਂ ਸਾਰੀਆਂ ਹੀ ਫੈਕਟਰੀਆਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਉਹੀ ਫੈਕਟਰੀਆਂ ਹਨ, ਜੋ ਕਿ ਬੁੱਢੇ ਨਾਲੇ ਵਿੱਚ ਗੰਦਾ ਪਾਣੀ ਛੱਡ ਕੇ ਪ੍ਰਦੂਸ਼ਣ ਫੈਲਾ ਰਹੀਆਂ ਹਨ ਜਾਂ ਫਿਰ ਕੱਪੜੇ ਰੰਗਣ ਵਾਲੀਆਂ ਹਨ।
ਇਹ ਵੀ ਪੜ੍ਹੋ- Amazon ਨੇ ਬਿਨਾਂ ਕਾਰਨ Cancel ਕੀਤਾ Order, ਹੁਣ ਦੇਣਾ ਪਵੇਗਾ ਮੁਆਵਜ਼ਾ
ਦੂਜੇ ਪਾਸੇ ਡਾਇੰਗ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਚੌਹਾਨ ਨੇ ਕਿਹਾ ਕਿ ਬਿਜਲੀ ਮਹਿਕਮੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਹੜੀਆਂ ਫੈਕਟਰੀਆਂ ਵੱਲੋਂ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ, ਉਨ੍ਹਾਂ 'ਤੇ ਸਖ਼ਤ ਐਕਸ਼ਨ ਤਾਂ ਹੋਣਾ ਹੀ ਚਾਹੀਦਾ ਹੈ, ਪਰ ਬਿਜਲੀ ਮਹਿਕਮੇ ਵੱਲੋਂ ਕੁਨੈਕਸ਼ਨ ਕੱਟਣ ਨੂੰ ਲੈ ਕੇ ਪਿਕ ਐਂਡ ਚੂਜ਼ ਦੀ ਰਣਨੀਤੀ ਅਪਣਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੁਝ ਫੈਕਟਰੀਆਂ ਦੇ ਕੁਨੈਕਸ਼ਨ ਕੱਟੇ ਗਏ ਹਨ, ਜਦੋਂ ਕਿ ਕਈਆਂ ਦੇ ਹਾਲੇ ਵੀ ਕੱਟਣੇ ਬਾਕੀ ਹਨ। ਉਨ੍ਹਾਂ ਕਿਹਾ ਕਿ ਨੋਟਿਸ ਆਉਣ ਦੇ ਬਾਵਜੂਦ ਉਨ੍ਹਾਂ ਫੈਕਟਰੀਆਂ ਦੇ ਬਿਜਲੀ ਦੇ ਕਨੈਕਸ਼ਨ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਨੂੰ ਵਿਤਕਰੇ ਦੀ ਥਾਂ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਿਫਾਰਿਸ਼ਾਂ ਦੇ ਮੁਤਾਬਿਕ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- 'ਭਾਣਜੇ' ਨੇ ਲੁੱਟ ਲਿਆ 'ਮਾਮਾ' ; ਫ਼ੋਨ ਕਰ ਮਾਰ ਲਈ ਲੱਖਾਂ ਦੀ ਠੱਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e