ਕਰਨਾਟਕ ''ਚ ਕਾਂਗਰਸ-ਜਨਤਾ ਦਲ (ਐੱਸ) ਵਿਚਾਲੇ ''ਉਥਲ-ਪੁਥਲ'' ਅਤੇ ਕੁਮਾਰਸਵਾਮੀ ਦਾ ''ਵਿਰਲਾਪ''

07/17/2018 6:44:23 AM

ਦੇਸ਼ 'ਚ ਗੱਠਜੋੜ ਦੀ ਸਿਆਸਤ ਦੀ ਸ਼ੁਰੂਆਤ 1977 'ਚ ਮੋਰਾਰਜੀ ਦੇਸਾਈ ਦੀ ਅਗਵਾਈ ਹੇਠ ਜਨਤਾ ਪਾਰਟੀ ਦੀ ਸਰਕਾਰ ਦੇ ਗਠਨ ਨਾਲ ਮੰਨੀ ਜਾਂਦੀ ਹੈ। 1 ਮਈ 1977 ਨੂੰ ਸੰਗਠਨ ਕਾਂਗਰਸ, ਜਨਸੰਘ, ਭਾਲੋਦ ਅਤੇ ਸੋਸ਼ਲਿਸਟ ਪਾਰਟੀ ਨੇ ਇਕੱਠੇ ਮਿਲ ਕੇ ਜਨਤਾ ਪਾਰਟੀ ਨੂੰ ਜੀਵਨ ਦਾਨ ਦਿੱਤਾ ਅਤੇ ਸੰਘੀ ਪੱਧਰ 'ਤੇ ਕਾਂਗਰਸ ਦੇ ਇਕਛਤਰ ਰਾਜ ਨੂੰ ਪਹਿਲੀ ਵਾਰ ਜਨਤਾ ਪਾਰਟੀ ਦੀ ਸਰਕਾਰ ਤੋਂ ਚੁਣੌਤੀ ਮਿਲੀ। ਉਂਝ ਇਸ ਤੋਂ ਪਹਿਲਾਂ ਯੂ. ਪੀ. ਸਮੇਤ ਕੁਝ ਸੂਬਿਆਂ 'ਚ ਮਿਲੀਆਂ-ਜੁਲੀਆਂ ਸਰਕਾਰਾਂ ਬਣ ਚੁੱਕੀਆਂ ਸਨ। 
ਫਿਰ 1998 ਤੋਂ 2004 ਤਕ ਪ੍ਰਧਾਨ ਮੰਤਰੀ ਰਹੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਗੱਠਜੋੜ ਦੀ ਸਿਆਸਤ ਨੂੰ ਦੁਬਾਰਾ ਮੌਕਾ ਮਿਲਿਆ। ਸ਼੍ਰੀ ਵਾਜਪਾਈ ਨੇ ਐੱਨ. ਡੀ. ਏ. ਦੀਆਂ ਸਿਰਫ 3 ਪਾਰਟੀਆਂ ਦੇ ਗੱਠਜੋੜ ਨੂੰ ਵਧਾਉਂਦਿਆਂ 26 ਪਾਰਟੀਆਂ ਤਕ ਪਹੁੰਚਾ ਦਿੱਤਾ।
ਇਸ ਗੱਠਜੋੜ ਦੀ ਸਿਆਸਤ ਦਾ ਉਦੋਂ ਹੋਰ ਵਿਸਤਾਰ ਹੋਇਆ, ਜਦੋਂ ਭਾਜਪਾ ਦੀ ਅਗਵਾਈ ਵਾਲਾ ਐੱਨ. ਡੀ. ਏ. ਅਤੇ ਕਾਂਗਰਸ ਦੀ ਅਗਵਾਈ ਵਾਲਾ ਯੂ. ਪੀ. ਏ. ਹੋਂਦ 'ਚ ਆਏ। ਇਸੇ ਦਾ ਸਿੱਟਾ ਹੈ ਕਿ ਅੱਜ ਦੇਸ਼ 'ਚ ਕੇਂਦਰ ਤੋਂ ਇਲਾਵਾ 23 ਸੂਬਿਆਂ 'ਚ ਗੱਠਜੋੜ ਸਰਕਾਰਾਂ ਚੱਲ ਰਹੀਆਂ ਹਨ, ਜਿਨ੍ਹਾਂ 'ਚ ਮੁੱਖ ਤੌਰ 'ਤੇ ਭਾਜਪਾ ਅਤੇ ਕਾਂਗਰਸ ਦਾ ਵੱਖ-ਵੱਖ ਖੇਤਰੀ ਪਾਰਟੀਆਂ ਨਾਲ ਗੱਠਜੋੜ ਹੈ। ਜ਼ਿਕਰਯੋਗ ਹੈ ਕਿ ਅਮਰੀਕਾ 'ਚ ਸਿਰਫ 2 ਮੁੱਖ ਸਿਆਸੀ ਪਾਰਟੀਆਂ ਹੀ ਹਨ, ਜਦਕਿ ਕੁਝ ਹੋਰ ਛੋਟੀਆਂ ਪਾਰਟੀਆਂ ਹਨ ਅਤੇ ਇੰਗਲੈਂਡ 'ਚ ਮੁੱਖ ਸਿਆਸੀ ਪਾਰਟੀਆਂ ਤਾਂ ਤਿੰਨ ਹੀ ਹਨ, ਜਦਕਿ ਛੋਟੀਆਂ ਸਿਆਸੀ ਪਾਰਟੀਆਂ ਦੀ ਗਿਣਤੀ ਇਕ ਦਰਜਨ ਦੇ ਲੱਗਭਗ ਹੈ। ਇਸ ਦੇ ਉਲਟ ਭਾਰਤ 'ਚ ਸਿਆਸੀ ਪਾਰਟੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਅਤੇ ਸਾਰੀਆਂ ਪਾਰਟੀਆਂ ਦੀਆਂ ਇੱਛਾਵਾਂ ਵੀ ਵੱਖ-ਵੱਖ ਹੋਣ ਕਾਰਨ ਗੱਠਜੋੜ 'ਚ ਸ਼ਾਮਲ ਹੋਣ ਦੇ ਬਾਵਜੂਦ ਵੱਖ-ਵੱਖ ਸਹਿਯੋਗੀ ਪਾਰਟੀਆਂ ਦੇ ਹਿੱਤਾਂ 'ਚ ਟਕਰਾਅ ਹੁੰਦੇ ਰਹਿੰਦੇ ਹਨ। ਇਸੇ ਕਾਰਨ ਬਹੁਤੇ ਮਾਮਲਿਆਂ 'ਚ ਗੱਠਜੋੜ ਸਰਕਾਰਾਂ ਦੀ ਉਮਰ ਵੀ ਘੱਟ ਹੁੰਦੀ ਹੈ ਅਤੇ ਕਈ ਵਾਰ ਗੱਠਜੋੜ ਦੀਆਂ ਸਰਕਾਰਾਂ ਟਿਕਦੀਆਂ ਨਹੀਂ। ਇਸ ਦੀ ਤਾਜ਼ਾ ਮਿਸਾਲ ਸਾਨੂੰ ਹੁਣੇ ਜਿਹੇ ਜੰਮੂ ਕਸ਼ਮੀਰ 'ਚ ਪੀ. ਡੀ. ਪੀ. ਤੇ ਭਾਜਪਾ ਦੀ ਗੱਠਜੋੜ ਸਰਕਾਰ ਦੇ ਪਤਨ ਵਜੋਂ ਦੇਖਣ ਨੂੰ ਮਿਲੀ ਹੈ। ਉਥੇ ਗਠਨ ਤੋਂ ਸਿਰਫ ਸਵਾ ਦੋ ਸਾਲਾਂ ਬਾਅਦ ਹੀ ਭਾਜਪਾ ਵਲੋਂ ਮਹਿਬੂਬਾ ਤੋਂ ਹਮਾਇਤ ਵਾਪਸ ਲੈ ਲੈਣ ਕਾਰਨ ਪੀ. ਡੀ. ਪੀ. ਦੀ ਨੇਤਾ ਮਹਿਬੂਬਾ ਮੁਫਤੀ ਨੇ 19 ਜੂਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਉਦੋਂ ਤੋਂ ਹੀ ਦੋਹਾਂ ਪਾਰਟੀਆਂ ਵਿਚਾਲੇ ਪੁਰਾਣੀਆਂ ਕਸਮਾਂ ਤੇ ਵਾਅਦੇ ਭੁਲਾ ਕੇ ਦੂਸ਼ਣਬਾਜ਼ੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ।
ਹੁਣ ਨਵਾਂ ਮਾਮਲਾ ਨਵੀਂ ਬਣੀ ਕਰਨਾਟਕ ਦੀ ਜਨਤਾ ਦਲ (ਐੱਸ) ਤੇ ਕਾਂਗਰਸ ਦੀ ਗੱਠਜੋੜ ਸਰਕਾਰ ਦਾ ਹੈ, ਜਿਥੇ 23 ਮਈ ਨੂੰ ਕੁਮਾਰਸਵਾਮੀ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਗੱਠਜੋੜ ਸਹਿਯੋਗੀ ਕਾਂਗਰਸ ਅਤੇ ਜਨਤਾ ਦਲ (ਐੱਸ) ਵਿਚਾਲੇ ਉਥਲ-ਪੁਥਲ ਦਿਖਾਈ ਦੇਣ ਲੱਗੀ ਹੈ।
28 ਮਈ ਨੂੰ ਕੁਮਾਰਸਵਾਮੀ ਨੇ ਕਿਹਾ ਸੀ ਕਿ ''ਮੈਂ ਕਾਂਗਰਸ ਦੀ ਦਇਆ ਨਾਲ ਮੁੱਖ ਮੰਤਰੀ ਬਣਿਆ ਹਾਂ। ਸੂਬੇ ਦੇ ਵਿਕਾਸ ਦੀ ਜ਼ਿੰਮੇਵਾਰੀ ਮੇਰੇ 'ਤੇ ਹੈ। ਮੈਂ ਮੁੱਖ ਮੰਤਰੀ ਵਜੋਂ ਕੰਮ ਕਰਨਾ ਹੈ ਪਰ ਇਸ ਦੇ ਲਈ ਮੈਨੂੰ ਕਾਂਗਰਸੀ ਨੇਤਾਵਾਂ ਦੀ ਇਜਾਜ਼ਤ ਲੈਣੀ ਪਵੇਗੀ। ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਮੈਂ ਕੁਝ ਨਹੀਂ ਕਰ ਸਕਦਾ।''
5 ਜੁਲਾਈ ਨੂੰ ਬਜਟ ਪੇਸ਼ ਕਰਨ ਮਗਰੋਂ ਕੁਮਾਰਸਵਾਮੀ ਨੂੰ ਕਾਂਗਰਸ ਦੇ ਕੁਝ ਸੀਨੀਅਰ ਆਗੂਆਂ ਦੇ ਵਿਰੋਧ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। 
ਇਸ ਲਈ 14 ਜੁਲਾਈ ਨੂੰ ਇਕ ਵਾਰ ਫਿਰ ਕੁਮਾਰਸਵਾਮੀ ਨੇ ਇਕ ਪ੍ਰੋਗਰਾਮ 'ਚ ਭਾਵੁਕ ਹੋ ਕੇ ਕਿਹਾ, ''ਤੁਸੀਂ ਲੋਕ ਗੁਲਦਸਤਾ ਲੈ ਕੇ ਮੇਰਾ ਸਵਾਗਤ ਕਰਨ ਲਈ ਖੜ੍ਹੇ ਰਹਿੰਦੇ ਹੋ। ਤੁਹਾਨੂੰ ਲੱਗਦਾ ਹੋਵੇਗਾ ਕਿ ਤੁਹਾਡਾ ਭਰਾ ਮੁੱਖ ਮੰਤਰੀ ਬਣ ਗਿਆ ਹੈ। ਤੁਸੀਂ ਸਾਰੇ ਖੁਸ਼ ਹੋ ਪਰ ਮੈਂ ਇਸ ਤੋਂ ਖੁਸ਼ ਨਹੀਂ ਹਾਂ। ਮੈਂ ਜਾਣਦਾ ਹਾਂ ਕਿ ਗੱਠਜੋੜ ਦਾ ਦਰਦ ਕੀ ਹੁੰਦਾ ਹੈ। ਮੈਨੂੰ ਭਗਵਾਨ ਸ਼ਿਵ ਵਾਂਗ ਗੱਠਜੋੜ ਸਰਕਾਰ ਦਾ ਜ਼ਹਿਰ ਪੀਣਾ ਪੈ ਰਿਹਾ ਹੈ।''
ਕੁਮਾਰਸਵਾਮੀ ਨੇ ਕਿਹਾ,''ਕੋਈ ਨਹੀਂ ਜਾਣਦਾ ਕਿ ਕਰਜ਼ਾ ਮੁਆਫੀ ਲਈ ਅਧਿਕਾਰੀਆਂ ਨੂੰ ਮਨਾਉਣ ਵਾਸਤੇ ਮੈਨੂੰ ਕਿੰਨੀ ਬਾਜ਼ੀਗਰੀ ਕਰਨੀ ਪਈ। ਹੁਣ ਉਹ 'ਅੰਨਾ ਭਾਗਯ ਸਕੀਮ' ਵਿਚ 5 ਕਿਲੋ ਦੀ ਬਜਾਏ 7 ਕਿਲੋ ਚੌਲ ਚਾਹੁੰਦੇ ਹਨ। ਮੈਂ ਇਸ ਦੇ ਲਈ 2500 ਕਰੋੜ ਰੁਪਏ ਕਿੱਥੋਂ ਲਿਆਵਾਂ। ਟੈਕਸ ਲਾਉਣ ਲਈ ਮੇਰੀ ਆਲੋਚਨਾ ਹੋ ਰਹੀ ਹੈ। ਜੇ ਮੈਂ ਚਾਹਾਂ ਤਾਂ ਦੋ ਘੰਟਿਆਂ 'ਚ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਵਾਂ।'' ਕੁਮਾਰਸਵਾਮੀ ਨੂੰ ਹੰਝੂ ਪੂੰਝਦੇ ਦੇਖ ਕੇ ਭੀੜ ਨੇ ਚਿੱਲਾ ਕੇ ਕਿਹਾ, ''ਅਸੀਂ ਤੁਹਾਡੇ ਨਾਲ ਹਾਂ।''
ਬਿਨਾਂ ਸ਼ੱਕ ਗੱਠਜੋੜ ਸਰਕਾਰਾਂ ਦੇ ਮਾਮਲੇ 'ਚ ਬਹੁਮਤ ਵਾਲੀ ਪਾਰਟੀ ਆਪਣੇ ਹਿੱਤਾਂ ਨੂੰ ਦੇਖਦੇ ਹੋਏ ਸਰਕਾਰ ਨੂੰ ਕੰਮ ਕਰਨ ਤੋਂ ਰੋਕਦੀ ਹੈ, ਜਿਸ ਨਾਲ ਸਰਕਾਰ ਦੇ ਮੁਖੀ 'ਤੇ ਦਬਾਅ ਪੈਂਦਾ ਹੈ ਅਤੇ ਕਰਨਾਟਕ ਸਰਕਾਰ ਦੇ ਮਾਮਲੇ 'ਚ ਵੀ ਅਜਿਹਾ ਹੀ ਹੋ ਰਿਹਾ ਹੈ।
ਕਰਨਾਟਕ ਦੇ ਮਾਮਲੇ 'ਚ ਦੋਵਾਂ ਪਾਰਟੀਆਂ ਦੀ ਉਥਲ-ਪੁਥਲ ਦੱਸਦੀ ਹੈ ਕਿ ਦੇਸ਼ 'ਚ ਗੱਠਜੋੜ ਧਰਮ ਦੀ ਰੀਤੀ-ਨੀਤੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਕਿ ਕੇਂਦਰ ਅਤੇ ਸੂਬਿਆਂ 'ਚ ਗੱਠਜੋੜ ਸਰਕਾਰਾਂ ਸੁਚੱਜੇ ਢੰਗ ਨਾਲ ਕੰਮ ਕਰ ਸਕਣ।
ਅਜਿਹਾ ਨਾ ਹੋਣ 'ਤੇ ਅਤੇ ਸਮੇਂ ਤੋਂ ਪਹਿਲਾਂ ਸਰਕਾਰਾਂ ਡਿੱਗਣ ਨਾਲ ਸੂਬਿਆਂ 'ਚ ਰਾਸ਼ਟਰਪਤੀ ਰਾਜ ਜਾਂ ਮੁੜ ਚੋਣਾਂ ਦਾ ਹੀ ਬਦਲ ਰਹਿ ਜਾਵੇਗਾ, ਜਿਸ ਨਾਲ ਦੇਸ਼ ਅਤੇ ਸੂਬਿਆਂ ਦੋਹਾਂ ਨੂੰ ਹੀ ਨੁਕਸਾਨ ਹੋਵੇਗਾ।         —ਵਿਜੇ ਕੁਮਾਰ


Related News