ਉਲਟ ਹਾਲਾਤ ਦੇ ਬਾਵਜੂਦ ''ਬਾਬਾ ਅਮਰਨਾਥ ਦੇ ਦਰਬਾਰ ''ਚ ਪਹੁੰਚ ਰਹੇ ਸ਼ਰਧਾਲੂ''
Sunday, Jul 01, 2018 - 05:30 AM (IST)

ਤੀਰਥ ਯਾਤਰਾਵਾਂ ਅਨੇਕਤਾ ਵਿਚ ਭਾਰਤ ਦੀ ਏਕਤਾ ਦੀਆਂ ਪ੍ਰਤੀਕ ਹਨ। ਸਾਡੇ ਰਿਸ਼ੀਆਂ-ਮੁਨੀਆਂ ਨੇ ਦੇਸ਼ ਭਰ ਵਿਚ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤਕ ਤੀਰਥਾਂ ਦੀ ਸਥਾਪਨਾ ਦੇਸ਼ ਦੀ ਸੱਭਿਆਚਾਰਕ ਅਤੇ ਭਾਵਨਾਤਮਕ ਏਕਤਾ ਨੂੰ ਬਣਾਈ ਰੱਖਣ ਲਈ ਹੀ ਕੀਤੀ ਸੀ।
ਬਾਬਾ ਅਮਰਨਾਥ ਜੀ ਦੀ ਯਾਤਰਾ ਕਰੋੜਾਂ ਸ਼ਿਵ ਭਗਤਾਂ ਦੀ ਆਸਥਾ ਦਾ ਕੇਂਦਰ ਹੀ ਨਹੀਂ, ਸਗੋਂ ਜੰਮੂ-ਕਸ਼ਮੀਰ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਕ ਭਾਵਨਾਤਮਕ ਬੰਧਨ ਵਿਚ ਬੰਨ੍ਹਣ ਅਤੇ ਭਾਈਚਾਰਾ ਮਜ਼ਬੂਤ ਕਰਨ ਦਾ ਜ਼ਰੀਆ ਵੀ ਹੈ। ਇਸ ਪਵਿੱਤਰ ਗੁਫਾ ਦੀ ਖੋਜ ਬੂਟਾ ਮੁਹੰਮਦ ਨਾਮੀ ਨੇਕਦਿਲ ਮੁਸਲਮਾਨ ਨੇ ਕੀਤੀ ਸੀ।
ਯਾਤਰਾ ਮਾਰਗ ਵਿਚ ਲਖਨਪੁਰ ਤੋਂ ਗੁਫਾ ਤਕ 120 ਤੋਂ ਜ਼ਿਆਦਾ ਸਵੈਮ-ਸੇਵਕ ਮੰਡਲੀਆਂ ਵਲੋਂ ਲੰਗਰ ਲਾਏ ਜਾਂਦੇ ਹਨ, ਜੋ ਰੱਖੜੀ ਦੇ ਤਿਉਹਾਰ ਤਕ ਇਥੇ ਸ਼ਰਧਾਲੂਆਂ ਦੇ ਖਾਣ-ਪੀਣ, ਠਹਿਰਨ, ਦਵਾਈਆਂ ਆਦਿ ਦੀ ਸੇਵਾ ਕਰਦੀਆਂ ਹਨ।
ਇਸ ਯਾਤਰਾ ਤੋਂ ਸਥਾਨਕ ਘੋੜੇ, ਪਿੱਠੂ ਅਤੇ ਪਾਲਕੀ ਵਾਲੇ ਚੰਗੀ ਕਮਾਈ ਕਰਦੇ ਹਨ। ਇਸੇ ਆਮਦਨ ਨਾਲ ਇਲਾਕੇ ਦੇ ਲੋਕ ਆਪਣੇ ਧੀਆਂ-ਪੁੱਤਾਂ ਤੇ ਹੋਰ ਪਰਿਵਾਰਕ ਮੈਂਬਰਾਂ ਦੇ ਵਿਆਹ ਜਾਂ ਨਵੇਂ ਮਕਾਨਾਂ ਦੀ ਉਸਾਰੀ ਤੇ ਖਰੀਦਦਾਰੀ ਵਗੈਰਾ ਕਰਦੇ ਹਨ। ਇਸ ਯਾਤਰਾ ਤੋਂ ਜੰਮੂ-ਕਸ਼ਮੀਰ ਸਰਕਾਰ ਨੂੰ ਵੀ ਕਰੋੜਾਂ ਰੁਪਏ ਦੀ ਆਮਦਨ ਹੁੰਦੀ ਹੈ।
ਇਸ ਸਾਲ ਹੁਣ ਤਕ 2 ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਯਾਤਰਾ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਅਤੇ ਪੂਰੀ ਸ਼ਰਧਾ ਤੇ ਲਗਨ ਨਾਲ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਯਾਤਰਾ ਦਾ ਸ਼੍ਰੀਗਣੇਸ਼ ਹੋ ਚੁੱਕਾ ਹੈ।
ਇਸ ਦੇ ਸੰਚਾਲਨ ਲਈ ਜੰਮੂ-ਕਸ਼ਮੀਰ ਪੁਲਸ, ਨੀਮ ਫੌਜੀ ਬਲਾਂ, ਐੱਨ. ਡੀ. ਆਰ. ਐੱਫ. ਤੇ ਫੌਜ ਦੇ ਲੱਗਭਗ 40,000 ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ।
ਜਥੇ ਵਿਚ ਸੀ. ਆਰ. ਪੀ. ਐੱਫ. ਨੇ ਪਹਿਲੀ ਵਾਰ ਅਜਿਹੇ ਮੋਟਰਸਾਈਕਲ ਦਸਤੇ ਵੀ ਸ਼ਾਮਿਲ ਕੀਤੇ ਹਨ, ਜੋ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਦੇ ਨਾਲ-ਨਾਲ ਲੋੜ ਪੈਣ 'ਤੇ ਉਨ੍ਹਾਂ ਲਈ ਛੋਟੀ ਐਂਬੂਲੈਂਸ ਦਾ ਕੰਮ ਵੀ ਕਰਨਗੇ।
ਸੂਬੇ ਦੀ ਅਸ਼ਾਂਤ ਸਥਿਤੀ ਅਤੇ ਯਾਤਰਾ 'ਤੇ ਅੱਤਵਾਦੀ ਹਮਲਿਆਂ ਦੇ ਖਦਸ਼ੇ ਦਰਮਿਆਨ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਫੀਲਡ ਆਪ੍ਰੇਸ਼ਨਲ ਕਮਾਂਡਰ ਰਿਆਜ਼ ਨਾਇਕੂ ਨੇ ਇਹ ਬਿਆਨ ਦਿੱਤਾ ਹੈ ਕਿ ''ਅਮਰਨਾਥ ਯਾਤਰੀ ਸਾਡੇ ਮਹਿਮਾਨ ਹਨ ਅਤੇ ਅੱਤਵਾਦੀਆਂ ਵਲੋਂ ਯਾਤਰੀਆਂ 'ਤੇ ਹਮਲੇ ਕੀਤੇ ਜਾਣ ਦੀਆਂ ਯੋਜਨਾਵਾਂ ਦੀ ਰਿਪੋਰਟ ਬੇਬੁਨਿਆਦ ਹੈ। ਅਮਰਨਾਥ ਯਾਤਰਾ ਸਾਡਾ ਨਿਸ਼ਾਨਾ ਨਹੀਂ ਹੈ।''
ਯਾਤਰਾ ਦੇ ਪਹਿਲੇ ਦਿਨ 27 ਜੂਨ ਨੂੰ ਯਾਤਰੀ ਨਿਵਾਸ ਭਗਵਤੀ ਨਗਰ ਜੰਮੂ ਤੋਂ ਸਵੇਰੇ-ਸਵੇਰੇ ਅਮਰਨਾਥ ਯਾਤਰੀਆਂ ਦਾ ਪਹਿਲਾ ਜਥਾ ਸਖਤ ਸੁਰੱਖਿਆ ਹੇਠ ਸ਼੍ਰੀਨਗਰ ਲਈ ਰਵਾਨਾ ਹੋਇਆ ਅਤੇ 2995 ਸ਼ਿਵ ਭਗਤਾਂ ਨੂੰ 113 ਗੱਡੀਆਂ ਵਿਚ ਬਾਲਟਾਲ ਅਤੇ ਨੂਨਵਾਨ (ਪਹਿਲਗਾਮ) ਬੇਸ ਕੈਂਪ ਲਈ ਭੇਜਿਆ ਗਿਆ।
ਅਗਲੇ ਦਿਨ 28 ਜੂਨ ਨੂੰ ਮੀਂਹ ਪੈਣ ਦੇ ਬਾਵਜੂਦ ਜੰਮੂ ਤੋਂ 3444 ਯਾਤਰੀਆਂ ਦੇ ਦੂਜੇ ਜਥੇ ਨੂੰ ਯਾਤਰੀ ਨਿਵਾਸ ਭਗਵਤੀ ਨਗਰ ਤੋਂ ਸ਼੍ਰੀਨਗਰ ਦੇ ਬਾਲਟਾਲ ਅਤੇ ਨੂਨਵਾਨ ਬੇਸ ਕੈਂਪ ਲਈ 195 ਛੋਟੀਆਂ-ਵੱਡੀਆਂ ਗੱਡੀਆਂ 'ਚ ਰਵਾਨਾ ਕੀਤਾ ਗਿਆ, ਜਿਨ੍ਹਾਂ ਵਿਚ ਨੌਜਵਾਨਾਂ ਤੇ ਬਜ਼ੁਰਗਾਂ ਤੋਂ ਇਲਾਵਾ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ।
29 ਜੂਨ ਨੂੰ ਮੀਂਹ ਕਾਰਨ ਆਵਾਜਾਈ ਰੁਕਣ ਦਰਮਿਆਨ 2876 ਤੀਰਥ ਯਾਤਰੀਆਂ ਦਾ ਤੀਜਾ ਜਥਾ ਜੰਮੂ ਤੋਂ ਰਵਾਨਾ ਹੋਇਆ ਪਰ ਮੀਂਹ ਕਾਰਨ ਬਾਲਟਾਲ ਮਾਰਗ 'ਤੇ ਜਗ੍ਹਾ-ਜਗ੍ਹਾ ਜ਼ਮੀਨ ਖਿਸਕਣ ਅਤੇ ਕਾਲੀ ਮਾਤਾ ਮੰਦਰ ਟਰੈਕ ਨੁਕਸਾਨੇ ਜਾਣ ਕਾਰਨ ਇਸ ਰਸਤਿਓਂ ਅਮਰਨਾਥ ਯਾਤਰਾ ਮੁਅੱਤਲ ਰਹੀ ਤੇ 5000 ਤੋਂ ਜ਼ਿਆਦਾ ਸ਼ਰਧਾਲੂ ਬਾਲਟਾਲ ਅਤੇ ਪਹਿਲਗਾਮ ਬੇਸ ਕੈਂਪ ਵਿਚ ਫਸ ਗਏ।
ਖਰਾਬ ਮੌਸਮ ਕਾਰਨ 30 ਜੂਨ ਨੂੰ ਵੀ ਜੰਮੂ ਤੋਂ ਕੋਈ ਜਥਾ ਰਵਾਨਾ ਨਹੀਂ ਹੋਇਆ ਅਤੇ ਲਖਨਪੁਰ ਵਿਚ ਵੀ ਯਾਤਰੀਆਂ ਨੂੰ ਰੋਕ ਲਿਆ ਗਿਆ ਪਰ 29 ਜੂਨ ਨੂੰ ਊਧਮਪੁਰ ਵਿਚ ਰੋਕੇ ਗਏ ਜਥੇ ਨੂੰ 30 ਜੂਨ ਨੂੰ ਅੱਗੇ ਰਵਾਨਾ ਕੀਤਾ ਗਿਆ।
ਸਰਦੀ, ਖਰਾਬ ਮੌਸਮ, ਪਹਾੜੀ ਰਸਤੇ ਦੀਆਂ ਮੁਸ਼ਕਿਲਾਂ, ਆਕਸੀਜਨ ਦੀ ਘਾਟ, ਪੁਲਾਂ ਦੀ ਖਸਤਾ ਹਾਲਤ, ਬਰਸਾਤ, ਤਿਲਕਣ ਅਤੇ ਰਸਤੇ ਵਿਚ ਰੌਸ਼ਨੀ ਦਾ ਪ੍ਰਬੰਧ ਨਾ ਹੋਣ ਦੇ ਬਾਵਜੂਦ ਯਾਤਰੀ ਭੋਲੇ ਬਾਬਾ ਦੇ ਦਰਬਾਰ ਵਿਚ 'ਬਮ-ਬਮ ਭੋਲੇ' ਅਤੇ 'ਹਰ-ਹਰ ਮਹਾਦੇਵ' ਦੇ ਜੈਕਾਰੇ ਲਾਉਂਦੇ ਹੋਏ ਕਿਸੇ ਵੀ ਤਰ੍ਹਾਂ ਦੇ ਖਤਰੇ ਦੀ ਚਿੰਤਾ ਕੀਤੇ ਬਿਨਾਂ ਪਹੁੰਚ ਰਹੇ ਹਨ, ਜਿਸ ਦੇ ਲਈ ਉਹ ਸ਼ਾਬਾਸ਼ ਦੇ ਹੱਕਦਾਰ ਹਨ।
ਅਟੁੱਟ ਸ਼ਰਧਾ ਦੀ ਭਾਵਨਾ ਨਾਲ ਭਰਪੂਰ ਭੋਲੇ ਬਾਬਾ ਦੇ ਇਹ ਸ਼ਰਧਾਲੂ ਸਹੀ ਅਰਥਾਂ ਵਿਚ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਝੰਡਾਬਰਦਾਰ, ਸ਼ਾਂਤੀਦੂਤ, ਅਡਿੱਗ ਆਸਥਾ ਦੇ ਪ੍ਰਤੀਕ ਹਨ, ਜੋ ਰਾਸ਼ਟਰ ਵਿਰੋਧੀ ਅਨਸਰਾਂ ਨੂੰ ਸਪੱਸ਼ਟ ਸੰਦੇਸ਼ ਦਿੰਦੇ ਹਨ ਕਿ ਦੇਸ਼ ਨੂੰ ਤੋੜਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣਗੀਆਂ। ਇਸ ਲਈ ਇਨ੍ਹਾਂ ਯਾਤਰੀਆਂ ਦੀ ਹਿੰਮਤ ਨੂੰ ਜਿੰਨਾ ਵੀ ਪ੍ਰਣਾਮ ਕੀਤਾ ਜਾਵੇ, ਘੱਟ ਹੈ।
—ਵਿਜੇ ਕੁਮਾਰ