ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ ! ਕਾਂਗਰਸ ਪਾਰਟੀ 'ਚ ਸਾਹਮਣੇ ਆਈ ਧੜੇਬੰਦੀ
Friday, Sep 19, 2025 - 11:12 AM (IST)

ਜਲੰਧਰ (ਚੋਪੜਾ)- ਕਾਂਗਰਸ ਦੀ 'ਸੰਗਠਨ ਸਿਰਜਣ ਮੁਹਿੰਮ' ਤਹਿਤ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਹੁਦੇ ਲਈ ਚੋਣ ਪ੍ਰਕਿਰਿਆ ਵਿਚ ਕਰਤਾਰਪੁਰ ਹਲਕੇ ਵਿਚ ਕਾਂਗਰਸੀ ਆਗੂਆਂ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਬੀਤੇ ਦਿਨ ਸਥਾਨਕ ਰਾਜਿੰਦਰ ਨਗਰ ਸਥਿਤ ਜ਼ਿਲ੍ਹਾ ਕਾਂਗਰਸ ਦਫ਼ਤਰ ਵਿਖੇ ਦੋ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ। ਪਹਿਲੀ ਮੀਟਿੰਗ ਸਵੇਰੇ 10 ਵਜੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ, ਜਦਕਿ ਦੂਜੀ ਮੀਟਿੰਗ ਦੁਪਹਿਰ 12 ਵਜੇ ਹਲਕਾ ਇੰਚਾਰਜ ਰਾਜਿੰਦਰ ਸਿੰਘ ਦੀ ਅਗਵਾਈ ਵਿਚ ਬੁਲਾਈ ਗਈ। ਦੋਵਾਂ ਮੀਟਿੰਗਾਂ ਵਿਚ 'ਸੰਗਠਨ ਸਿਰਜਣ ਮੁਹਿੰਮ' ਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਆਬਜ਼ਰਵਰ ਅਤੇ ਛੱਤੀਸਗੜ੍ਹ ਤੋਂ ਵਿਧਾਇਕ ਭੁਵਨ ਕਾਪੜੀ ਮੌਜੂਦ ਸਨ। ਉਨ੍ਹਾਂ ਵਰਕਰਾਂ ਦੇ ਵਿਚਾਰ ਸੁਣੇ ਅਤੇ ਬੰਦ ਕਮਰੇ ਵਿਚ ਦੋਵਾਂ ਧੜਿਆਂ ਤੋਂ ਜ਼ਿਲ੍ਹਾ ਪ੍ਰਧਾਨ ਅਹੁਦੇ ਲਈ ਰਾਏ ਮੰਗੀ। ਹਾਲਾਂਕਿ ਇਸ ਮੁਹਿੰਮ ਦਾ ਉਦੇਸ਼ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਪਰ ਜਿਸ ਤਰ੍ਹਾਂ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ ਹੈ, ਉਸ ਨਾਲ ਪਾਰਟੀ ਦੀ ਹਾਲਤ ਹੋਰ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਅਜਿਹੇ ਹਾਲਾਤ ਪਾਰਟੀ ਦੇ 2027 ਮਿਸ਼ਨ ਨੂੰ ਹੋਰ ਪਿੱਛੇ ਧੱਕ ਸਕਦੇ ਹਨ।
ਇਹ ਵੀ ਪੜ੍ਹੋ: ਪ੍ਰਵਾਸੀ ਜਲੰਧਰ ਤੋਂ ਅਗਵਾ ਕਰਕੇ ਲੈ ਗਿਆ ਕੁੜੀ, ਯੂਪੀ ਤੋਂ ਹੋਈ ਬਰਾਮਦ
ਉਥੇ ਹੀ ਕਾਂਗਰਸ ਦੇ ਵਰਕਰ ਇਸ ਧੜੇਬੰਦੀ ਤੋਂ ਨਿਰਾਸ਼ ਹਨ। ਸੰਗਠਨ ਮਜ਼ਬੂਤ ਹੋਣ ਦੀ ਬਜਾਏ ਹੋਰ ਖਿੱਲਰਦਾ ਦਿਸ ਰਿਹਾ ਹੈ। ਵਰਕਰਾਂ ਦਾ ਕਹਿਣਾ ਹੈ ਕਿ ਆਗੂਆਂ ਦੀ ਆਪਸੀ ਲੜਾਈ ਪਾਰਟੀ ਲਈ ਨੁਕਸਾਨਦੇਹ ਸਾਬਿਤ ਹੋਵੇਗੀ ਅਤੇ ਵਰਕਰਾਂ ਦਾ ਮਨੋਬਲ ਡੇਗੇਗੀ। ਇਹ ਪੂਰਾ ਘਟਨਾਕ੍ਰਮ ਸਾਫ਼ ਦਰਸਾਉਂਦਾ ਹੈ ਕਿ ਕਾਂਗਰਸ ਦੀ ਧੜੇਬੰਦੀ ਹੁਣ ਜ਼ਮੀਨੀ ਪੱਧਰ ਤੱਕ ਪਹੁੰਚ ਚੁੱਕੀ ਹੈ। ਆਗੂਆਂ ਦੀਆਂ ਇੱਛਾਵਾਂ ਅਤੇ ਆਪਸੀ ਖਿੱਚੋਤਾਣ ਸੰਗਠਨ ਲਈ ਵੱਡੀ ਰੁਕਾਵਟ ਬਣ ਰਹੀ ਹੈ, ਜਿਸ ਨਾਲ ਵਰਕਰਾਂ ਦੀਆਂ ਉਮੀਦਾਂ ਟੁੱਟਦੀਆਂ ਜਾ ਰਹੀਆਂ ਹਨ।
ਸੰਸਦ ਮੈਂਬਰ ਚੰਨੀ ਦੀ ਐਂਟਰੀ ਨੇ ਬਦਲੇ ਸਮੀਕਰਨ
'ਸੰਗਠਨ ਸਿਰਜਣ ਮੁਹਿੰਮ' ਨੂੰ ਲੈ ਕੇ ਕਾਂਗਰਸ ਹਾਈ ਕਮਾਨ ਦਾ ਸਪੱਸ਼ਟ ਹੁਕਮ ਹੈ ਕਿ ਮੁਹਿੰਮ ਦੌਰਾਨ ਸੀਨੀਅਰ ਆਗੂ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਨਹੀਂ ਕਰਨਗੇ ਪਰ 16 ਸਤੰਬਰ ਨੂੰ ਆਬਜ਼ਰਵਰ ਭੁਵਨ ਕਾਪੜੀ ਵੱਲੋਂ ਕੀਤੀ ਗਈ ਜ਼ਿਲ੍ਹਾ ਦਿਹਾਤੀ ਦੇ 5 ਵਿਧਾਨ ਸਭਾ ਹਲਕਿਆਂ ਦੇ ਆਗੂਆਂ ਦੀ ਪਹਿਲੀ ਮੀਟਿੰਗ ਦੇ ਉਪਰੰਤ ਅਚਾਨਕ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਐਂਟਰੀ ਨੇ ਪੂਰੇ ਸਮੀਕਰਨ ਬਦਲ ਦਿੱਤੇ। ਚੰਨੀ ਨੇ ਚੌਧਰੀ ਸੁਰਿੰਦਰ ਸਮੇਤ ਭੁਵਨ ਕਾਪੜੀ ਨਾਲ ਇਕ ਹੋਟਲ ਵਿਚ ਮੁਲਾਕਾਤ ਕੀਤੀ, ਜਿੱਥੇ ਜ਼ਿਲ੍ਹਾ ਦਿਹਾਤੀ ਨਾਲ ਜੁੜੇ ਕੁਝ ਸੀਨੀਅਰ ਆਗੂ ਵੀ ਮੌਜੂਦ ਸਨ। ਇਸ ਮੁਲਾਕਾਤ ਤੋਂ ਬਾਅਦ ਚੌਧਰੀ ਅਤੇ ਰਾਜਿੰਦਰ ਸਿੰਘ ਧੜੇ ਵੱਖ-ਵੱਖ ਮੀਟਿੰਗ ਕਰਨ ’ਤੇ ਉਤਰ ਆਏ। ਦੋਵਾਂ ਧੜਿਆਂ ਵਿਚ ਸਹਿਮਤੀ ਨਾ ਬਣ ਪਾਉਣ ਤੋਂ ਬਾਅਦ ਭੁਵਨ ਕਾਪੜੀ ਨੇ ਕਰਤਾਰਪੁਰ ਦੀ ਬਜਾਏ ਜਲੰਧਰ ਸ਼ਹਿਰ ਸਥਿਤ ਕਾਂਗਰਸ ਭਵਨ ਵਿਚ ਵੱਖ-ਵੱਖ ਮੀਟਿੰਗਾਂ ਕਰਨ ਦਾ ਫ਼ੈਸਲਾ ਕੀਤਾ। ਇਸ ਦੇ ਬਾਅਦ ਆਗੂਆਂ ਨੇ ਆਪਣੇ-ਆਪਣੇ ਵਰਕਰਾਂ ਨੂੰ ਕਰਤਾਰਪੁਰ ਤੋਂ ਜਲੰਧਰ ਲਿਆ ਕੇ ਸ਼ਕਤੀ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ: ਸ਼ਰਮਨਾਕ! ਇੰਸਟਾਗ੍ਰਾਮ ਦੀ ਦੋਸਤੀ ਦਾ ਖ਼ੌਫ਼ਨਾਕ ਅੰਜਾਮ, ਧੀ ਨੂੰ ਪੇਟ ਦਰਦ ਦੀ ਸ਼ਿਕਾਇਤ ਮਗਰੋਂ ਡਾਕਟਰ ਕੋਲ ਪੁੱਜੀ ਮਾਂ ਤੇ ਫਿਰ...
ਜ਼ਿਲ੍ਹਾ ਪ੍ਰਧਾਨ ਲਾਡੀ ਸ਼ੇਰੋਵਾਲੀਆ ਦੀ ਕਾਰਜਸ਼ੈਲੀ ’ਤੇ ਉੱਠੇ ਸਵਾਲ
ਧੜੇਬੰਦੀ ਦੀ ਇਸ ਕੰਟਰੋਵਰਸੀ ਵਿਚ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਮੌਜੂਦਾ ਪ੍ਰਧਾਨ ਲਾਡੀ ਸ਼ੇਰੋਵਾਲੀਆ ਵੀ ਸ਼ਾਮਲ ਹੋ ਗਏ। ਉਨ੍ਹਾਂ ਨੇ ਸਵੇਰੇ ਚੌਧਰੀ ਸੁਰਿੰਦਰ ਦੀ ਮੀਟਿੰਗ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ ਪਰ ਰਾਜਿੰਦਰ ਸਿੰਘ ਦੀ ਮੀਟਿੰਗ ਵਿਚ ਸਮੇਂ ਤੋਂ ਪਹਿਲਾਂ ਪਹੁੰਚ ਗਏ ਅਤੇ ਪੂਰਾ ਸਮਾਂ ਮੰਚ ’ਤੇ ਬੈਠੇ ਰਹੇ। ਉਨ੍ਹਾਂ ਦੀ ਇਸ ਕਾਰਜਸ਼ੈਲੀ ਨੇ ਉਨ੍ਹਾਂ ਦੇ ਪੱਖਪਾਤ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਸ਼ੇਰੋਵਾਲੀਆ ਖੁਦ ਵੀ ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਹੁਦੇ ਨੂੰ ਦੁਬਾਰਾ ਪਾਉਣ ਦੀ ਰੇਸ ਵਿਚ ਸ਼ਾਮਲ ਹਨ।
ਅੱਜ ਫਿਲੌਰ ਹਲਕੇ ਨੂੰ ਲੈ ਕੇ ਚੌਧਰੀ ਬਨਾਮ ਚੰਨੀ ਦਾ ਹੋਵੇਗਾ ਮੁਕਾਬਲਾ
'ਸੰਗਠਨ ਸਿਰਜਣ ਮੁਹਿੰਮ' ਤਹਿਤ 19 ਸਤੰਬਰ ਨੂੰ ਫਿਲੌਰ ਵਿਧਾਨ ਸਭਾ ਹਲਕੇ ਨਾਲ ਸਬੰਧਤ ਵਰਕਰਾਂ ਦੀਆਂ ਵੀ 2 ਵੱਖ-ਵੱਖ ਮੀਟਿੰਗਾਂ ਸਥਾਨਕ ਜ਼ਿਲ੍ਹਾ ਕਾਂਗਰਸ ਭਵਨ ਵਿਚ ਹੋਣਗੀਆਂ। ਇਕ ਮੀਟਿੰਗ ਸਥਾਨਕ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਬੁਲਾਉਣਗੇ, ਜਦਕਿ ਦੂਜੀ ਸੰਸਦ ਮੈਬਰ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਨਵਜੀਤ ਸਿੰਘ ਦੀ ਅਗਵਾਈ ਵਿਚ ਹੋਵੇਗੀ। ਜ਼ਿਲ੍ਹਾ ਦਿਹਾਤੀ ਨਾਲ ਸਬੰਧਤ ਵਿਧਾਨ ਸਭਾ ਹਲਕੇ ਨੂੰ ਲੈ ਕੇ ਹੋਣ ਵਾਲੀਆਂ ਦੋਵਾਂ ਮੀਟਿੰਗਾਂ ਦਾ ਇਹ ਮੁਕਾਬਲਾ ਦਿਲਚਸਪ ਰਹੇਗਾ ਕਿਉਂਕਿ ਵਿਕਰਮਜੀਤ ਸਿੰਘ ਚੌਧਰੀ ਵੀ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਹੁਦੇ ਦੀ ਦੌੜ ਵਿਚ ਸ਼ਾਮਲ ਹਨ। ਦੂਜੇ ਪਾਸੇ ਲੋਕ ਸਭਾ ਚੋਣ ਦੌਰਾਨ ਚੰਨੀ ਪਰਿਵਾਰ ਅਤੇ ਚੌਧਰੀ ਪਰਿਵਾਰ ਵਿਚਕਾਰ ਤਣਾਤਣੀ ਖੁੱਲ੍ਹ ਕੇ ਸਾਹਮਣੇ ਆਈ ਸੀ ਅਤੇ ਦੋਵਾਂ ਪਰਿਵਾਰਾਂ ਵਿਚ ਛੱਤੀ ਦਾ ਅੰਕੜਾ ਿਕਸੇ ਤੋਂ ਲੁਕਿਆ ਨਹੀਂ ਹੈ। ਹੁਣ ਦੋਵਾਂ ਪਰਿਵਾਰਾਂ ਵਿਚਕਾਰ ਇਹ ਟਕਰਾਅ 'ਸੰਗਠਨ ਸਿਰਜਣ ਮੁਹਿੰਮ' ਵਿਚ ਵੀ ਵਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਸਤਲੁਜ ਨੂੰ ਰੋਕਣ ਲਈ ਲਗਾਈਆਂ ਰੋਕਾਂ ਰੁੜੀਆਂ ! ਧੁੱਸੀ ਬੰਨ੍ਹ ਖ਼ਤਰੇ 'ਚ, ਘਰ ਖਾਲ੍ਹੀ ਕਰਨ ਲੱਗੇ ਲੋਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8