ਯੌਨ ਅਪਰਾਧਾਂ ’ਚ ਸ਼ਾਮਲ ਲੋਕਾਂ ਵਿਰੁੱਧ ਭਾਜਪਾ ਸਖਤ ਕਦਮ ਚੁੱਕੇ

07/30/2019 6:19:40 AM

ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ’ਚ ਵੀ ਉਹੀ ਬੁਰਾਈਆਂ ਆਉਂਦੀਆਂ ਜਾ ਰਹੀਆਂ ਹਨ, ਜਿਨ੍ਹਾਂ ਤੋਂ ਹੋਰ ਅਨੇਕ ਸਿਆਸੀ ਪਾਰਟੀਆਂ ਗ੍ਰਸਤ ਹਨ। ਸਿਰਫ 4 ਦਿਨਾਂ ’ਚ ਅਜਿਹੇ 2 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਭਾਜਪਾ ਦੇ ਨੇਤਾਵਾਂ ’ਤੇ ਯੌਨ ਅਪਰਾਧਾਂ ’ਚ ਸ਼ਾਮਲ ਹੋਣ ਦੇ ਦੋਸ਼ ਲਾਏ ਗਏ ਹਨ। ਪਹਿਲਾ ਮਾਮਲਾ ਹਿਮਾਚਲ ਦਾ ਹੈ ਜਿਥੇ 24 ਜੁਲਾਈ ਨੂੰ ਕੁੱਲੂ ਜ਼ਿਲੇ ਨਾਲ ਸਬੰਧਤ ਪਾਰਟੀ ਦੇ ਇਕ ਨੌਜਵਾਨ ਨੇਤਾ ਅਤੇ ਇਕ ਮਹਿਲਾ ਆਗੂ ਦਾ ਨਿੱਜੀ ਪਲਾਂ ਦੀਆਂ ਮੁਦਰਾਵਾਂ ’ਚ 12 ਮਿੰਟ 35 ਸੈਕੰਡ ਦਾ ਇਕ ਅਸ਼ਲੀਲ ਵੀਡੀਓ ਵਾਇਰਲ ਹੋਇਆ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮਚੇ ਕੋਹਰਾਮ ਤੋਂ ਬਾਅਦ ਦੋਵਾਂ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਦੂਸਰਾ ਮਾਮਲਾ 28 ਜੁਲਾਈ ਦਾ ਹੈ, ਜਦੋਂ ਉੱਨਾਵ ਦੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ’ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਪੀੜਤਾ ਦੀ ਕਾਰ ਨੂੰ ਰਾਇਬਰੇਲੀ-ਬਾਂਦਾ ਹਾਈਵੇ ’ਤੇ ਇਕ ਟਰੱਕ ਨੇ ਕੁਚਲ ਦਿੱਤਾ।

ਇਸ ਦੇ ਸਿੱਟੇ ਵਜੋਂ ਪੀੜਤਾ ਦੇ ਨਾਲ ਕਾਰ ’ਚ ਸਵਾਰ ਉਸ ਦੀ ਚਾਚੀ ਅਤੇ ਮਾਸੀ ਅਤੇ ਡਰਾਈਵਰ ਦੀ ਮੌਤ ਹੋ ਗਈ, ਜਦਕਿ ਪੀੜਤਾ ਦੇ ਵਕੀਲ ਅਤੇ ਪੀੜਤਾ ਦੀ ਹਾਲਤ ਇਹ ਸਤਰਾਂ ਲਿਖੇ ਜਾਣ ਤਕ ਗੰਭੀਰ ਬਣੀ ਹੋਈ ਹੈ। ਉਸ ਦੇ ਫੇਫੜਿਆਂ ’ਚ ਸੱਟ ਲੱਗੀ ਹੈ ਅਤੇ ਡਾਕਟਰਾਂ ਅਨੁਸਾਰ ਉਸ ਦਾ ਬਲੱਡ ਪ੍ਰੈਸ਼ਰ ਡਿਗ ਰਿਹਾ ਹੈ। ਉਸ ਦੇ ਸਰੀਰ ਦੀਆਂ ਅਨੇਕ ਹੱਡੀਆਂ ਵੀ ਟੁੱਟ ਗਈਆਂ ਹਨ।

ਪੀੜਤਾ ਆਪਣੀਆਂ ਰਿਸ਼ਤੇਦਾਰ ਮਹਿਲਾਵਾਂ ਅਤੇ ਵਕੀਲ ਨਾਲ ਰਾਇਬਰੇਲੀ ਜੇਲ ’ਚ ਬੰਦ ਆਪਣੇ ਚਾਚੇ ਮਹੇਸ਼ ਸਿੰਘ ਨੂੰ ਮਿਲਣ ਜਾ ਰਹੀ ਸੀ। ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ‘‘ਇਸ ਘਟਨਾ ਲਈ ਵਿਧਾਇਕ ਦੇ ਆਦਮੀ ਜ਼ਿੰਮੇਵਾਰ ਹਨ, ਜੋ ਕਈ ਦਿਨਾਂ ਤੋਂ ਧਮਕੀ ਦੇ ਰਹੇ ਸਨ ਕਿ ਬੇਸ਼ੱਕ ਉਹ (ਵਿਧਾਇਕ) ਜੇਲ ’ਚ ਹੈ ਪਰ ਉਸ ਦੇ ਆਦਮੀ ਬਾਹਰ ਹਨ।’’

ਵਰਣਨਯੋਗ ਹੈ ਕਿ 2017 ਦੇ ਇਸ ਪ੍ਰਸਿੱਧ ਬਲਾਤਕਾਰ ਕੇਸ ’ਚ ਸੇਂਗਰ ਦੇ ਭਰਾ ’ਤੇ ਪੀੜਤਾ ਦੇ ਪਿਤਾ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਣ ਦਾ ਵੀ ਦੋਸ਼ ਹੈ। ਬਾਅਦ ’ਚ ਪੀੜਤਾ ਦੇ ਪਿਤਾ ਦੀ ਪੁਲਸ ਵਲੋਂ ਗ੍ਰਿਫਤਾਰੀ ਤੋਂ ਬਾਅਦ ਹਿਰਾਸਤ ’ਚ ਮੌਤ ਹੋ ਗਈ। ਇਹੀ ਨਹੀਂ, ਇਸ ਹਮਲੇ ਤੋਂ ਬਾਅਦ ਇਕ ਚਸ਼ਮਦੀਦ ਗਵਾਹ ਦੀ ਵੀ ਅਗਸਤ 2018 ’ਚ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ ਅਤੇ ਪੀੜਤਾ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਵਾਸ ਦੇ ਬਾਹਰ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਸੀ।

ਪਾਰਟੀ ’ਚ ਉੱਭਰਨ ਵਾਲੇ ਅਜਿਹੇ ‘ਸਕੈਂਡਲਾਂ’ ਨਾਲ ਨਿਸ਼ਚੇ ਹੀ ਇਸ ਦੀ ਦਿੱਖ ਨੂੰ ਧੱਕਾ ਲੱਗੇਗਾ, ਇਸ ਲਈ ਇਸ ਤਰ੍ਹਾਂ ਦੀਆਂ ਬੁਰਾਈਆਂ ਨੂੰ ਰੋਕਣ ਲਈ ਜਲਦ ਇਸੇ ਤਰ੍ਹਾਂ ਨਿਵਾਰਕ ਕਦਮ ਚੁੱਕਣ ਦੀ ਪਾਰਟੀ ਲੀਡਰਸ਼ਿਪ ਨੂੰ ਲੋੜ ਹੈ।
 –ਵਿਜੇ ਕੁਮਾਰ\\\\\\\
 


Bharat Thapa

Content Editor

Related News