ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

Saturday, Jul 05, 2025 - 07:16 PM (IST)

ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਮਹਿਲ ਕਲਾਂ (ਹਮੀਦੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਇਤਿਹਾਸਿਕ ਪਿੰਡ ਠੀਕਰੀਵਾਲਾ ਦਾ 31 ਸਾਲਾ ਨੌਜਵਾਨ ਬੇਅੰਤ ਸਿੰਘ ਉਰਫ਼ ਜਗਤਾਰ ਪੁੱਤਰ ਸਵ. ਬਚਿੱਤਰ ਸਿੰਘ ਦਾ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਜ਼ਿੰਦਗੀ ਹਾਰ ਗਿਆ। ਮ੍ਰਿਤਕ ਬੇਅੰਤ ਸਿੰਘ ਉਰਫ ਜਗਤਾਰ ਲਗਭਗ ਦੋ ਮਹੀਨੇ ਪਹਿਲਾਂ ਹੀ ਰੋਜ਼ੀ-ਰੋਟੀ ਦੀ ਤਲਾਸ਼ ‘ਚ ਆਪਣੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਗਿਆ ਸੀ। ਉਸ ਦੀ ਅਚਾਨਕ ਮੌਤ ਦੀ ਖ਼ਬਰ ਆਉਣ ਨਾਲ ਪਿੰਡ ਅਤੇ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਾਚਾ ਹਰਭਗਵਾਨ ਸਿੰਘ ਅਤੇ ਚਚੇਰੇ ਭਰਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ਉਰਫ ਜਗਤਾਰ ਅਪ੍ਰੈਲ ਮਹੀਨੇ ਵਿੱਚ ਕੈਨੇਡਾ ਗਿਆ ਸੀ। ਦੋ ਜੁਲਾਈ ਨੂੰ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਇਹ ਜਾਣਕਾਰੀ ਉਨ੍ਹਾਂ ਨੂੰ ਉਥੇ ਰਹਿ ਰਹੇ ਪਰਿਵਾਰਕ ਮੈਂਬਰਾਂ ਵੱਲੋਂ ਫ਼ੋਨ ਰਾਹੀਂ ਮਿਲੀ। ਉਨ੍ਹਾਂ ਦੱਸਿਆ ਕਿ ਬੇਅੰਤ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੀ ਵਿਧਵਾ ਮਾਂ ਮਲਕੀਤ ਕੌਰ ਦਾ ਇਕੋ ਸਹਾਰਾ ਸੀ। ਪਰਿਵਾਰ ਨੇ ਕਰਜ਼ਾ ਚੁੱਕ ਕੇ ਉਸ ਨੂੰ ਸਰੀ (ਕੈਨੇਡਾ) ਭੇਜਿਆ ਸੀ, ਪਰ ਉਥੇ ਇਹ ਦੁਖਦਾਈ ਹਾਦਸਾ ਹੋ ਗਿਆ। ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਪੰਜ ਸਾਲ ਤੱਕ ਸਿੰਗਾਪੁਰ ਵਿੱਚ ਮਿਹਨਤ-ਮਜ਼ਦੂਰੀ ਕਰਕੇ ਪਰਤਿਆ ਸੀ, ਪਰ ਇਥੇ ਆ ਕੇ ਦੁਬਾਰਾ ਕੈਨੇਡਾ ਜਾਣ ਦਾ ਫੈਸਲਾ ਕੀਤਾ। ਉਨ੍ਹਾਂ ਕੇਂਦਰ ਤੇ ਰਾਜ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਕਿ ਮ੍ਰਿਤਕ ਨੌਜਵਾਨ ਬੇਅੰਤ ਸਿੰਘ ਉਰਫ ਜਗਤਾਰ ਦੀ ਮੇਰੇ ਤਕਦੀਰ ਪਿੰਡ ਠੀਕਰੀਵਾਲਾ ਵਿਖੇ ਲਿਆਉਣ ਲਈ ਢੁਕਵੇ ਕਦਮ ਚੁੱਕੇ ਜਾਣ ਤਾਂ ਜੋ ਕਿ ਉਸ ਦਾ ਸੰਸਕਾਰ ਕੀਤਾ ਜਾ ਸਕੇ ਇਸ ਮੌਕੇ ਪਿੰਡ ਦੇ ਸਰਪੰਚ ਕਿਰਨਜੀਤ ਸਿੰਘ, ਪੰਚ ਜੀਤ ਸਿੰਘ, ਜਸਪ੍ਰੀਤ ਹੈਪੀ ਅਤੇ ਸੁਖਦੇਵ ਸਿੰਘ ਆਦਿ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਪਰਿਵਾਰ ਦੀ ਸਰਕਾਰੀ ਪੱਧਰ ‘ਤੇ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਲਈ ਇਹ ਵੱਡਾ ਸੰਘਰਸ਼ ਹੈ ਅਤੇ ਸਰਕਾਰ ਨੂੰ ਅੱਗੇ ਆ ਕੇ ਮਦਦ ਕਰਨ ਦੀ ਲੋੜ ਹੈ।


author

Hardeep Kumar

Content Editor

Related News