ਪੈਟਰੋਲ ਪੰਪਾਂ ’ਤੇ ਲਗਾਤਾਰ ਹੋ ਰਹੇ ਹਮਲੇ, ਕਤਲ ਅਤੇ ਲੁੱਟਮਾਰ

05/16/2019 6:26:08 AM

ਦੇਸ਼ ਭਰ ’ਚ ਜਿਥੇ ਲੁੱਟਮਾਰ, ਬਲਾਤਕਾਰ ਤੇ ਹੋਰ ਅਪਰਾਧ ਜ਼ੋਰਾਂ ’ਤੇ ਹਨ, ਉਥੇ ਹੀ ਪੈਟਰੋਲ ਪੰਪ ਵੀ ਹੁਣ ਅਪਰਾਧੀ ਅਨਸਰਾਂ ਦੇ ਘੇਰੇ ’ਚ ਆ ਗਏ ਹਨ। ਅਕਸਰ ਲੁੱਟ ਦੇ ਇਰਾਦੇ ਨਾਲ ਪੈਟਰੋਲ ਪੰਪ ਮਾਲਕਾਂ ਅਤੇ ਸਟਾਫ ’ਤੇ ਹਮਲੇ ਹੁੰਦੇ ਰਹਿੰਦੇ ਹਨ, ਜਿਨ੍ਹਾਂ ’ਚ ਕਈ ਵਾਰ ਪੈਟਰੋਲ ਪੰਪ ਮਾਲਕਾਂ ਜਾਂ ਸਟਾਫ ਦੀ ਮੌਤ ਵੀ ਹੋ ਜਾਂਦੀ ਹੈ :

* 04 ਅਪ੍ਰੈਲ ਨੂੰ ਦੋਹਰੀ ਘਾਟ (ਮਊ) ’ਚ ਜਦੋਂ ਇਕ ਪੈਟਰੋਲ ਪੰਪ ਦੇ ਮਾਲਕ ਉਮੇਸ਼ ਗੁਪਤਾ 18 ਲੱਖ 90 ਹਜ਼ਾਰ ਰੁਪਏ ਬੈਂਕ ’ਚ ਜਮ੍ਹਾ ਕਰਵਾਉਣ ਜਾ ਰਹੇ ਸਨ ਤਾਂ ਲੁਟੇਰਿਆਂ ਨੇ ਗੋਲੀ ਮਾਰ ਕੇ ਉਨ੍ਹਾਂ ਤੋਂ ਇਹ ਰਕਮ ਲੁੱਟ ਲਈ ਅਤੇ ਸ਼੍ਰੀ ਗੁਪਤਾ ਦੀ ਬਾਅਦ ’ਚ ਮੌਤ ਹੋ ਗਈ।

* 16 ਅਪ੍ਰੈਲ ਨੂੰ ਹਰਿਆਣਾ ਦੇ ਨਾਹਰੀ ਪਿੰਡ ਦੇ ਪੈਟਰੋਲ ਪੰਪ ’ਤੇ ਆਏ 4 ਨੌਜਵਾਨਾਂ ਨੇ ਮੋਟਰਸਾਈਕਲ ’ਚ ਪੈਟਰੋਲ ਪੁਆਉਣ ਦੇ ਬਹਾਨੇ ਸੇਲਜ਼ਮੈਨ ਨੂੰ ਪਿਸਤੌਲ ਦਿਖਾ ਕੇ ਉਸ ਦੀ ਜੇਬ ’ਚੋਂ 25 ਹਜ਼ਾਰ ਰੁਪਏ ਕੱਢ ਲਏ।

* 02 ਮਈ ਦੀ ਰਾਤ ਨੂੰ ਨਕਾਬਪੋਸ਼ ਬਦਮਾਸ਼ਾਂ ਨੇ ਹੋਡਲ-ਨੂਹ ਰੋਡ ’ਤੇ ਸਥਿਤ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੂੰ ਗੋਲੀ ਮਾਰ ਕੇ ਇਕ ਲੱਖ ਰੁਪਏ ਅਤੇ ਕਾਰਨਾ ਪਿੰਡ ’ਚ ਦੂਜੇ ਪੈਟਰੋਲ ਪੰਪ ’ਤੇ ਦੋ ਮੁਲਾਜ਼ਮਾਂ ਨੂੰ ਹਥਿਆਰ ਦਿਖਾ ਕੇ 1.62 ਲੱਖ ਰੁਪਏ ਲੁੱਟ ਲਏ।

* 12 ਮਈ ਨੂੰ ਬੁਲੰਦਸ਼ਹਿਰ ’ਚ ਇਕ ਪੈਟਰੋਲ ਪੰਪ ’ਤੇ ਡੀਜ਼ਲ ਪੁਆਉਣ ਦੇ ਬਹਾਨੇ ਪਹੁੰਚੇ ਅੱਧਾ ਦਰਜਨ ਬਦਮਾਸ਼ਾਂ ਨੇ ਬੰਦੂਕ ਦੀ ਨੋਕ ’ਤੇ 50 ਹਜ਼ਾਰ ਰੁਪਏ ਲੁੱਟ ਲਏ।

* 12 ਮਈ ਨੂੰ ਹੀ ਕਾਰ ਸਵਾਰ ਬਦਮਾਸ਼ ਮੇਰਠ ’ਚ ਹਾਈਵੇ ’ਤੇ ਪੈਂਦੇ ਪੈਟਰੋਲ ਪੰਪ ਦੇ 8 ਸੇਲਜ਼ਮੈਨਾਂ ਤੋਂ ਬੰਦੂਕ ਦੀ ਨੋਕ ’ਤੇ 40 ਹਜ਼ਾਰ ਰੁਪਏ ਲੁੱਟ ਕੇ ਲੈ ਗਏ।

* 14 ਮਈ ਨੂੰ 2 ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਬਾਘਾਪੁਰਾਣਾ ਨੇੜੇ ਪਿੰਡ ਰਾਜੋਆਣਾ ਦੇ ਪੈਟਰੋਲ ਪੰਪ ’ਤੇ ਕੰਮ ਕਰ ਰਹੇ ਗੁਰਮੀਤ ਸਿੰਘ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਉਸ ਦਾ ਮੋਬਾਇਲ ਵੀ ਖੋਹ ਕੇ ਭੱਜ ਗਏ।

* 14 ਮਈ ਨੂੰ ਹੀ ਬੰਡੌਲ ਥਾਣੇ ਦੇ ਤਹਿਤ ਤਿੰਨ ਹਥਿਆਰਬੰਦ ਲੁਟੇਰੇ ਇਕ ਪੈਟਰੋਲ ਪੰਪ ’ਚ ਵੜ ਕੇ ਮੁਲਾਜ਼ਮਾਂ ਕੋਲ ਰੱਖੇ ਲਗਭਗ 4 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ।

ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਹੋਰ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ, ਜੋ ਪੈਟਰੋਲ ਪੰਪ ਲੁਟੇਰਿਆਂ ਦੇ ਵਧ ਰਹੇ ਹੌਸਲੇ ਦਾ ਸੰਕੇਤ ਦਿੰਦੀਆਂ ਹਨ। ਲਿਹਾਜ਼ਾ ਸਰਕਾਰ ਨੂੰ ਹਰੇਕ ਪੈਟਰੋਲ ਪੰਪ ਦੇ ਮਾਲਕ ਨੂੰ ਇਕ ਹਥਿਆਰਬੰਦ ਮੁਲਾਜ਼ਮ ਰੱਖਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਜਿਸ ਨੂੰ ਲੋੜ ਪੈਣ ’ਤੇ ਹਥਿਆਰ ਦੀ ਵਰਤੋਂ ਕਰਨ ਦਾ ਅਧਿਕਾਰ ਹੋਵੇ।

–ਵਿਜੇ ਕੁਮਾਰ


Bharat Thapa

Content Editor

Related News