ਇਕ ਮਹੀਨੇ ਬਾਆਦ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਨਹੀਂ ਸੁਧਰੇ ਹਾਲਾਤ
Tuesday, Sep 30, 2025 - 06:57 PM (IST)

ਮਕੌੜਾ ਪੱਤਣ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ): ਸਰਹੱਦੀ ਖੇਤਰ ਅੰਦਰ ਕਰੀਬ ਇਕ ਮਹੀਨਾ ਪਹਿਲਾਂ ਰਾਵੀ ਦਰਿਆ ਵਿਚ ਅਚਾਨਕ ਪਾਣੀ ਦਾ ਪੱਧਰ ਹੱਦ ਤੋਂ ਜ਼ਿਆਦਾ ਵੱਧਣ ਕਾਰਨ ਕਰੀਬ 10-12 ਕਿਲੋਮੀਟਰ ਦੇ ਖੇਤਰ ਅੰਦਰ ਹੜ੍ਹ ਨੇ ਕਾਫੀ ਕਹਿਰ ਮਚਾਇਆ ਗਿਆ ਸੀ ਜਿਸ ਕਾਰਨ ਲੋਕਾਂ ਜਾ ਜਿਊਣਾ ਮੁਹਾਲ ਹੋ ਗਿਆ, ਕਈ ਲੋਕਾਂ ਨੂੰ ਆਪਣੇ ਘਰੋਂ ਬੇਘਰ ਹੋਣਾ ਪਿਆ ਸੀ। ਜੇਕਰ ਅੱਜ ਇਕ ਮਹੀਨੇ ਬਾਆਦ ਵੀ ਹੜ੍ਹ ਪ੍ਰਭਾਵਿਤ ਇਲਾਕਿਆ ਦੇ ਹਾਲਾਤਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਕੋਈ ਜ਼ਿਆਦਾ ਸੁਧਾਰ ਵੇਖਣ ਨੂੰ ਨਹੀਂ ਮਿਲ ਰਿਹਾ ਹੈ। ਇਸ ਸੰਬੰਧੀ ਜਗਬਾਣੀ ਟੀਮ ਨੇ ਇਲਾਕੇ ਦਾ ਦੌਰਾ ਕਰਕੇ ਹਾਲਾਤਾਂ 'ਤੇ ਨਜ਼ਰ ਮਾਰੀ ਗਈ ਹੈ।
ਰਾਵੀ ਦਰਿਆ ਤੋਂ ਪਾਰਲੇ ਕੁਝ ਇਲਾਕੇ ਅੰਦਰ ਅਜੇ ਵੀ ਬਿਜਲੀ ਸਪਲਾਈ ਠੱਪ
ਜੇਕਰ ਰਾਵੀ ਦਰਿਆ ਤੋਂ ਪਾਰਲੇ ਪਾਸੇ ਵੱਸੇ ਪਿੰਡਾਂ ਵਿਚ ਝਾਤ ਮਾਰੀ ਜਾਵੇ ਤਾਂ ਬਿਜਲੀ ਦੀ ਤਾਰਾਂ ਟੁੱਟਣ ਕਾਰਨ ਕਈ ਘਰਾਂ ਵਿਚ ਬਿਜਲੀ ਸਪਲਾਈ ਅਜੇ ਵੀ ਠੱਪ ਹੋਣ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਜਿਸ ਕਾਰਨ ਕਈ ਲੋਕਾਂ ਨੂੰ ਨੇੜਲੇ ਪਿੰਡਾ ਵਿਚ ਆਪਣੇ ਮੋਬਾਇਲ ਫੋਨਾਂ ਸਮੇਤ ਹੋਰ ਕਈ ਬਿਜਲੀ ਦੇ ਕੰਮਕਾਰ ਕਰਨ ਲਈ ਮਜਬੂਰ ਹੋ ਰਹੇ ਹਨ।
ਗੰਦਾ ਪਾਣੀ ਪੀਣ ਲਈ ਮਜਬੂਰ ਲੋਕ
ਰਾਵੀ ਦਰਿਆ ਦੇ ਪਾਰਲੇ ਪਾਸੇ ਦੇ ਸੱਤ ਪਿੰਡਾਂ ਅੰਦਰ ਵਾਟਰ ਸਪਲਾਈ ਦੀ ਸਹੂਲਤ ਨਾ ਹੋਣ ਕਾਰਨ ਲੋਕ ਪਹਿਲਾ ਹੀ ਨਲਕਿਆ ਦਾ ਪਾਣੀ ਪੀਣ ਲਈ ਮਜਬੂਰ ਸਨ ਪਰ ਹੜ੍ਹ ਤੋਂ ਬਾਆਦ ਇਹ ਸਾਰੇ ਨਲਕੇ ਕਈ ਦਿਨ ਪਾਣੀ ਵਿਚ ਡੁੱਬੇ ਰਹਿਣ ਕਾਰਨ ਸਾਰੇ ਨਲਕਿਆ ਦੇ ਬੋਰਾਂ ਦਾ ਪਾਣੀ ਗੰਦਾ ਹੋਣ ਕਾਰਨ ਲੋਕ ਅੱਜ ਵੀ ਗੰਦਾ ਪਾਣੀ ਪੀਣ ਲਈ ਮਜਬੂਰ ਹਨ ਜਿਸ ਕਾਰਨ ਕਿਸੇ ਵੇਲੇ ਵੀ ਭਿਆਨਕ ਬੀਮਾਰੀ ਦੀ ਲਪੇਟ ਵਿਚ ਆ ਸਕਦੇ ਹਨ।
ਕਈ ਲੋਕਾਂ ਅੱਜ ਵੀ ਤਰਪਾਲਾਂ ਹੇਠਾ ਜੀਵਨ ਬਤੀਤ ਕਰਨ ਲਈ ਮਜਬੂਰ
ਜੇਕਰ ਰਾਵੀ ਦਰਿਆ ਤੋਂ ਪਾਰਲੇ ਪਾਸੇ ਜਾਂ ਫਿਰ ਆਰਲੇ ਪਾਸੇ ਦੇ ਹੜ੍ਹ ਨਾਲ ਪ੍ਰਭਾਵਿਤ ਇਲਾਕਿਆ ਦੀ ਗੱਲ ਕੀਤੀ ਜਾਵੇ ਤਾਂ ਜਿਨ੍ਹਾਂ ਲੋਕਾਂ ਦੇ ਘਰ ਪਾਣੀ ਦੀ ਮਾਰ ਹੇਠਾਂ ਆਉਣ ਕਾਰਨ ਬਰਬਾਦ ਹੋ ਗਏ ਸਨ ਉਨ੍ਹਾਂ ਲੋਕਾਂ ਦੇ ਘਰ ਬਣਾਉਣ ਦੀ ਜ਼ਿੰਮੇਵਾਰੀ ਵੱਖ-ਵੱਖ ਸਮਾਜ ਸੇਵਕ ਅਤੇ ਧਾਰਮਿਕ ਜੱਥੇਬੰਦੀਆ ਨੇ ਲਈ ਹੋਈ ਹੈ ਪਰ ਅੱਜ ਕੱਲ ਲੋਕਾ ਨੂੰ ਤਰਪਾਲਾਂ ਹੇਠਾਂ ਜੀਵਨ ਬਤੀਤ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਜ਼ਮੀਨਾਂ 'ਚੋਂ ਪਾਣੀ ਨਾ ਸੁੱਕਣ ਕਾਰਨ ,ਕਣਕ ਦੀ ਫਸਲ ਬੀਜਣ ਦੀ ਪ੍ਰੇਸ਼ਾਨੀ
ਹੜ੍ਹ ਦੀ ਮਾਰ ਕਾਰਨ ਜਿੱਥੇ ਸਰਹੱਦੀ ਖੇਤਰ ਦੇ ਇਲਾਕੇ ਅੰਦਰ ਝੋਨੇ ਅਤੇ ਕਮਾਦ ਸਮੇਤ ਪਸੂਆ ਦੇ ਚਾਰੇ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਈਆਂ ਹਨ ਪਰ ਅੱਜ ਵੀ ਕਈ ਖੇਤਾਂ ਵਿਚੋ ਪਾਣੀ ਨਾ ਸੁੱਕਣ ਕਾਰਨ ਆਉਣ ਵਾਲੇ ਦਿਨਾਂ ਵਿਚ ਕਣਕ ਸਮੇਤ ਪਸ਼ੂਆ ਦੇ ਚਾਰੇ ਲਈ ਬਰਸੀਨ ਦੀ ਫਸਲ ਬੀਜਣ ਦੀ ਪ੍ਰੇਸ਼ਾਨੀ ਲੱਗੀ ਹੋਈ ਹੈ ਕਿਉਕਿ ਜੇਕਰ ਪਾਣੀ ਸੁੱਕਦਾ ਹੈ ਤਾਂ ਖਰਾਬ ਝੋਨੇ ਅਤੇ ਕਮਾਦ ਦੀ ਫਸਲ ਦੇ ਰਹਿੰਦ-ਖੰਹੂਦ ਨੂੰ ਬਹਾਰ ਕੱਢਿਆ ਜਾ ਸਕੇ। ਪਰ ਪਾਣੀ ਹੀ ਨਹੀ ਸੁੱਕ ਰਿਹਾ ਹੈ ਦੂਜੇ ਪਾਸੇ ਕੁਝ ਖੇਤਾਂ ਅੰਦਰ 1-2 ਫੁੱਟ ਰੇਤਾਂ ਪੈਣ ਕਾਰਨ ਵੀ ਜ਼ਮੀਨ ਦੀ ਸਥਿਤੀ ਖਰਾਬ ਹੋਈ ਪਈ ਹੈ ਪਰ ਕਿਸਾਨਾਂ ਨੂੰ ਇਸ ਦੇ ਹੱਲ ਦਾ ਕੋਈ ਚਾਰਾ ਨਹੀ ਲੱਗ ਰਿਹਾ ਹੈ।
ਕਈ ਏਕੜ ਜ਼ਮੀਨ ਦਰਿਆ ਦੀ ਲਪੇਟ ਚੜੀ
ਰਾਵੀ ਦਰਿਆ ਤੋਂ ਪਾਰਲੇ ਪਾਸੇ ਵੱਲ ਕਈ ਕਿਸਾਨਾਂ ਦੀ ਜ਼ਮੀਨ ਰਾਵੀ ਦਰਿਆ ਦੀ ਲਪੇਟ ਵਿਚ ਆਉਣ ਕਾਰਨ ਬਿਲਕੁਲ ਦਰਿਆ ਵਿਚ ਮਿਲ ਗਈ ਹੈ ਜਿੱਥੋ ਤੱਕ ਕਿ ਕਈ ਕਿਸਾਨਾਂ ਦੇ ਪਾਪੂਲਰ ਅਤੇ ਕਮਾਦ ਦੀ ਫਸਲ ਬੀਜੀ ਸਮੇਤ ਹੀ ਦਰਿਆ ਸਭ ਕੁਝ ਆਪਣੀ ਲਪੇਟ ਵਿਚ ਰੁੜਕੇ ਲੈ ਗਿਆ ਹੈ ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਮਕੌੜਾ ਪੱਤਣ ਤੋਂ ਪਾਰਲੇ ਪਾਸੇ ਜਾਣ ਵਾਲਿਆ ਸਭ ਸੜਕਾਂ ਰੁੜ ਗਈਆਂ
ਜੇਕਰ ਮਕੌੜਾ ਪੱਤਣ ਤੋਂ ਪਾਰਲੇ ਸੱਤ ਪਿੰਡਾਂ ਨੂੰ ਜਾਣ ਵਾਲੀ ਮੇਨ ਸੜਕ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਦੀ ਮਾਰ ਪੈਣ ਕਾਰਨ ਸਾਰੀ ਪੱਕੀ ਸੜਕ ਰੁੜ ਗਈ ਹੈ ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਪ੍ਰੇਸ਼ਾਨ ਪੇਸ਼ ਆ ਰਹੀ ਹੈ।
ਕੀ ਕਹਿੰਦੇ ਨੇ ਰਾਵੀ ਪਾਰਲੇ ਪਿੰਡਾਂ ਦੇ ਲੋਕ
ਇਸ ਸੰਬੰਧੀ ਜਦ ਪਾਰਲੇ ਪਾਸੇ ਵੱਸੇ ਪਿੰਡਾਂ ਦੇ ਲੋਕਾਂ ਸਾਬਕਾ ਸਰਪੰਚ ਗੁਰਨਾਮ ਸਿੰਘ, ਸਰਪੰਚ ਅਮਰੀਕ ਸਿੰਘ, ਸਰਪੰਚ ਬਿਕਰਮਜੀਤ ਸਿੰਘ, ਸਾਬਕਾ ਸਰਪੰਚ ਰੂਪ ਸਿੰਘ, ਅਜੀਤ ਰਾਮ, ਮਹਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਕਸ਼ਮੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਲੋਕਾਂ ਦਾ ਕਹਿਣਾ ਸੀ ਕਿ ਇਸ ਵਾਰ ਜੋ ਹੜ ਆਇਆ ਹੈ ਇਸ ਵੱਲੋ 1988 ਹੜ ਨਾਲੋ ਵੱਧ ਨੁਕਸਾਨ ਕੀਤਾ ਹੈ ਕਿਉਕਿ ਕਿ ਇਸ ਵਾਰੀ ਲੋਕਾਂ ਦੇ ਘਰਾਂ ਦੇ ਸਾਮਾਨ, ਪਸ਼ੂ ਆਦਿ ਇਸ ਪਾਣੀ ਦੀ ਲਪੇਟ ਵਿਚ ਆਉਣ ਕਾਰਨ ਰੁੜ ਗਿਆ ਹੈ ਅਤੇ ਕਈ ਦਰਜਨਾਂ ਲੋਕਾਂ ਦੇ ਘਰ ਵੀ ਢਹਿ ਗਏ ਹਨ। ਇਸ ਤੋਂ ਇਲਾਵਾਂ ਲੋਕਾਂ ਦੇ ਖਾਣ ਲਈ ਕਣਕ, ਚੌਲ, ਸਰੋਂ, ਮੱਕੀ ਆਦਿ ਸਭ ਕੁਝ ਬਰਬਾਦ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਈ ਸਾਲਾਂ ਆਪਣੇ ਪੈਰਾਂ ਤੇ ਆਉਣ ਲਈ ਲੱਗ ਜਾਣਗੇ। ਉਨ੍ਹਾਂ ਸਰਕਾਰਾਂ ਵੱਲੋਂ ਆਪਣੇ ਹਾਲਾਤਾਂ ਦੇ ਸੁਧਾਰ ਕਰਨ ਵਿਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e