ਤਾਲਿਬਾਨ ’ਤੇ ‘ਕੋਰੋਨਾ’ ਦਾ ਅਸਰ
Monday, Jun 29, 2020 - 02:32 AM (IST)

ਮੇਨ ਆਰਟੀਕਲ
ਕਈ ਵਾਰ ਕੋਈ ਪੁਰਾਣੀ, ਗੁੰਝਲਦਾਰ ਸਿਆਸੀ ਸਮੱਸਿਆ ਸੁਲਝਾਉਣ ਲਈ ਸਰਕਾਰਾਂ ਅਨੁਚਿਤ ਹੱਲ ਲੱਭ ਲੈਂਦੀਆਂ ਹਨ ਅਤੇ ਉਸ ਨੂੰ ਲਾਗੂ ਕਰਨ ਲਈ ਸਹਿਮਤ ਨਹੀਂ, ਵਚਨਬੱਧ ਵੀ ਹੋ ਜਾਂਦੀਆਂ ਹਨ। ਅਫਗਾਨਿਸਤਾਨ ’ਚ ਤਾਲਿਬਾਨ ਨੂੰ ਸੱਤਾ ’ਚ ਵਾਪਸ ਲਿਆਉਣਾ ਅਮਰੀਕੀ ਸਰਕਾਰ ਦਾ ਇਕ ਅਜਿਹਾ ਹੀ ਹੱਲ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਤ ਜਲਮਾਯ ਖਲੀਲਜਾਦ, ਜਿਨ੍ਹਾਂ ਨੇ ‘ਸਮਝੌਤੇ’ ਨੂੰ ਬਚਾਉਣ ਲਈ ਤਾਲਿਬਾਨ ਨੂੰ ਵਿਆਪਕ ਰਿਆਇਤਾਂ ਦਿੱਤੀਆਂ। ਖਲੀਲਜਾਦ ਇਸਲਾਮਾਬਾਦ ਦੀ ਯਾਤਰਾ ਤੋਂ ਬਾਅਦ ਕਤਰ ਦੀ ਰਾਜਧਾਨੀ ਦੋਹਾ ਗਏ, ਜਿਥੋਂ ਤਾਲਿਬਾਨ ਦਾ ਸਿਆਸੀ ਸੰਚਾਲਨ ਹੁੰਦਾ ਹੈ। ਉਨ੍ਹਾਂ ਦਾ ਅਗਲਾ ਪੜਾਅ ਕਾਬੁਲ ਹੈ, ਜਿਸਦੀ ਚੁਣੀ ਹੋਈ ਸਰਕਾਰ ਨੂੰ ਤਾਲਿਬਾਨ ਦੇ ਨਾਲ ਸਾਰੀਅਾਂ ਵਾਰਤਾਵਾਂ ਤੋਂ ਵੱਖਰਾ ਰੱਖਿਆ ਗਿਆ ਸੀ। ਹੁਣ ਜਦਕਿ ਤਾਲਿਬਾਨ ਕਾਬੁਲ ’ਚ ਘੱਟ ਤੋਂ ਘੱਟ ਅੰਸ਼ਿਕ ਸ਼ਕਤੀ ਹਾਸਲ ਕਰਨ ਦੇ ਨੇੜੇ ਹਨ, ਜੇਹਾਦੀ ਅੰਦੋਲਨ ’ਚ ਅੰਦਰੂਨੀ ਲੜਾਈ ਦੇ ਸੰਕੇਤ ਮਿਲ ਰਹੇ ਹਨ ਅਤੇ ਵਿਰੋਧੀ ਧੜਿਅਾਂ ’ਚ ਆਪਣੀ ਵਿਸ਼ਾਲ ਵਿੱਤੀ ਅਤੇ ਫੌਜੀ ਜਾਇਦਾਦ ਦੇ ਕੰਟਰੋਲ ਲਈ ਲੜਾਈ ਸ਼ੁਰੂ ਹੈ।
ਕੋਰੋਨਾ ਵਾਇਰਸ ਨਾਲ ਅਫਗਾਨ ਤਾਲਿਬਾਨ ਦੇ ਸਰਵਉੱਚ ਨੇਤਾ ਮੁੁੱਲਾ ਹੈਬਤੁੱਲਾ ਅਖੁਨਜਾਦਾ ਦੀ ਮੌਤ ਅਤੇ ਕਈ ਹੋਰ ਸੀਨੀਅਰ ਵਿਅਕਤੀਅਾਂ ਦੇ ‘ਕੋਰੋਨਾ’ ਨਾਲ ਪੀੜਤ ਹੋਣ ਦੀਅਾਂ ਖਬਰਾਂ ਆ ਰਹੀਅਾਂ ਹਨ, ਅਜਿਹੇ ’ਚ ਅੱਤਵਾਦੀ ਸਮੂਹ ਦੇ ਸੰਸਥਾਪਕ ਮੁੱਲਾ ਮੁਹੰਮਦ ਉਮਰ ਦੇ ਬੇਟੇ ਨੇ ਇਸ ’ਤੇ ਕੰਟਰੋਲ ਕਰ ਲਿਆ ਹੈ ਪਰ ਹੁਣ ਅਫਗਾਨ ਸਰਕਾਰ ਚਿੰਤਤ ਹੈ ਕਿ ਬੜੀ ਮੁਸ਼ਕਲ ਨਾਲ ਪ੍ਰਾਪਤ ਸ਼ਾਂਤੀ ਪ੍ਰਕਿਰਿਆ ਨੂੰ ਤਾਲਿਬਾਨ ਦੇ ਅੰਦਰ ਦਾ ਸ਼ਕਤੀ ਸੰਘਰਸ਼ ਨੁਕਸਾਨ ਪਹੁੰਚਾ ਸਕਦਾ ਹੈ। ਟਰੰਪ ਦੇ ਪ੍ਰਤੀਨਿਧੀ ਦੇ ਰੂਪ ’ਚ ਕੈਦੀਅਾਂ ਦੀ ਅਦਲਾ-ਬਦਲੀ ’ਤੇ ਕੇਂਦਰਿਤ ਖਲੀਲਜਾਦ ਦੀਅਾਂ ਬੈਠਕਾਂ ਪ੍ਰਗਤੀ ’ਤੇ ਹਨ, ਜਿਸ ’ਤੇ ਤਾਲਿਬਾਨ ਦੇ ਨਾਲ ਦੋ-ਪੱਖੀ ਰੂਪ ’ਚ ਸਹਿਮਤੀ ਹੋਈ ਸੀ ਅਤੇ ਇਸ ਦੇ ਅਧੀਨ ਕਾਬੁਲ ਲਗਭਗ 5000 ਬੰਦੀਅਾਂ ਦੇ ਬਦਲੇ 5000 ਤਾਲਿਬਾਨ ਕੈਦੀਅਾਂ ਨੂੰ ਰਿਹਾਅ ਕਰੇਗਾ। ਇਕ ਵਾਰ ਇਹ ਕੰਮ ਪੂਰਾ ਹੋ ਜਾਣ ’ਤੇ, ਕਾਬੁਲ ਅਤੇ ਤਾਲਿਬਾਨ ਦਰਮਿਆਨ ਗੱਲਬਾਤ ਸ਼ੁਰੂ ਹੋਣ ਵਾਲੀ ਹੈ। ਅਫਗਾਨ ਮੀਡੀਆ ਦੇ ਅਨੁਸਾਰ ਅਜਿਹਾ ਜੁਲਾਈ ਤੱਕ ਹੋ ਸਕਦਾ ਹੈ ਪਰ ਮੁੱਲਾ ਹੈਬਤੁੱਲਾ ਅਖੁਨਜਾਦਾ ਦੀ ਸੰਭਾਵਿਤ ਮੌਤ ਦੇ ਮੱਦੇਨਜ਼ਰ ਨਵੀਅਾਂ ਮੁਸ਼ਕਲਾਂ ਪੈਦਾ ਹੋ ਰਹੀਅਾਂ ਹਨ। ਜਦੋਂ ਤੋਂ ਪਾਕਿਸਤਾਨ ’ਚ ਇਕ ਮਸਜਿਦ ’ਤੇ ਬੰਬ ਵਰ੍ਹਾਉਣ ’ਚ ਉਨ੍ਹਾਂ ਦੇ ਇਮਾਮ ਭਾਈ ਦੀ ਹੱਤਿਆ ਕੀਤੀ ਗਈ ਹੈ, ਅਖੁਨਜਾਦਾ ਲਗਭਗ ਇਕ ਸਾਲ ਤੋਂ ਜਨਤਕ ਰੂਪ ਨਾਲ ਕਿਤੇ ਦਿਖਾਈ ਨਹੀਂ ਦਿੱਤੇ ਹਨ। ਤਾਲਿਬਾਨ ਦੇ ਨਜ਼ਦੀਕੀ ਕਈ ਸੂਤਰਾਂ ਅਨੁਸਾਰ, ਅਖੁਨਜਾਦਾ ਦੀ ਮੌਤ ਕੋਰੋਨਾ ਨਾਲ ਹੋਈ। ਇਸ ਲਈ ਕਾਬੁਲ ’ਚ ਇਕ ਸੂਤਰ ਦਾ ਕਹਿਣਾ ਹੈ ਕਿ ਕਈ ਮਹੀਨਿਅਾਂ ਤੋਂ ਉਨ੍ਹਾਂ ਦੇ ਨਾਂ ’ਤੇ ਹਰ ਕੰਮ ਕੀਤਾ ਜਾ ਰਿਹਾ ਹੈ, ਹਾਲਾਂਕਿ ਤਾਲਿਬਾਨ ਨੇ ਜਨਤਕ ਤੌਰ ’ਤੇ ਨਾਂਹ ਕਰ ਦਿੱਤੀ ਹੈ ਕਿ ਅਖੁਨਜਾਦਾ ਮਰ ਚੁੱਕਾ ਹੈ। ਅਖੁਨਜਾਦਾ ਦੇ ਡਿਪਟੀ ਸਿਰਾਜੂਦੀਨ ਹੱਕਾਨੀ ਸਨ, ਜੋ ਆਪ੍ਰੇਸ਼ਨ ਦੇ ਮੁਖੀ ਦੇ ਰੂਪ ’ਚ ਤਾਲਿਬਾਨ ਦੀ ਪ੍ਰਮੁੱਖ ਫੈਸਲਾਕੁੰਨ ਸ਼ਕਤੀ ਸਨ ਅਤੇ ਅਲਕਾਇਦਾ ਨਾਲ ਜੁੜੇ ਹੱਕਾਨੀ ਅੱਤਵਾਦੀ ਨੈੱਟਵਰਕ ਦੀ ਅਗਵਾਈ ਕਰਦੇ ਸਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਵੀ ਮੌਤ ਹੋ ਗਈ ਹੈ।
ਹੱਕਾਨੀ ਸੂਤਰਾਂ ਦੇ ਅਨੁਸਾਰ ਮੁੱਲਾ ਉਮਰ ਦੇ ਇੱਛਾਵਾਦੀ ਬੇਟੇ ਮੁੱਲਾ ਮੁਹੰਮਦ ਯਾਕੂਬ ਇਹ ਖਾਲੀ ਥਾਂ ਭਰ ਰਹੇ ਹਨ। ਤਾਲਿਬਾਨ ਅਤੇ ਅਫਗਾਨ ਸਰਕਾਰ ਦੇ ਅਨੁਸਾਰ ਯਾਕੂਬ ਨੇ ਸੰਗਠਨ ਦੇ ਮੁਖੀ ਦੇ ਨਾਲ-ਨਾਲ ਅਫਗਾਨਿਸਤਾਨ ਨਾਲ ਜੁੜੇ ਮਾਮਲਿਅਾਂ ਦੇ ਵਿੱਤੀ ਪੋਰਟਫੋਲੀਓ ’ਚ ਭੂਮਿਕਾ ਨਿਭਾਈ ਹੈ। ਉਹ ਫੌਜੀ ਮੁਹਿੰਮਾਂ ਨੂੰ ਵੀ ਕੰਟਰੋਲ ਕਰਦਾ ਹੈ ਪਰ ਯਾਕੂਬ ਅੱਤਵਾਦ ਸਮੂਹ ਦੇ ਅੰਦਰ ਪ੍ਰਸਿੱਧ ਨਹੀਂ ਹੈ। 2015 ’ਚ ਅਗਵਾਈ ਲਈ ਆਪਣਾ ਦਾਅਵਾ ਹਾਰਨ ਤੋਂ ਬਾਅਦ ਯਾਕੂਬ ਨੇ ਤਾਲਿਬਾਨ ਦੇ ਵਿੱਤ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੇ ਹੁਣ ਅਫੀਮ, ਖੋਦਾਈ, ਕਿਰਾਇਆ ਵਸੂਲੀ, ਜਬਰੀ ਵਸੂਲੀ ਨਾਲ ਸਾਲਾਨਾ ਮਾਲੀਏ ’ਚ ਲਗਭਗ 1.7 ਬਿਲੀਅਨ ਡਾਲਰ ਇਕੱਠੇ ਕੀਤੇ ਹਨ। ਖਸਖਸ ਤੋਂ ਇਲਾਵਾ ਖੇਤੀ ਉਤਪਾਦਾਂ ’ਚ ਅਚੱਲ ਜਾਇਦਾਦ, ਉਸਾਰੀ, ਦੂਰਸੰਚਾਰ ਅਤੇ ਵਪਾਰ ਤੋਂ ਵੀ ਉਹ ਪੈਸਾ ਬਣਾਉਂਦਾ ਰਿਹਾ ਹੈ। ਸ਼ਾਂਤੀ ਵਾਰਤਾ ’ਚ ਯਾਕੂਬ ਦਾ ਸਹਿਯੋਗ ਸਰਵਉੱਚ ਅਗਵਾਈ ਲਈ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤਾਲਿਬਾਨ ਦੇ ਅੰਦਰ ਅਤੇ ਬਾਹਰ ਤੋਂ ਉਸ ਨੂੰ ਕਿੰਨਾ ਸਮਰਥਨ ਮਿਲਦਾ ਹੈ। ਹੁਣ ਤੱਕ ਤਾਲਿਬਾਨ ਨੇ ਸਮਝੌਤਿਅਾਂ ’ਚ ਅਮਰੀਕੀ ਮੰਗ ਦੀ ਤੁਲਨਾ ’ਚ ਵਾਅਦੇ ਹੀ ਕੀਤੇ ਹਨ ਕਿ ਉਹ ਅਲਕਾਇਦਾ ਨਾਲ ਸੰਬੰਧਾਂ ’ਚ ਕਟੌਤੀ ਕਰਨਗੇ। ਪਰ ਯਾਕੂਬ ਨੇ ਨਾ ਸਿਰਫ ਦੂਜੇ ਜੇਹਾਦੀ ਗਰੁੱਪਾਂ ਨਾਲ ਆਪਣੇ ਸੰਬੰਧ ਮਜ਼ਬੂਤ ਕੀਤੇ ਹਨ ਸਗੋਂ ਅਲਕਾਇਦਾ ਨੂੰ ਵੀ ਵਿੱਤੀ ਅਤੇ ਫੌਜੀ ਮਦਦ ਦਾ ਭਰੋਸਾ ਦਿੱਤਾ ਹੈ। ਇਨ੍ਹਾਂ ਹਾਲਤਾਂ ’ਚ ਜੇਕਰ ਟਰੰਪ ਨੇ ਅਫਗਾਨਿਸਤਾਨ ’ਚੋਂ ਨਵੰਬਰ ਤੱਕ ਫੌਜਾਂ ਹਟਾ ਲਈਅਾਂ, ਜਿਵੇਂ ਕਿ ਉਹ ਆਪਣੇ ਚੋਣ ਵਾਅਦਿਅਾਂ ਦੇ ਮੱਦੇਨਜ਼ਰ ਕਰਨਾ ਚਾਹੁੰਦੇ ਹਨ, ਤਾਂ ਉਹ ਦੇਸ਼ ਨੂੰ ਉਸ ਤੋਂ ਵੀ ਭੈੜੀ ਹਾਲਤ ’ਚ ਛੱਡ ਕੇ ਜਾਣਗੇ ਜਦੋਂ ਉਹ ਆਏ ਸਨ! ਖਾਸ ਕਰ ਕੇ ਭਾਰਤ ਲਈ ਇਹ ਇਕ ਨਵੀਂ ਸਿਰਦਰਦੀ ਹੋਵੇਗੀ।