ਕਣਕ ਦਾ ਬੀਜ ਵੇਚਣ ਦੇ ਨਾਂ ’ਤੇ 5 ਲੱਖ ਤੋਂ ਵੱਧ ਦੀ ਠੱਗੀ
Wednesday, Jun 25, 2025 - 05:19 PM (IST)

ਫਾਜ਼ਿਲਕਾ (ਜ. ਬ.) : ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸ ਨਾਲ ਕਣਕ ਦਾ ਬੀਜ ਵੇਚਣ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੀ ਇਕ ਫਰਮ ਦੀ ਔਰਤ ਸਮੇਤ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੁਭਾਸ਼ ਚੰਦਰ ਵਾਸੀ ਅਬੋਹਰ ਨੇ ਦੱਸਿਆ ਕਿ 8 ਅਕਤੂਬਰ 2024 ਨੂੰ ਇਕ ਅਣਪਛਾਤੇ ਮੋਬਾਇਲ ਫੋਨ ਨੰਬਰ ਤੋਂ ਫੋਨ ਕਾਲ ਆਈ ਸੀ, ਜਿਸ ਨੇ ਆਪਣਾ ਨਾਮ ਰੀਤੂ ਦੱਸਿਆ ਅਤੇ ਕਿਹਾ ਸੀ ਕਿ ਉਹ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਬੋਲ ਰਹੇ ਹਨ ਅਤੇ ਕਣਕ ਦੇ ਬੀਜ ਦੀ ਜਾਣਕਾਰੀ ਦੇਣ ਲੱਗੀ।
ਇਸ ’ਤੇ ਉਸ ਵੱਲੋਂ ਵੱਖ-ਵੱਖ ਕਿਸਮਾਂ ਦੇ ਬੀਜ ਲਈ ਆਰਡਰ ਬੁੱਕ ਕਰਵਾ ਦਿੱਤਾ ਗਿਆ ਅਤੇ ਉਕਤ ਕੰਪਨੀ ਵੱਲੋਂ ਬਣਦੀ ਕੁੱਲ ਪੇਮੈਂਟ 5 ਲੱਖ 12 ਹਜ਼ਾਰ 500 ਰੁਪਏ ਬਣਦੀ ਹੈ ਅਤੇ ਪਹਿਲਾਂ ਤੁਹਾਨੂੰ 20 ਫ਼ੀਸਦੀ ਮਤਲਬ ਕਿ 1 ਲੱਖ 2 ਹਜ਼ਾਰ 500 ਰੁਪਏ ਜਮ੍ਹਾ ਕਰਵਾਉਣੇ ਪੈਣਗੇ, ਜਿਸ ਨੇ ਉਸੇ ਸਮੇਂ ਪੇਮੈਂਟ ਭੇਜ ਦਿੱਤੀ। ਆਰਡਰ ਡਿਸਪੈਚ ਹੋਣ ’ਤੇ 30 ਫ਼ੀਸਦੀ ਹੋਰ ਕੁੱਲ 50 ਫ਼ੀਸਦੀ ਦੇਣ ਲਈ ਉਕਤ ਕੰਪਨੀ ਨੇ ਦੁਬਾਰਾ ਕਿਹਾ, ਜਿਸ ’ਤੇ ਉਸ ਵੱਲੋਂ ਦੁਬਾਰਾ ਪੇਮੈਂਟ ਭੇਜ ਦਿੱਤੀ ਗਈ।
ਬਾਅਦ ’ਚ ਉਕਤ ਕੰਪਨੀ ਨੇ 80 ਫ਼ੀਸਦੀ ਪੇਮੈਂਟ ਦੇਣ ਲਈ ਕਿਹਾ ਕਿ ਜਿਸ ’ਤੇ ਉਸ ਵੱਲੋਂ ਪੇਮੈਂਟ ਭੇਜੀ ਦਿੱਤੀ ਗਈ ਪਰ ਉਕਤ ਕੰਪਨੀ ਵੱਲੋਂ ਆਰਡਰ ਦੇਣ ’ਚ ਲਾਰੇ-ਲੱਪੇ ਲਾਏ ਗਏ। ਨਾ ਹੀ ਪੈਸੇ ਵਾਪਸ ਭੇਜੇ ਗਏ। ਇਸ ਤਰ੍ਹਾਂ ਕੁੱਲ 5 ਲੱਖ 12 ਹਜ਼ਾਰ 500 ਰੁਪਏ ਦੀ ਠੱਗੀ ਮਾਰੀ ਗਈ। ਕਾਨੂੰਨੀ ਰਾਇ ਤੋਂ ਬਾਅਦ ਪੁਲਸ ਵੱਲੋਂ ਚੰਨਦੇਵ ਜੀਤ ਸਿੰਘ ਰੰਧਾਵਾ ਵਾਸੀ ਪਿੰਡ ਅਜਨਾਲਾ ਨੰਗਲ, ਰੀਤੂ ਅਤੇ ਰਾਮਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।