ਭੇਤਭਰੇ ਹਾਲਾਤ ’ਚ 24 ਸਾਲਾ ਨੌਜਵਾਨ ਦੀ ਮੌਤ, ਮਿਲੀ ਲਾਸ਼
Wednesday, Sep 17, 2025 - 10:21 AM (IST)

ਭਗਤਾ ਭਾਈ (ਪਰਵੀਨ) : ਨੇੜਲੇ ਪਿੰਡ ਕੋਠਾ ਗੁਰੂ ਦੇ 24 ਸਾਲਾ ਨੌਜਵਾਨ ਇਕਬਾਲ ਸਿੰਘ ਪੁੱਤਰ ਬਲਵੰਤ ਸਿੰਘ ਦੀ ਲਾਸ਼ ਭਗਤਾ ਭਾਈ ਸ਼ਹਿਰ ’ਚੋਂ ਲੰਘਦੀ ਡਰੇਨ ਦੀ ਪਟੜੀ ਕੋਲੋਂ ਮਿਲੀ। ਭੇਤਭਰੇ ਹਾਲਾਤ 'ਚ ਮੌਤ ਹੋਣ ਕਾਰਨ ਇਹ ਮਾਮਲਾ ਇਲਾਕੇ ’ਚ ਚਰਚਾ ਦਾ ਕੇਂਦਰ ਬਣ ਗਿਆ ਹੈ। ਇਕਬਾਲ ਸਿੰਘ ਨੇ ਕਰੀਬ ਢਾਈ ਸਾਲ ਪਹਿਲਾਂ ਕੈਨੇਡਾ ਵਾਸੀ ਮਨਜੋਤ ਕੌਰ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਹਾਂ ਨੇ ਇਕ ਸਾਲ ਤੱਕ ਕੈਨੇਡਾ ’ਚ ਇਕੱਠੇ ਜੀਵਨ ਬਿਤਾਇਆ। ਤਿੰਨ ਮਹੀਨੇ ਪਹਿਲਾਂ ਹੀ ਇਕਬਾਲ ਭਾਰਤ ਵਾਪਸ ਆਇਆ ਸੀ। ਪਰਿਵਾਰਕ ਸਰੋਤਾਂ ਅਨੁਸਾਰ, ਉਹ ਸਿਰਫ ਕੁੱਝ ਸਮਾਂ ਪਰਿਵਾਰ ਨਾਲ ਗੁਜ਼ਾਰਨ ਦੀ ਮਨਸ਼ਾ ਨਾਲ ਹੀ ਭਾਰਤ ਆਇਆ ਸੀ।
ਇਕਬਾਲ ਦੀ ਮੌਤ ਨੇ ਪਰਿਵਾਰ ਤੇ ਪਿੰਡ ’ਚ ਸੋਗ ਦੀ ਲਹਿਰ ਛਾ ਦਿੱਤੀ ਹੈ। ਮਾਂ-ਪਿਓ ਡੂੰਘੇ ਸਦਮੇ ’ਚ ਹਨ ਅਤੇ ਮਾਮਲੇ ਦੀ ਪੂਰੀ ਜਾਂਚ ਹੋਣ ਦੀ ਮੰਗ ਕਰ ਰਹੇ ਹਨ। ਸਥਾਨਕ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਧਿਕਾਰੀਆਂ ਅਨੁਸਾਰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਰੇਕ ਸੰਭਾਵਨਾ ਨੂੰ ਧਿਆਨ ’ਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ। ਇਸ ਅਚਾਨਕ ਮੌਤ ਨੇ ਇਕ ਨੌਜਵਾਨ ਦੀ ਜ਼ਿੰਦਗੀ ਤੇ ਇਕ ਪਰਿਵਾਰ ਦੇ ਸੁਫ਼ਨੇ ਦੋਵਾਂ ਨੂੰ ਤੋੜ ਕੇ ਰੱਖ ਦਿੱਤਾ ਹੈ। ਅੱਗੇ ਦੀ ਕਾਰਵਾਈ ਲਈ ਪੁਲਸ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ।