ਦੇਸ਼ ’ਚ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਦਾ ਆਇਆ ਹੜ੍ਹ

11/16/2022 1:22:08 AM

ਇਨ੍ਹੀਂ ਦਿਨੀਂ ਦੇਸ਼ ਭਰ ’ਚ ਵਿਦੇਸ਼ਾਂ ਤੋਂ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਸਿਰਫ 15 ਦਿਨਾਂ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਮੱਸਿਆ ਕਿਸ ਕਦਰ ਵਧਦੀ ਜਾ ਰਹੀ ਹੈ :
* 30 ਅਕਤੂਬਰ ਨੂੰ ਤਮਿਲਨਾਡੂ ’ਚ ਮਾਲੀਆ ਖੁਫੀਆ ਨਿਰਦੇਸ਼ਾਲਾ ਦੇ ਅਧਿਕਾਰੀਆਂ ਨੇ ਮਦੁਰਈ-ਰਾਮਨਾਥਪੁਰਮ ਰਾਜਮਾਰਗ ਦੇ ਟੋਲ ਪਲਾਜ਼ਾ ’ਤੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 18.34 ਕਰੋੜ ਰੁਪਏ ਦਾ 35.6 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ। ਇਹ ਸੋਨਾ ਸ਼੍ਰੀਲੰਕਾ ਤੋਂ ਤਮਿਲਨਾਡੂ ਤਟ ਦੇ ਰਾਹੀਂ ਭਾਰਤ ਲਿਆਂਦਾ ਗਿਆ ਸੀ। 
* 1 ਨਵੰਬਰ ਨੂੰ ਸੀਮਾ ਸੁਰੱਖਿਆ ਬਲ ਦੀ 152ਵੀਂ ਬਟਾਲੀਅਨ ਨੇ ਬੰਗਲਾਦੇਸ਼-ਭਾਰਤ ਸਰਹੱਦ ’ਤੇ ਅੰਬਾਰੀ ਸਰਹੱਦੀ ਚੌਕੀ ’ਤੇ ਇਕ ਸਮੱਗਲਰ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ  85 ਲੱਖ ਰੁਪਏ ਦੇ 1.632 ਕਿਲੋ ਵਜ਼ਨੀ ਸੋਨੇ ਦੇ ਬਿਸਕੁਟ ਜ਼ਬਤ ਕੀਤੇ। 
* 2 ਨਵੰਬਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ 30 ਕਰੋੜ ਰੁਪਏ ਮੁੱਲ ਦੀ ਲਗਭਗ 4 ਕਿਲੋ ਹੈਰੋਇਨ ਦੇ ਨਾਲ ਇਕ ਨਾਈਜੀਰੀਆਈ ਔਰਤ ਨੂੰ ਗ੍ਰਿਫਤਾਰ ਕੀਤਾ। 
* 7 ਨਵੰਬਰ ਨੂੰ ਮੁੰਬਈ ਕੌਮਾਂਤਰੀ ਹਵਾਈ ਅੱਡੇ ’ਤੇ ਕੇਂਦਰੀ ਜਾਂਚ ਬਿਊਰੋ ਦੇ ਅਧਿਕਾਰੀਆਂ ਨੇ ਪੋਲੈਂਡ ਦੇ ਇਕ ਨਾਗਰਿਕ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 18 ਕਰੋੜ ਦੀ 6 ਕਿਲੋ ਹੈਰੋਇਨ ਬਰਾਮਦ ਕੀਤੀ। 
* 8 ਨਵੰਬਰ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਨਦਿਆ ਜ਼ਿਲੇ ’ਚ ਭਾਰਤ-ਬੰਗਲਾਦੇਸ਼ ਕੌਮਾਂਤਰੀ ਸਰਹੱਦ ਦੇ ਨੇੜੇ ਸਮੱਗਲਰਾਂ ਨੂੰ ਅਸਫਲ ਕਰਦੇ ਹੋਏ 30 ਲੱਖ 12 ਹਜ਼ਾਰ ਰੁਪਏ ਮੁੱਲ ਦਾ 585 ਗ੍ਰਾਮ ਸੋਨਾ ਬਿਸਕੁਟਾਂ ਦੇ ਰੂਪ ’ਚ ਜ਼ਬਤ ਕੀਤਾ। 
* 9 ਨਵੰਬਰ ਨੂੰ ਸੀਮਾ ਸੁਰੱਖਿਆ ਬਲ ਦੀ 89 ਬਟਾਲੀਅਨ ਨੇ ਗੁਰਦਾਸਪੁਰ ਦੇ ਚੰਦੂ ਵਡਾਲਾ ਬੀ. ਓ. ਪੀ. ਦੇ ਨੇੜੇ 15 ਕਰੋੜ ਰੁਪਏ ਦੀ 3 ਕਿਲੋ ਹੈਰੋਇਨ ਫੜੀ। 
* 10 ਨਵੰਬਰ ਨੂੰ ਕਸਟਮ ਵਿਭਾਗ ਨੇ ਚੰਡੀਗੜ੍ਹ ਹਵਾਈ ਅੱਡੇ ’ਤੇ ਇਕ ਯਾਤਰੀ ਕੋਲੋਂ ਦੁਬਈ ਤੋਂ ਨਾਜਾਇਜ਼ ਤੌਰ ’ਤੇ ਲਿਆਂਦਾ ਗਿਆ 8.44 ਲੱਖ ਰੁਪਏ ਮੁੱਲ ਦਾ 160.5 ਗ੍ਰਾਮ ਸੋਨਾ ਜ਼ਬਤ ਕੀਤਾ ਜੋ ਉਸ ਨੇ ਟ੍ਰਾਲੀ ਬੈਗ ਦੇ ਹਰੇਕ ਟਾਇਰ ’ਚ ਰੱਖੇ 8 ਛੋਟੇ ਆਕਾਰ ਦੇ ਚਾਂਦੀ ਰੰਗ ਦੀ ਧਾਤੂ ਦੇ ਟੁਕੜਿਆ ’ਚ ਲੁਕੋਇਆ ਹੋਇਆ ਸੀ। 
* 10 ਨਵੰਬਰ ਨੂੰ ਚੇਨਈ ਕੌਮਾਂਤਰੀ ਹਵਾਈ ਅੱਡੇ ’ਤੇ ਏਅਰ ਕਸਟਮ ਦੀ ਟੀਮ ਨੇ ਸੋਨੇ ਦੀ ਸਮੱਗਲਿੰਗ ਦੇ ਮਾਮਲੇ ’ਚ 2 ਜਹਾਜ਼ ਯਾਤਰੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 1 ਕਰੋੜ 33 ਲੱਖ ਰੁਪਏ ਮੁੱਲ ਦਾ 3 ਕਿਲੋ ਸੋਨਾ ਬਰਾਮਦ ਕੀਤਾ। 
* 11 ਨਵੰਬਰ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਮਾਲੀਆ ਖੁਫੀਆ ਨਿਰਦੇਸ਼ਾਲਾ ਦੇ ਅਧਿਕਾਰੀਆਂ ਨੇ ਇਕ ਯਾਤਰੀ ਨੂੰ 35 ਕਰੋੜ ਦੀ 4.98 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ। 
* 11 ਨਵੰਬਰ ਨੂੰ ਹੀ ਮੁੰਬਈ ਹਵਾਈ ਅੱਡੇ ’ਤੇ ਸਿੰਗਾਪੁਰ ਤੋਂ ਸਮੱਗਲ ਕਰ ਕੇ ਲਿਆਂਦਾ ਗਿਆ 4 ਕਿਲੋ ਸੋਨਾ ਫੜਿਆ ਗਿਆ। 
* 11 ਨਵੰਬਰ ਨੂੰ ਹੀ ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਰਿਆਦ ਤੋਂ ਸਮੱਗਲ ਕਰ ਕੇ ਲਿਆਂਦਾ ਗਿਆ 69.99 ਲੱਖ ਰੁਪਏ ਦਾ ਡੇਢ ਕਿਲੋ ਸੋਨਾ ਫੜਿਆ ਗਿਆ। 
* 11 ਨਵੰਬਰ ਨੂੰ ਹੀ ਮਾਲੀਆ ਖੁਫੀਆ ਨਿਰਦੇਸ਼ਾਲਾ (ਡੀ. ਆਰ. ਆਈ.) ਨੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਇਕ ਯਾਤਰੀ ਨੂੰ 35 ਕਰੋੜ ਰੁਪਏ  ਕੀਮਤ ਦੀ 4.98 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ। 
* 12 ਨਵੰਬਰ ਨੂੰ ਮੰਗਲੁਰੂ ਕੌਮਾਂਤਰੀ ਹਵਾਈ ਅੱਡੇ ’ਤੇ ਨਾਜਾਇਜ਼ ਤੌਰ ’ਤੇ 2 ਕਰੋੜ ਰੁਪਏ ਦੇ ਸੋਨੇ ਦੀ ਸਮੱਗਲਿੰਗ ਕਰਨ ਦੇ ਦੋਸ਼ ’ਚ 3 ਮਲਿਆਲੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਕੁਲ 3.895 ਕਿਲੋ ਸੋਨਾ ਜ਼ਬਤ ਕੀਤਾ ਗਿਆ। 
* 13 ਨਵੰਬਰ ਨੂੰ ਪਠਾਨਕੋਟ ਪੁਲਸ ਨੇ ਇਕ ਟਰੱਕ ’ਚ ਲੁਕੋਇਆ ਹੋਇਆ 155 ਕਿਲੋ ਪੋਸਤ ਚੂਰਾ ਜ਼ਬਤ ਕਰ ਕੇ 2 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ। 
* 13 ਨਵੰਬਰ ਨੂੰ ਹੀ ਮੁੰਬਈ ਸਥਿਤ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਡਿਊਟੀ ਅਧਿਕਾਰੀਆਂ ਨੇ ਵੱਖ-ਵੱਖ ਮੁਹਿੰਮਾਂ ’ਚ 2 ਔਰਤਾਂ ਸਮੇਤ 7 ਯਾਤਰੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 32 ਕਰੋੜ ਰੁਪਏ ਮੁੱਲ ਦਾ 61 ਕਿਲੋ ਸੋਨਾ ਜ਼ਬਤ ਕੀਤਾ। ਇਹ ਮੁੰਬਈ ਹਵਾਈ ਅੱਡੇ ’ਤੇ ਇਕ ਦਿਨ ’ਚ ਜ਼ਬਤ ਸੋਨੇ ਦੀ ਸਭ ਤੋਂ ਵੱਧ ਮਾਤਰਾ ਹੈ।  
* 14 ਨਵੰਬਰ ਨੂੰ ਕਸਟਮ ਵਿਭਾਗ ਨੇ ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਦੁਬਈ ਤੋਂ ਆਏ ਇਕ ਯਾਤਰੀ ਕੋਲੋਂ ਨਾਜਾਇਜ਼ ਤੌਰ ’ਤੇ ਲਿਆਂਦਾ ਗਿਆ 52.88 ਲੱਖ ਰੁਪਏ ਮੁੱਲ ਦਾ ਸੋਨਾ ਬਰਾਮਦ ਕੀਤਾ। 
ਇਹ ਤਾਂ ਕੁਝ ਉਦਾਹਰਣ ਮਾਤਰ ਹਨ, ਜਦਕਿ ਇਸ ਦੇ ਇਲਾਵਾ ਵੀ ਪਤਾ ਨਹੀਂ ਕਿੰਨੀ ਵੱਡੀ ਮਾਤਰਾ ’ਚ ਸੋਨਾ ਅਤੇ ਨਾਜਾਇਜ਼ ਨਸ਼ੇ ਭਾਰਤ ’ਚ ਸਮੱਗਲਿੰਗ ਕਰ ਕੇ ਲਿਆਂਦੇ ਜਾ ਰਹੇ ਹੋਣਗੇ। ਇਸ ਨਾਲ ਨਾ ਸਿਰਫ ਭਾਰਤ ਦੀ ਅਰਥਵਿਵਸਥਾ ਨੂੰ ਸੱਟ ਵੱਜ ਰਹੀ ਹੈ ਸਗੋਂ ਨਸ਼ਿਆਂ ਦੀ ਵਰਤੋਂ ਨਾਲ ਵੱਡੀ ਗਿਣਤੀ ’ਚ ਦੇਸ਼ ਦੀ ਜਨਤਾ ਵੀ ਤਬਾਹ ਹੋ ਰਹੀ ਹੈ। 
ਇਸ ਨੂੰ ਰੋਕਣ ਲਈ ਸਮੱਗਲਿੰਗ ਦੇ ਸਰੋਤਾਂ ’ਤੇ ਹੋਰ ਸਖਤ ਸੁਰੱਖਿਆ ਪ੍ਰਬੰਧ ਕਰਨ ਅਤੇ ਫੜੇ ਗਏ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ, ਜਿਸ ਨਾਲ ਇਹ ਬੁਰਾਈ ਰੁਕ ਸਕੇ ਅਤੇ ਦੂਜਿਆਂ ਨੂੰ ਵੀ ਨਸੀਹਤ ਮਿਲੇ।

-ਵਿਜੇ ਕੁਮਾਰ


Mukesh

Content Editor

Related News