EVM ’ਤੇ ਸ਼ੱਕ ਕਰਨ ਵਾਲਿਆਂ ’ਚ ਭਾਜਪਾ-ਕਾਂਗਰਸ ਸਮੇਤ ਹੋਰ ਸਿਆਸੀ ਪਾਰਟੀਆਂ ਵੀ ਸ਼ਾਮਲ

Saturday, Jun 22, 2024 - 05:13 PM (IST)

ਨੈਸ਼ਨਲ ਡੈਸਕ- ਇਹ ਪਹਿਲੀ ਵਾਰ ਨਹੀਂ ਹੈ ਕਿ ਦੇਸ਼ ’ਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ.) ਨਾਲ ਹੋਣ ਵਾਲੀਆਂ ਚੋਣਾਂ ’ਤੇ ਸਵਾਲ ਨਾ ਉਠੇ ਹੋਣ। ਇਹੀ ਨਹੀਂ ਈ. ਵੀ. ਐੱਮ. ’ਤੇ ਸਵਾਲ ਉਠਾਉਣ ਵਾਲੀਆਂ ਵਿਰੋਧੀਆਂ ਪਾਰਟੀਆਂ ’ਤੇ ਤੰਜ਼ ਕਰਦੇ ਹੋਏ ਹਾਲ ਹੀ ’ਚ ਪੀ. ਐੱਮ. ਮੋਦੀ ਨੇ ਸਵਾਲ ਕੀਤਾ ਸੀ ਕਿ ਚੋਣ ਨਤੀਜੇ ਐਲਾਨ ਹੋਣ ਤੋਂ ਬਾਅਦ ਕੀ ਈ. ਵੀ. ਐੱਮ. ਮਰ ਗਈ ਜਾਂ ਜ਼ਿੰਦਾ ਸੀ? ਹਾਲਾਂਕਿ ਚੋਣ ਨਤੀਜਿਆਂ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੂੰ ਈ. ਵੀ. ਐੱਮ. ਵੈਰੀਫਿਕੇਸ਼ਨ ਦੀਆਂ 8 ਅਰਜ਼ੀਆਂ ਮਿਲੀਆਂ ਹਨ। ਇਨ੍ਹਾਂ ’ਚੋਂ 3 ਭਾਜਪਾ, 3 ਕਾਂਗਰਸ, 1 ਡੀ. ਐੱਮ. ਕੇ. ਅਤੇ 1 ਵਾਈ. ਐੱਸ. ਆਰ. ਸੀ. ਪੀ. ਦੀ ਅਰਜ਼ੀ ਸ਼ਾਮਲ ਹੈ। ਸਭ ਤੋਂ ਵੱਧ ਮਹਾਰਾਸ਼ਟਰ ਦੇ ਅਹਿਮਦਨਗਰ ਤੋਂ ਭਾਜਪਾ ਦੇ ਉਮੀਦਵਾਰ ਸੁਜਯ ਵਿਖੇ ਪਾਟਿਲ ਨੇ 40 ਪੋਲਿੰਗ ਸੈਂਟਰਾਂ ’ਤੇ ਈ. ਵੀ. ਐੱਮ. ਮਸ਼ੀਨਾਂ ਦੀ ਵੈਰਫਿਕੇਸ਼ਨ ਦੀ ਮੰਗ ਕੀਤੀ ਹੈ।

ਆਪਣੇ ਚੋਣ ਖੇਤਰਾਂ ਦੀਆਂ ਈ. ਵੀ. ਐੱਮ./ਵੀ. ਵੀ. ਪੈਟ ਵੈਰੀਫਿਕੇਸ਼ਨ ਦੀ ਮੰਗ ਕਰਨ ਵਾਲੇ ਉਮੀਦਵਾਰਾਂ ਦੀਆਂ 11 ਅਰਜ਼ੀਆਂ ਮਿਲੀਆਂ ਹਨ। ਕੁੱਲ ਮਿਲਾ ਕੇ ਲੋਕ ਸਭਾ ਹਲਕਿਆਂ ’ਚ ਈ. ਵੀ. ਐੱਮ./ਵੀ. ਵੀ. ਪੈਟ ਵੈਰੀਫਿਕੇਸ਼ਨ ਲਈ ਅਰਜ਼ੀਆਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ’ਚ 92 ਪੋਲਿੰਗ ਸਟੇਸ਼ਨ ਸ਼ਾਮਲ ਹਨ। ਉੱਧਰ ਵਿਧਾਨ ਸਭਾ ਚੋਣਾਂ ’ਚ 2 ਸੂਬਿਆਂ ਦੇ 26 ਪੋਲਿੰਗ ਸੈਂਟਰਾਂ ’ਤੇ 3 ਅਰਜ਼ੀਆਂ ਭੇਜੀਆਂ ਗਈਆਂ ਹਨ। ਇਨ੍ਹਾਂ ਅਰਜ਼ੀਆਂ ਦਾ ਮਤਲਬ ਹੈ ਕਿ ਇਨ੍ਹਾਂ ’ਚੋਂ ਹਰੇਕ ਚੋਣ ਹਲਕੇ ’ਚ 5 ਫੀਸਦੀ ਈ. ਵੀ. ਐੱਮ. ’ਚ ਪਾਈਆਂ ਗਈਆਂ ਵੋਟਾਂ ਦਾ ਮੁੜ ਮਿਲਾਨ ਕੀਤਾ ਜਾਵੇਗਾ।

ਦੱਸ ਦਈਏ ਕਿ ਫਰਵਰੀ 2018 ’ਚ ਚੋਣ ਕਮਿਸ਼ਨ ਨੇ ਹਰੇਕ ਵਿਧਾਨ ਸਭਾ ਹਲਕੇ ਤੋਂ ਕਿਸੇ ਇਕ ਪੋਲਿੰਗ ਸੈਂਟਰ ’ਤੇ ਵੀ. ਵੀ. ਪੈਟ ਪਰਚੀਆਂ ਦੀ ਗਿਣਤੀ ਦਾ ਹੁਕਮ ਦਿੱਤਾ ਸੀ। ਅਪ੍ਰੈਲ 2019 ’ਚ ਤੇਲੁਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਨੇਤਾ ਚੰਦਰਬਾਬੂ ਨਾਇਡੂ ਵਲੋਂ ਦਾਖਲ ਪਟੀਸ਼ਨ ’ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਇਸ ਨੂੰ ਵਧਾ ਕੇ 5 ਵੋਟਿੰਗ ਸੈਂਟਰਾਂ ਤੱਕ ਕਰ ਦਿੱਤਾ ਗਿਆ ਸੀ। ਸਬੰਧਤ ਚੋਣ ਅਧਿਕਾਰੀ ਲਾਟਰੀ ਰਾਹੀਂ 5 ਪੋਲਿੰਗ ਸੈਂਟਰਾਂ ਦੀ ਚੋਣ ਕਰਦੇ ਹਨ ਅਤੇ ਇਸ ਲਈ ਉਮੀਦਵਾਰਾਂ/ਉਨ੍ਹਾਂ ਦੇ ਏਜੰਟਾਂ ਨੂੰ ਸੱਦਿਆ ਜਾਂਦਾ ਹੈ।

ਲੋਕ ਸਭਾ ਚੋਣਾਂ 2024 ਦੇ ਨਤੀਜੇ ਆਉਣ ਤੋਂ ਬਾਅਦ ਨਾ ਤਾਂ ਹਾਰਨ ਵਾਲੇ ਅਤੇ ਨਾ ਹੀ ਜਿੱਤਣ ਵਾਲੇ ਦਲਾਂ ਨੇ ਈ. ਵੀ. ਐੱਮ. ਨੂੰ ਲੈ ਕੇ ਕੋਈ ਹੰਗਾਮਾ ਕੀਤਾ। ਇਸ ਦਾ ਮੁੱਖ ਕਾਰਨ ਇਸ ਵਾਰ ਆਮ ਚੋਣਾਂ ਦੇ ਹੈਰਾਨ ਕਰਨ ਵਾਲੇ ਨਤੀਜੇ ਰਹੇ, ਜਿਸ ’ਚ ਭਾਜਪਾ ਨੂੰ 240 ਅਤੇ ਕਾਂਗਰਸ ਨੂੰ 99 ਸੀਟਾਂ ’ਤੇ ਜਿੱਤ ਹਾਸਲ ਹੋਈ। ਹਾਲਾਂਕਿ ਨਤੀਜਿਆਂ ਤੋਂ ਬਾਅਦ ਹੁਣ ਚੋਣ ਕਮਿਸ਼ਨ ਨੂੰ ਈ. ਵੀ. ਐੱਮ. ਵੈਰੀਫਿਕੇਸ਼ਨ ਦੀਆਂ ਸਿਰਫ 8 ਅਰਜ਼ੀਆਂ ਮਿਲੀਆਂ ਹਨ।

ਭਾਵੇਂ ਹੀ ਚੋਣ ਹਾਰਨ ਤੋਂ ਬਾਅਦ ਉਮੀਦਵਾਰ ਪਹਿਲਾਂ ਆਪਣੇ ਦਿਲ ਨੂੰ ਤਸੱਲੀ ਦੇ ਦਿੰਦੇ ਸਨ ਕਿ ਸ਼ਾਇਦ ਉਹ ਈ. ਵੀ. ਐੱਮ. ਦੀ ਕਥਿਤ ਤੌਰ ’ਤੇ ਹੋਈ ਗੜਬੜੀ ਦੇ ਕਾਰਨ ਹਾਰ ਗਏ ਸਨ ਪਰ ਸੁਪਰੀਮ ਕੋਰਟ ਦੇ 24 ਅਪ੍ਰੈਲ ਨੂੰ ਆਏ ਹੁਕਮਾਂ ਤੋਂ ਬਾਅਦ ਚੋਣਾਂ ਦੇ ਉੱਪ ਜੇਤੂ ਸ਼ੱਕ ਨੂੰ ਦੂਰ ਕਰਾਉਣ ਲਈ ਈ. ਵੀ. ਐੱਮ. ਦੀ ਵੈਰੀਫਿਕੇਸ਼ਨ ਕਰਵਾ ਸਕਦੇ ਹਨ।

ਕਿੱਥੋਂ ਕਿੰਨੀਆਂ ਅਰਜ਼ੀਆਂ

ਲੋਕ ਸਭਾ ਚੋਣ ਹਲਕਿਆਂ ’ਚ ਅਹਿਮਦਨਗਰ (ਮਹਾਰਾਸ਼ਟਰ), ਵੈੱਲੋਰ (ਤਾਮਿਲਨਾਡੂ) ਅਤੇ ਜ਼ਹੀਰਾਬਾਦ (ਤੇਲੰਗਾਨਾ) ’ਚ ਭਾਜਪਾ ਉਮੀਦਵਾਰਾਂ ਵਲੋਂ 3 ਅਰਜ਼ੀਆਂ ਆਈਆਂ ਹਨ। ਉੱਧਰ ਕਾਂਕੇਰ (ਛੱਤੀਸਗੜ੍ਹ), ਫਰੀਦਾਬਾਦ (ਹਰਿਆਣਾ) ਅਤੇ ਕਰਨਾਲ (ਹਰਿਆਣਾ) ’ਚ ਕਾਂਗਰਸ ਦੇ 3 ਉਮੀਦਵਾਰਾਂ ਦੀਆਂ ਅਰਜ਼ੀਆਂ ਆਈਆਂ। ਵਿਰੁਧੂਨਗਰ (ਤਾਮਿਲਨਾਡੂ) ’ਚ ਦੇਸੀਆ ਮੁਰਪੋਕੂ ਦ੍ਰਵਿੜ ਕੜਗਮ (ਡੀ. ਐੱਮ. ਡੀ. ਕੇ.) ਦੇ ਉਮੀਦਵਾਰ ਅਤੇ ਵਿਜੇਨਗਰਮ (ਆਂਧਰਾ ਪ੍ਰਦੇਸ਼) ਤੋਂ ਯੁਵਜਨ ਸ਼੍ਰਮਿਕ ਰਾਯਥੂ ਕਾਂਗਰਸ ਪਾਰਟੀ (ਵਾਈ. ਐੱਸ. ਆਰ. ਸੀ. ਪੀ.) ਦੇ ਇਕ-ਇਕ ਉਮੀਦਵਾਰ ਨੇ ਵੀ ਅਰਜ਼ੀ ਦਿੱਤੀ।

ਵਿਧਾਨ ਸਭਾ ਚੋਣਾਂ ’ਚ ਈ. ਵੀ. ਐੱਮ. ਵੈਰੀਫਿਕੇਸ਼ਨ ਲਈ 2 ਅਰਜ਼ੀਆਂ ਓਡਿਸ਼ਾ ’ਚ ਬੀਜੂ ਜਨਤਾ ਦਲ ਦੇ ਉਮੀਦਵਾਰਾਂ ਦੀਆਂ ਆਈਆਂ ਸਨ ਜਦਕਿ ਇਕ ਆਂਧਰਾ ਪ੍ਰਦੇਸ਼ ’ਚ ਵਾਈ. ਐੱਸ. ਆਰ. ਸੀ. ਪੀ. ਉਮੀਦਵਾਰ ਦੀ ਆਈ ਸੀ।

ਭਾਜਪਾ ਉਮੀਦਵਾਰ ਨੇ ਕੀਤੀ 40 ਬੂਥਾਂ ’ਤੇ ਵੈਰੀਫਿਕੇਸ਼ਨ ਦੀ ਮੰਗ

ਭਾਜਪਾ ਦੇ ਸੁਜਯ ਵਿਖੇ ਪਾਟਿਲ ਜੋ ਐੱਨ. ਸੀ. ਪੀ. (ਸ਼ਰਦਚੰਦਰ ਪਵਾਰ) ਧੜੇ ਦੇ ਨੀਲੇਸ਼ ਲੰਕੇ ਤੋਂ 28000 ਤੋਂ ਵੱਧ ਵੋਟਾਂ ਨਾਲ ਹਾਰ ਗਏ ਸਨ। ਉਨ੍ਹਾਂ ਨੇ ਮਹਾਰਾਸ਼ਟਰ ਦੇ ਅਹਿਮਦਨਗਰ ’ਚ 40 ਪੋਲਿੰਗ ਸੈਂਟਰਾਂ ’ਤੇ ਵੈਰੀਫਿਕੇਸ਼ਨ ਲਈ ਅਰਜੀਆਂ ਦਿੱਤੀਆਂ ਹਨ। ਇੰਨੀ ਗਿਣਤੀ ’ਚ ਬੂਥਾਂ ’ਤੇ ਈ. ਵੀ. ਐੱਮ. ਵੈਰੀਫਿਕੇਸ਼ਨ ਦੀ ਮੰਗ ਬਾਕੀ ਕਿਸੇ ਬਿਨੈਕਰਤਾ ਨੇ ਨਹੀਂ ਕੀਤੀ ਹੈ।

ਤਾਮਿਲਨਾਡੂ ਦੇ ਵੈੱਲੋਰ ’ਚ ਏ. ਸੀ. ਸ਼ਨਮੁਗਮ ਅਤੇ ਤੇਲੰਗਾਨਾ ਦੇ ਜ਼ਹੀਰਾਬਾਦ ’ਚ ਹਾਰਨ ਵਾਲੇ ਬੀ. ਬੀ. ਪਾਟਿਲ ਨੇ ਵੀ ਚੋਣ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ ਹੈ।

ਸਾਬਕਾ ਸੀ. ਐੱਮ. ਖੱਟੜ ਤੋਂ ਹਾਰਨ ਵਾਲੀ ਉਮੀਦਵਾਰ ਨੂੰ ਵੀ ਈ. ਵੀ. ਐੱਮ. ’ਤੇ ਸ਼ੱਕ

ਰਿਪੋਰਟ ਅਨੁਸਾਰ ਉਥੇ ਹੀ ਜਿਨ੍ਹਾਂ 3 ਕਾਂਗਰਸੀ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਹਨ, ਉਨ੍ਹਾਂ ’ਚੋਂ ਛੱਤੀਸਗੜ੍ਹ ਦੇ ਕਾਂਕੇਰ ਤੋਂ ਪਾਰਟੀ ਉਮੀਦਵਾਰ ਬੀਰੇਸ਼ ਠਾਕੁਰ ਹਨ, ਜੋ ਭਾਜਪਾ ਉਮੀਦਵਾਰ ਤੋਂ 1884 ਵੋਟਾਂ ਨਾਲ ਹਾਰ ਗਏ ਸਨ। ਦੂਜੇ ਪਾਸੇ ਕਰਨਾਲ ’ਚ ਕਾਂਗਰਸ ਦੀ ਦਿਵਿਆਂਸ਼ੀ ਬੁੱਧੀਰਾਜਾ ਹੈ, ਜੋ ਸਾਬਕਾ ਸੀ. ਐੱਮ. ਮਨੋਹਰ ਲਾਲ ਖੱਟੜ ਤੋਂ 2.3 ਲੱਖ ਵੋਟਾਂ ਨਾਲ ਹਾਰ ਗਈ ਸੀ ਅਤੇ ਤੀਜੇ ਮਹਿੰਦਰ ਪ੍ਰਤਾਪ ਸਿੰਘ ਜੋ ਹਰਿਆਣਾ ਦੇ ਫਰੀਦਾਬਾਦ ’ਚ 1.3 ਲੱਖ ਵੋਟਾਂ ਨਾਲ ਹਾਰ ਗਏ ਸਨ।

ਵਿਧਾਨ ਸਭਾ ਚੋਣਾਂ ਤੋਂ ਬਾਅਦ ਵੀ ਵੈਰੀਫਿਕੇਸ਼ਨ ਦੀ ਮੰਗ

ਤਾਮਿਲਨਾਡੂ ਦੇ ਵਿਰੁਧੂਨਗਰ ’ਚ ਡੀ. ਐੱਮ. ਡੀ. ਕੇ. ਦੇ ਉਮੀਦਵਾਰ ਵਿਜੇ ਪ੍ਰਭਾਕਰਨ ਵੀ., ਜੋ ਕਾਂਗਰਸ ਦੇ ਮਨਿਕਮ ਟੈਗੋਰ ਬੀ ਤੋਂ 4379 ਵੋਟਾਂ ਨਾਲ ਹਾਰ ਗਏ ਸਨ, ਉਨ੍ਹਾਂ ਨੇ 14 ਪੋਲਿੰਗ ਸੈਂਟਰਾਂ ’ਤੇ ਵੈਰੀਫਿਕੇਸ਼ਨ ਲਈ ਅਰਜ਼ੀ ਦਿੱਤੀ ਹੈ। ਆਂਧਰਾ ਪ੍ਰਦੇਸ਼ ਦੇ ਵਿਜੇਨਗਰਮ ’ਚ ਵਾਈ. ਐੱਸ. ਆਰ. ਕਾਂਗਰਸ ਦੇ ਬੇਲਾਨਾ ਚੰਦਰਸ਼ੇਖਰ ਨੇ 2.4 ਲੱਖ ਵੋਟਾਂ ਨਾਲ ਹਾਰ ਤੋਂ ਬਾਅਦ ਅਰਜ਼ੀ ਦਿੱਤੀ ਹੈ।

ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਬੀਜੂ ਜਨਤਾ ਦਲ (ਬੀਜਦ) ਉਮੀਦਵਾਰ ਦੀਪਾਲੀ ਦਾਸ ਨੇ ਭਾਜਪਾ ਤੋਂ ਮਾਮੂਲੀ ਹਾਰ ਦੇ ਬਾਅਦ ਓਡਿਸ਼ਾ ਦੇ ਝਾਰਸੁਗੁੜਾ ’ਚ 13 ਪੋਲਿੰਗ ਸੈਂਟਰਾਂ ’ਤੇ ਵੈਰੀਫਿਕੇਸ਼ਨ ਦੀ ਮੰਗ ਕੀਤੀ ਹੈ। ਆਂਧਰਾ ਪ੍ਰਦੇਸ਼ ’ਚ ਗਜਪਤੀਨਗਰਮ ਅਤੇ ਓਂਗੋਲ ਦੇ ਵਿਧਾਨ ਸਭਾ ਹਲਕਿਆਂ ’ਚ ਵਾਈ. ਐੱਸ. ਆਰ. ਕਾਂਗਰਸ ਦੇ ਉਮੀਦਵਾਰਾਂ ਨੇ ਵੀ ਕ੍ਰਮਵਾਰ 1 ਅਤੇ 12 ਪੋਲਿੰਗ ਸੈਂਟਰਾਂ ’ਚ ਵੈਰੀਫਿਕੇਸ਼ਨ ਦੀ ਮੰਗ ਕੀਤੀ ਹੈ।

ਕਮਿਸ਼ਨ ਨੇ ਵੈਰੀਫਿਕੇਸ਼ਨ ਪ੍ਰਕਿਰਿਆ ਦੀ ਦਿੱਤੀ ਸੀ ਜਾਣਕਾਰੀ

ਇਸ ਸਾਲ ਦੀਆਂ ਲੋਕ ਸਭਾ ਚੋਣਾਂ ’ਚ ਪਹਿਲੀ ਵਾਰ ਇਕ ਚੋਣ ਹਲਕੇ ’ਚ 2 ਉੱਪ ਜੇਤੂ ਉਮੀਦਵਾਰਾਂ ਨੂੰ 4 ਜੂਨ ਨੂੰ ਨਤੀਜੇ ਦੇ ਐਲਾਨ ਵਾਲੇ ਦਿਨ ਤੋਂ 7 ਦਿਨਾਂ ਦੇ ਅੰਦਰ ਛੇੜਛਾੜ ਜਾਂ ਕਿਸੇ ਗੜਬੜੀ ਲਈ ਈ. ਵੀ. ਐੱਮ./ਵੀ. ਵੀ. ਪੈਟ ਮਾਈਕ੍ਰੋ ਕੰਟ੍ਰੋਲਰ ਦੀ ਵੈਰੀਫਿਕੇਸ਼ਨ ਦੀ ਮੰਗ ਕਰਨ ਦਾ ਮੌਕਾ ਮਿਲਦਾ ਹੈ। ਸੁਪਰੀਮ ਕੋਰਟ ਦੇ ਅਪ੍ਰੈਲ 2024 ਦੇ ਹੁਕਮ ਤੋਂ ਬਾਅਦ ਕਮਿਸ਼ਨ ਨੇ 1 ਜੂਨ ਨੂੰ ਅਰਜ਼ੀ ਪ੍ਰਕਿਰਿਆ ਲਈ ਇਕ ਵਿਸਥਾਰਤ ਮਾਨਕ ਸੰਚਾਲਨ ਪ੍ਰਕਿਰਿਆ (ਐੱਸ. ਓ. ਪੀ.) ਜਾਰੀ ਕੀਤੀ ਸੀ, ਜਿਸ ਦੇ ਅਨੁਸਾਰ ਵੈਰੀਫਿਕੇਸ਼ਨ ਐਪਲੀਕੇਸ਼ਨ ਦਾ ਸਟੇਟਸ ਜਾਣਨ ਦੇ 4 ਹਫਤਿਆਂ ਦੇ ਅੰਦਰ ਸੂਬੇ ਦੇ ਮੁੱਖ ਚੋਣ ਅਧਿਕਾਰੀਆਂ ਵਲੋਂ ਜਾਂਚ ਅਤੇ ਵੈਰੀਫਿਕੇਸ਼ਨ ਪ੍ਰਕਿਰਿਆ ਸ਼ੁਰੂ ਕੀਤਾ ਜਾ ਸਕਦੀ ਹੈ। ਮੌਜੂਦਾ ਚੋਣ ਚੱਕਰ ਲਈ ਇਹ ਸਮਾਂ ਹੱਦ 19 ਜੁਲਾਈ ਤੱਕ ਹੈ।

ਕਿੰਨੀ ਹੈ ਵੈਰੀਫਿਕੇਸ਼ਨ ਪ੍ਰਕਿਰਿਆ ਦੀ ਲਾਗਤ

ਚੋਣ ਕਮਿਸ਼ਨ ਅਨੁਸਾਰ 2024-25 ਦੇ ਚੋਣ ਚੱਕਰ ਲਈ ਹਰੇਕ ਈ. ਵੀ. ਐੱਮ. ਯੂਨਿਟ (ਕੰਟ੍ਰੋਲ ਯੂਨਿਟ, ਬੈਲੇਟ ਯੂਨਿਟ ਅਤੇ ਵੀ. ਵੀ. ਪੈਟ ਸਮੇਤ) ਦੀ ਜਾਂਚ ਅਤੇ ਵੈਰੀਫਿਕੇਸ਼ਨ ਲਈ 40,000 ਰੁਪਏ ਪਲੱਸ 18 ਫੀਸਦੀ ਜੀ. ਐੱਸ. ਟੀ. ਖਰਚਾ ਹੋਵੇਗਾ। ਹਾਲਾਂਕਿ ਜੇ ਵੈਰੀਫਿਕੇਸ਼ਨ ਦੌਰਾਨ ਈ. ਵੀ. ਐੱਮ. ਯੂਨਿਟ ਨਾਲ ਛੇੜਛਾੜ ਸਾਬਤ ਹੋ ਜਾਂਦੀ ਹੈ ਤਾਂ ਇਹ ਲਾਗਤ ਵਾਪਸ ਕਰ ਦਿੱਤੀ ਜਾਵੇਗੀ।


Rakesh

Content Editor

Related News