ਹਾਈ ਕੋਰਟ ’ਚ ਵਕੀਲਾਂ ਵਿਚਾਲੇ ਚੱਲੇ ਘਸੁੰਨ-ਮੁੱਕੇ, ਖੁੱਲ੍ਹੇਆਮ ਤਲਵਾਰ ਲੈ ਕੇ ਘੁੰਮਦਾ ਨਜ਼ਰ ਆਇਆ ਵਕੀਲ

Thursday, Sep 18, 2025 - 12:52 AM (IST)

ਹਾਈ ਕੋਰਟ ’ਚ ਵਕੀਲਾਂ ਵਿਚਾਲੇ ਚੱਲੇ ਘਸੁੰਨ-ਮੁੱਕੇ, ਖੁੱਲ੍ਹੇਆਮ ਤਲਵਾਰ ਲੈ ਕੇ ਘੁੰਮਦਾ ਨਜ਼ਰ ਆਇਆ ਵਕੀਲ

ਚੰਡੀਗੜ੍ਹ, (ਗੰਭੀਰ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ’ਚ ਮੰਗਲਵਾਰ ਨੂੰ ਹੰਗਾਮੇਦਾਰ ਮਾਹੌਲ ਬਣ ਗਿਆ ਜਦੋਂ ਦੋ ਵਕੀਲਾਂ ਨੇ ਅਦਾਲਤ ਪਰਿਸਰ ’ਚ ਬਾਰ ਮੈਂਬਰਾਂ ’ਤੇ ਹਮਲਾ ਕਰ ਦਿੱਤਾ। ਹਾਲਾਤ ਇਸ ਕਦਰ ਗੰਭੀਰ ਹੋ ਗਏ ਕਿ ਇਕ ਵਕੀਲ ਅਦਾਲਤ ਕੰਪਲੈਕਸ ’ਚ ਖੁੱਲ੍ਹੇਆਮ ਤਲਵਾਰ ਲੈ ਕੇ ਘੁੰਮਦਾ ਨਜ਼ਰ ਆਇਆ। ਇਸ ਘਟਨਾ ਤੋਂ ਬਾਅਦ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਨੇ ਚੰਡੀਗੜ੍ਹ ਪੁਲਸ ਤੋਂ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ।

ਮਹਿਲਾ ਵਕੀਲ ਨੇ ਲਾਏ ਗੰਭੀਰ ਦੋਸ਼

ਕਾਰਜਕਾਰੀ ਕਮੇਟੀ ਵੱਲੋਂ ਜਾਰੀ ਨੋਟਿਸ ਮੁਤਾਬਕ ਵਕੀਲ ਰਵਨੀਤ ਕੌਰ ਨੇ ਚੀਫ ਜਸਟਿਸ ਦੀ ਕੋਰਟ ’ਚ ਦਾਅਵਾ ਕੀਤਾ ਕਿ ਮੌਜੂਦਾ ਸਕੱਤਰ ਨੇ ਉਸ ਦਾ ਬੈਗ ਤੇ ਲੈਪਟਾਪ ਜ਼ਬਤ ਕਰ ਲਿਆ ਹੈ। ਉਸ ਨੇ ਮਾਮਲੇ ਦੀ ਸੁਣਵਾਈ ਕੱਲ ਲਈ ਤੈਅ ਕਰਨ ਦੀ ਅਪੀਲ ਕੀਤੀ ਸੀ। ਨੋਟਿਸ ’ਚ ਕਿਹਾ ਗਿਆ ਹੈ ਕਿ ਅਦਾਲਤ ’ਚ ਮੌਜੂਦ ਲਗਭਗ 100 ਮੈਂਬਰਾਂ ਨੇ ਇਸ ਬਾਰੇ ਇਤਰਾਜ ਦਰਜ ਕਰਵਾਇਆ ਤੇ ਮੰਗ ਕੀਤੀ ਕਿ ਇਸ ਤਰ੍ਹਾਂ ਦੀ ਕੋਈ ਵੀ ਸਹੂਲਤ ਨਾ ਦਿੱਤੀ ਜਾਵੇ। ਅਦਾਲਤ ਨੇ ਮੈਂਬਰਾਂ ਦੀ ਇਤਰਾਜ ਨੂੰ ਮਨਜ਼ੂਰ ਕਰ ਲਿਆ।

ਬਾਹਰ ਆ ਕੇ ਕੀਤਾ ਹੰਗਾਮਾ : ਨੋਟਿਸ ਮੁਤਾਬਕ ਅਦਾਲਤ ਤੋਂ ਬਾਹਰ ਆਉਣ ਤੋਂ ਬਾਅਦ ਵਕੀਲ ਰਵਨੀਤ ਕੌਰ ਨੇ ਮੁੜ ਹੰਗਾਮਾ ਕਰ ਦਿੱਤਾ। ਉਹ ਵਕੀਲ ਸਿਮਰਨਜੀਤ ਸਿੰਘ ਬਲਾਸੀ ਨਾਲ ਮਿਲ ਕੇ ਕਾਰਜਕਾਰੀ ਦਫ਼ਤਰ ’ਚ ਦਾਖ਼ਲ ਹੋਈ ਤੇ ਸਕੱਤਰ ਨਾਲ ਦੁਰਵਿਵਹਾਰ ਕੀਤਾ। ਇਸ ਤੋਂ ਬਾਅਦ ਬਾਰ ਦੇ ਹੋਰ ਮੈਂਬਰਾਂ ’ਤੇ ਵੀ ਹਮਲਾ ਕੀਤਾ ਗਿਆ।

ਬਣਿਆ ਦਹਿਸ਼ਤ ਦਾ ਮਾਹੌਲ : ਇਹ ਘਟਨਾ ਉਸ ਸਮੇਂ ਹੋਰ ਵੀ ਚਿੰਤਾਜਨਕ ਹੋ ਗਈ ਜਦੋਂ ਵਕੀਲ ਸਿਮਰਨਜੀਤ ਸਿੰਘ ਬਲਾਸੀ ਨੂੰ ਅਦਾਲਤ ਪਰਿਸਰ ’ਚ ਖੁੱਲ੍ਹੇਆਮ ਤਲਵਾਰ ਲੈ ਕੇ ਘੁੰਮਦਾ ਹੋਇਆ ਦੇਖਿਆ ਗਿਆ। ਦਾਅਵਾ ਕੀਤਾ ਗਿਆ ਹੈ ਕਿ ਉਸਨੇ ਸਕੱਤਰ ਤੇ ਹੋਰ ਬਾਰ ਮੈਂਬਰਾਂ ’ਤੇ ਹਮਲਾ ਕੀਤਾ, ਜਿਸ ਨਾਲ ਪੂਰੇ ਕੰਪਲੈਕਸ ’ਚ ਡਰ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਤੋਂ ਬਾਅਦ ਦੋਵੇਂ ਵਕੀਲਾਂ ਨੂੰ ਪੁਲਸ ਅਧਿਕਾਰੀਆਂ ਵੱਲੋਂ ਲੈ ਜਾਇਆ ਗਿਆ।

ਬਾਰ ਦੀ ਚਿਤਾਵਨੀ- ਬਾਰ ਐਸੋਸੀਏਸ਼ਨ ਨੇ ਪੁਲਸ ’ਤੇ ਗੰਭੀਰ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਹਨ। ਬਾਰ ਨੇ ਸਪੱਸ਼ਟ ਕੀਤਾ ਕਿ ਜੇਕਰ ਰਵਨੀਤ ਕੌਰ ਤੇ ਸਿਮਰਨਜੀਤ ਸਿੰਘ ਬਲਾਸੀ ਖ਼ਿਲਾਫ਼ ਤੁਰੰਤ ਐੱਫ. ਆਈ. ਆਰ. ਦਰਜ ਕਰ ਕੇ ਗ੍ਰਿਫ਼ਤਾਰ ਨਾ ਕੀਤਾ ਤਾਂ ਬਾਰ ਨੂੰ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਾ ਪਵੇਗਾ।

ਅੱਜ ਰਹੇਗੀ ਹੜਤਾਲ-ਚੰਡੀਗੜ੍ਹ ਪੁਲਸ ਵੱਲੋਂ ਹਾਲੇ ਤੱਕ ਦੋਵੇਂ ਮੁਲਜ਼ਮਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ। ਇਸ ਕਰਕੇ ਹਾਈ ਕੋਰਟ ਦੇ ਵਕੀਲਾਂ ਨੇ ਵੀਰਵਾਰ ਨੂੰ ਪੂਰੀ ਤਰ੍ਹਾਂ ਹੜਤਾਲ ਕਰਨ ਦਾ ਐਲਾਨ ਕੀਤਾ ਹੈ।


author

Rakesh

Content Editor

Related News