ਮਦਦ ਦੇ ਨਾਂ ’ਤੇ ਚੀਨ ਕਰ ਰਿਹਾ ਹੈ ਨੇਪਾਲ ’ਚ ਨਾਜਾਇਜ਼ ਕਬਜ਼ੇ

09/24/2020 3:37:32 AM

ਦੁਨੀਆ ਦੇ ਇਕੋ-ਇਕ ਹਿੰਦੂ ਦੇਸ਼ ਅਤੇ ਆਪਣੇ ਨੇੜਲੇ ਗੁਆਂਢੀ ਨੇਪਾਲ ਨਾਲ ਸਦੀਅਾਂ ਤੋਂ ਸਾਡੇ ਡੂੰਘੇ ਸੰਬੰਧ ਚੱਲੇ ਆ ਰਹੇ ਹਨ ਅਤੇ ਦੋਹਾਂ ਹੀ ਦੇਸ਼ਾਂ ਦੇ ਲੋਕਾਂ ਦਰਮਿਆਨ ‘ਰੋਟੀ ਅਤੇ ਬੇਟੀ’ ਦਾ ਰਿਸ਼ਤਾ ਰਿਹਾ ਹੈ। ਸਾਡਾ ਦੇਸ਼ ਨੇਪਾਲ ਦਾ ਸਭ ਤੋਂ ਵੱਡਾ ਮਦਦਗਾਰ ਅਤੇ ਸਹਿਯੋਗੀ ਰਿਹਾ ਹੈ ਅਤੇ ਸਾਡੀ ਸਰਕਾਰ ਨੇ ਉਸ ਨੂੰ ਅਰਬਾਂ ਰੁਪਏ ਦੀ ਮਦਦ ਦੇਣ ਦੇ ਨਾਲ-ਨਾਲ ‘ਕੋਰੋਨਾ’ ਮਹਾਮਾਰੀ ਦਾ ਸਾਹਮਣਾ ਕਰਨ ਲਈ 23 ਟਨ ਜ਼ਰੂਰੀ ਦਵਾਈਅਾਂ ਭੇਜੀਅਾਂ ਹਨ। ਦੋਹਾਂ ਦੇਸ਼ਾਂ ਦਰਮਿਆਨ ਕੁਝ ਸਾਲ ਪਹਿਲਾਂ ਤਕ ਸਭ ਠੀਕ ਚੱਲ ਰਿਹਾ ਸੀ ਪਰ ਜਦੋਂ ਤੋਂ ਚੀਨ ਨੇ ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਮਾਲਦੀਵ ਆਦਿ ਨੂੰ ਵੱਖ-ਵੱਖ ਲਾਲਚ ਦੇ ਕੇ ਆਪਣੇ ਅਹਿਸਾਨਾਂ ਦੇ ਪ੍ਰਭਾਵ ਹੇਠ ਲੈਣਾ ਸ਼ੁਰੂ ਕੀਤਾ ਹੈ, ਉਨ੍ਹਾਂ ਦੇ ਭਾਰਤ ਵਿਰੋਧੀ ਸੁਰ ਤੇਜ਼ ਹੋ ਗਏ ਹਨ। ਇਹੀ ਨਹੀਂ, ਤਿੱਬਤ ’ਤੇ ਤਾਂ ਉਸ ਨੇ ਕਬਜ਼ਾ ਕਰ ਲਿਆ ਹੈ।

ਭਾਰਤੀ ਵਿਰੋਧ ਦੀ ਇਸ ਕੜੀ ’ਚ ਨੇਪਾਲ ਨੇ ਕਈ ਭਾਰਤ ਵਿਰੋਧੀ ਫੈਸਲੇ ਲਏ ਹਨ। ਇਨ੍ਹਾਂ ’ਚ ਹੁਣੇ ਜਿਹੇ ਹੀ ਭਾਰਤ ਦੇ ਤਿੰਨ ਇਲਾਕਿਅਾਂ ‘ਲਿਪੂਲੇਖ’, ‘ਕਾਲਾ ਪਾਣੀ’ ਅਤੇ ‘ਲਿਪਿਆਧੁਰਾ’ ਉਤੇ ਆਪਣਾ ਦਾਅਵਾ ਜਤਾ ਕੇ ਉਨ੍ਹਾਂ ਨੂੰ ਆਪਣੇ ਦੇਸ਼ ਦੇ ਨਕਸ਼ੇ ’ਚ ਸ਼ਾਮਲ ਕਰ ਕੇ ਇਸ ਨਕਸ਼ੇ ਨੂੰ ਆਪਣੀ 9ਵੀਂ ਅਤੇ 12ਵੀਂ ਜਮਾਤ ਦੀਅਾਂ ਪਾਠ-ਪੁਸਤਕਾਂ ’ਚ ਸ਼ਾਮਲ ਕਰਨਾ, ਸਮੁੱਚੀ ਭਾਰਤ-ਨੇਪਾਲ ਸਰਹੱਦ ਨੂੰ ਸੀਲ ਕਰ ਕੇ ਨੇਪਾਲ ਪੁਲਸ ਦੇ ਜਵਾਨਾਂ ਨੂੰ ਉਥੇ ਤਾਇਨਾਤ ਕਰਨਾ ਅਤੇ ਭਾਰਤੀ ਖੇਤਰਾਂ ’ਤੇ ਵੀ ਨੇਪਾਲ ਦੇ ਝੰਡੇ ਲਾਉਣਾ ਆਦਿ ਸ਼ਾਮਲ ਹਨ।

ਇਹੀ ਨਹੀਂ, ਨੇਪਾਲ ਸਰਕਾਰ ਨੇ ਆਪਣੇ ਸਿੱਕਿਅਾਂ ’ਤੇ ‘ਕਾਲਾ ਪਾਣੀ’ ਨੂੰ ਸ਼ਾਮਲ ਕਰ ਕੇ 1 ਅਤੇ 2 ਰੁਪਏ ਦੀ ਕੀਮਤ ਦੇ ਨਵੇਂ ਸਿੱਕਿਅਾਂ ਦੀ ਢਲਾਈ ਕਰਨ ਦਾ ਹੁਕਮ ਵੀ ਨੇਪਾਲ ਦੇ ਕੌਮੀ ਬੈਂਕ ਨੂੰ ਜਾਰੀ ਕੀਤਾ ਹੈ।

ਸਪਾ ਦੇ ਸੰਸਦ ਮੈਂਬਰ ਰਵੀ ਪ੍ਰਕਾਸ਼ ਵਰਮਾ ਮੁਤਾਬਕ ਨੇਪਾਲ ਸਰਕਾਰ ਨੇ ਪ੍ਰੋਟੋਕੋਲ ਨੂੰ ਲਾਂਬੇ ਕਰ ਕੇ ਨੇਪਾਲ ਦੀ ਸਰਹੱਦ ’ਤੇ ਵਗਣ ਵਾਲੇ ਮੋਹਨਾ ਦਰਿਆ ਦੇ ਉੱਤਰੀ ਹਿੱਸੇ ਦੀ ਭਰਾਈ ਕਰ ਕੇ ਉਸ ਨੂੰ ਪੱਕਾ ਕਰ ਦਿੱਤਾ ਹੈ। ਇਸ ਕਾਰਨ ਭਾਰਤ ਦੇ ਹਿੱਸੇ ’ਚ ਪਾਣੀ ਦਾ ਪ੍ਰਵਾਹ ਵਧ ਜਾਣ ਕਾਰਨ ਭਾਰਤ ਦੇ ਕਈ ਖੇਤਰਾਂ ’ਚ ਹੜ੍ਹ ਆ ਗਿਆ।

ਇਹ ਇਕ ਸੱਚਾਈ ਹੈ ਕਿ ਨੇਪਾਲ ’ਚ ਚੀਨ ਦਾ ਵਧਦਾ ਪ੍ਰਭਾਵ ਸਚਮੁੱਚ ਹੈ ਅਤੇ ਇਸ ’ਚ ਕਾਫੀ ਸਮੇਂ ਤੋਂ ਵਾਧਾ ਹੁੰਦਾ ਜਾ ਰਿਹਾ ਹੈ। ਜਾਣਕਾਰਾਂ ਮੁਤਾਬਕ ਓਲੀ ਦੇ ਰੁਖ ’ਚ ਇਹ ਭਾਰਤੀ ਵਿਰੋਧ ਚੀਨ ਦੀ ਸਰਗਰਮ ਹਮਾਇਤ ਤੋਂ ਬਿਨਾਂ ਨਹੀਂ ਆ ਸਕਦਾ ਸੀ।

ਨੇਪਾਲ ਦੀ ਸਿਆਸਤ ਤੋਂ ਲੈ ਕੇ ਉਸ ਦੀ ਅਰਥਵਿਵਸਥਾ ਤਕ ’ਤੇ ਚੀਨ ਦਾ ਵਧਦਾ ਪ੍ਰਭਾਵ ਸਪੱਸ਼ਟ ਨਜ਼ਰ ਆਉਣ ਲੱਗਾ ਹੈ ਅਤੇ ਉਥੋਂ ਦੇ ਇੰਫ੍ਰਾਸਟਰਕਚਰ, ਸਮਾਜਿਕ-ਆਰਥਿਕ ਤਾਣੇ-ਬਾਣੇ ਅਤੇ ਲੋਕਾਂ ’ਤੇ ਉਸ ਦੇ ਪ੍ਰਭਾਵ ਦਾ ਅਸਰ ਪੱਕਾ ਹੋ ਗਿਆ ਹੈ।

ਇਕ ਪਾਸੇ ਨੇਪਾਲ ’ਚ ਅਰਬਾਂ ਰੁਪਏ ਦੀਅਾਂ ਯੋਜਨਾਵਾਂ ਸ਼ੁਰੂ ਕਰ ਕੇ ਚੀਨ ਉਸ ਨੂੰ ਆਪਣੇ ਵੱਸ ’ਚ ਕਰ ਰਿਹਾ ਹੈ ਤਾਂ ਦੂਜੇ ਪਾਸੇ ਚੀਨ ‘ਚੋਰ ਨੂੰ ਮੋਰ’ ਵਾਲੀ ਕਹਾਵਤ ਨੂੰ ਸਹੀ ਸਿੱਧ ਕਰਦੇ ਹੋਏ ਨੇਪਾਲ ਦੀ ਜ਼ਮੀਨ ’ਤੇ ਚੁੱਪਚਾਪ ਨਾਜਾਇਜ਼ ਕਬਜ਼ੇ ਕਰਦਾ ਜਾ ਰਿਹਾ ਹੈ, ਜਿਸ ’ਤੇ ਨੇਪਾਲ ਦੇ ਹੁਕਮਰਾਨਾ ਨੇ ਖਾਮੋਸ਼ੀ ਧਾਰਨ ਕੀਤੀ ਹੋਈ ਹੈ।

ਇਸ ਦੀ ਤਾਜ਼ਾ ਮਿਸਾਲ ਹੈ ਿਕ ਚੀਨ ਨੇ ਦੋ ਸਾਲਾਂ ਦੌਰਾਨ ਯੋਜਨਾਬੱਧ ਢੰਗ ਨਾਲ ਉਥੋਂ ਦੇ ‘ਗੋਰਖਾ’ ਜ਼ਿਲੇ ਦੇ ਇਕ ਪਿੰਡ ‘ਰੂਈ’ ਉਤੇ ਕਬਜ਼ਾ ਕਰ ਲਿਆ ਹੈ। ਇਸ ਨੂੰ ਸਹੀ ਦਰਸਾਉਣ ਲਈ ਉਥੇ ਲੱਗੇ ਸਭ ਸਰਹੱਦੀ ਪਿੱਲਰ ਪੁੱਟ ਦਿੱਤੇ ਹਨ। ਇਹ ਪਿੰਡ ਹੁਣ ਚੀਨ ਦੇ ਮੁਕੰਮਲ ਕੰਟਰੋਲ ’ਚ ਹੈ ਅਤੇ ਇਸ ਪਿੰਡ ਦੇ 72 ਘਰਾਂ ਦੇ ਲੋਕ ਆਪਣੀ ਮੂਲ ਪਛਾਣ ਕਾਇਮ ਰੱਖਣ ਲਈ ਸੰਘਰਸ਼ ਕਰ ਰਹੇ ਹਨ।

ਤਾਜ਼ਾ ਖਬਰਾਂ ਮੁਤਾਬਕ ਸਰਦੀਅਾਂ ਦੇ ਮੌਸਮ ’ਚ ਨੇਪਾਲੀ ਸੁਰੱਖਿਆ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ’ਚ ਚੀਨ ਨੇ ਸਰਹੱਦ ਅੰਦਰ ਨੇਪਾਲ ਦੇ ‘ਹੁਮਲਾ’ ਜ਼ਿਲੇ ਦੇ ਨਾਮਖਾ ਪਿੰਡ ਅਤੇ ਇਕ ਹੋਰ ਹਿੱਸੇ ’ਤੇ ਕਬਜ਼ਾ ਕਰ ਕੇ ਉਥੇ 9 ਇਮਾਰਤਾਂ ਤਿਆਰ ਕਰ ਲਈਅਾਂ ਹਨ। ਚੀਨ ਦੀ ਦਾਦਾਗਿਰੀ ਇਥੇ ਖਤਮ ਨਹੀਂ ਹੁੰਦੀ, ਸਗੋਂ ਇਸ ਤੋਂ ਵੀ ਅੱਗੇ ਵਧਦੇ ਹੋਏ ਚੀਨ ਨੇ ਉਕਤ ਇਮਾਰਤਾਂ ਦੇ ਨੇੜੇ-ਤੇੜੇ ਸਥਾਨਕ ਲੋਕਾਂ ਦੇ ਦਾਖਲੇ ਨੂੰ ਰੋਕ ਦਿੱਤਾ ਹੈ।

ਚੀਨ ਨੇ ਤਿੱਬਤ ’ਚ ਸੜਕ ਬਣਾਉਣ ਦੇ ਬਹਾਨੇ ਨੇਪਾਲ ਦੀ ਜ਼ਮੀਨ ’ਤੇ ਵੀ ਕਬਜ਼ਾ ਕਰ ਲਿਆ ਹੈ। ਪੂਰੀ ਤਰ੍ਹਾਂ ਹੜੱਪਣ ਦੇ ਇਰਾਦੇ ਨਾਲ ਚੀਨ ਨੇ ਨੇਪਾਲ ’ਚ 10 ਥਾਵਾਂ ’ਤੇ ਹੌਲੀ-ਹੌਲੀ ਕਬਜ਼ਾ ਕਰ ਲਿਆ ਹੈ ਅਤੇ ਨੇਪਾਲ ਦੀ 33 ਹੈਕਟੇਅਰ ਜ਼ਮੀਨ ’ਤੇ ਦਰਿਆਵਾਂ ਦੀ ਧਾਰਾ ਨੂੰ ਬਦਲ ਕੇ ਕੁਦਰਤੀ ਸਰਹੱਦ ਬਣਾ ਦਿੱਤੀ ਹੈ।

ਚੀਨ ਵਲੋਂ ਤਿੱਬਤ ਖੁਦਮੁਖਤਾਰ ਖੇਤਰ (ਟੀ.ਏ.ਆਰ.) ’ਚ ਸੜਕ ਨੈੱਟਵਰਕ ਦੇ ਨਿਰਮਾਣ ਕਾਰਨ ਦਰਿਆਵਾਂ ਦਾ ਰਾਹ ਬਦਲ ਦੇਣ ਨਾਲ ਉਹ ਨੇਪਾਲ ਵਲ ਵਗਣ ਲੱਗੀਅਾਂ ਹਨ, ਜਿਸ ਕਾਰਨ ਉਥੇ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। ਜੇ ਇਹ ਸਿਲਸਿਲਾ ਜਾਰੀ ਰਿਹਾ ਤਾਂ ਨੇਪਾਲ ਦਾ ਵੱਡਾ ਹਿੱਸਾ ‘ਟੀ.ਏ.ਆਰ.’ ਵਿਚ ਚਲਾ ਜਾਵੇਗਾ।

ਸਪੱਸ਼ਟ ਹੈ ਕਿ ਭਾਰਤ ਨੂੰ ਭੁਲਾ ਕੇ ਚੀਨ ਦੇ ਅਹਿਸਾਨਾਂ ਹੇਠ ਦੱਬੇ ਨੇਪਾਲ ਦੇ ਹੁਕਮਰਾਨਾ ਨੇ ਚੀਨੀ ਹੁਕਮਰਾਨਾ ਦੀਅਾਂ ਕੋਝੀਅਾਂ ਚਾਲਾਂ ਨੂੰ ਨਾ ਭਾਂਪਦੇ ਹੋਏ ਵੀ ਭਾਰਤ ਵਿਰੋਧੀ ਰੁਖ ਅਪਣਾਇਆ ਹੋਇਆ ਹੈ। ਇਸ ਲਈ ਉਨ੍ਹਾਂ ਦੇ ਇਸ ਰਵੱਈਏ ਨੂੰ ਪਲਟਣ ਅਤੇ ਨੇਪਾਲ ਨੂੰ ਚੀਨ ਦੇ ਪ੍ਰਭਾਵ ’ਚੋਂ ਬਾਹਰ ਕੱਢਣ ਲਈ ਭਾਰਤ ਸਰਕਾਰ ਨੂੰ ਵਿਵੇਕ ਭਰਪੂਰ ਡਿਪਲੋਮੈਟਿਕ ਕਦਮ ਚੁੱਕਣੇ ਹੋਣਗੇ ਨਹੀਂ ਤਾਂ ਜਿਥੇ ਅਸੀਂ ਇਕ ਗੁਆਂਢੀ ਦੇਸ਼ ਕੋਲੋਂ ਹੱਥ ਧੋ ਬੈਠਾਂਗੇ, ਉਥੇ ਸਾਡਾ ਇਕ ਦੁਸ਼ਮਣ ਸਾਡੀਅਾਂ ਸਰਹੱਦਾਂ ਦੇ ਹੋਰ ਨੇੜੇ ਆ ਜਾਵੇਗਾ।


Bharat Thapa

Content Editor

Related News