ਪੰਜਾਬ ''ਚ ਸਕੂਲ ''ਤੇ ਸ਼ਰੇਆਮ ਫਾਇਰਿੰਗ, ਪੇਪਰ ਦੇ ਰਹੇ ਵਿਦਿਆਰਥੀ ਸਹਿਮੇ
Thursday, Sep 25, 2025 - 06:07 PM (IST)

ਤਰਨਤਾਰਨ: ਪੰਜਾਬ ਦੇ ਸਰਹੱਦੀ ਖੇਤਰ ਤਰਨਤਾਰਨ ਦੇ ਇਲਾਕਾ ਖੇਮਕਰਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬਾਈਕ ਸਵਾਰ ਬਦਮਾਸ਼ਾਂ ਨੇ ਇੱਕ ਨਿੱਜੀ ਸਕੂਲ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਹ ਘਟਨਾ ਵੀਰਵਾਰ ਸਵੇਰੇ ਲਗਭਗ 11.50 ਵਜੇ ਦੀ ਹੈ ਜਦੋਂ ਸੈਂਟ ਕਬੀਰ ਕਾਨਵੈਂਟ ਸਕੂਲ ਵਿੱਚ ਬੱਚਿਆਂ ਦੀ ਪ੍ਰੀਖਿਆ ਚੱਲ ਰਹੀ ਸੀ। ਗੋਲੀਆਂ ਦੀ ਆਵਾਜ਼ ਸੁਣ ਕੇ ਸਕੂਲ ਵਿੱਚ ਮੌਜੂਦ ਲਗਭਗ 850 ਵਿਦਿਆਰਥੀ ਅਤੇ ਅਧਿਆਪਕ ਦਹਿਸ਼ਤ ਵਿੱਚ ਆ ਗਏ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵਿਦੇਸ਼ ਬੈਠੇ ਗੈਂਗਸਟਰ ਪ੍ਰਭਦੀਪ ਸਿੰਘ ਉਰਫ਼ ਪ੍ਰਭ ਦਾਸੂਵਾਲ ਨੇ ਫੋਨ ਕਰਕੇ ਉਨ੍ਹਾਂ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਉਨ੍ਹਾਂ ਇਸ ਸਬੰਧੀ ਥਾਣਾ ਸਦਰ ਪੱਟੀ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਸੀ। ਹੁਣ ਇਹ ਦੂਜੀ ਵਾਰ ਹੈ ਜਦੋਂ ਫਿਰੌਤੀ ਲਈ ਗੋਲੀ ਚਲਾਈ ਗਈ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਵੀ ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ 'ਤੇ ਅੱਠ ਗੋਲੀਆਂ ਦਾਗੀਆਂ ਸਨ।
ਡਾਈਰੈਕਟਰ ਨੇ ਪੁਲਸ ਪ੍ਰਸ਼ਾਸਨ 'ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਪਹਿਲਾਂ ਵੀ ਸਕੂਲ ਦੇ ਆਲੇ-ਦੁਆਲੇ ਪੀ.ਸੀ.ਆਰ. ਟੀਮ ਤਾਇਨਾਤ ਕਰਨ ਦੀ ਮੰਗ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਘਟਨਾ ਵੇਲੇ ਸਕੂਲ ਵਿੱਚ ਪ੍ਰੀਖਿਆ ਤੋਂ ਬਾਅਦ ਦੁਪਹਿਰ 12 ਵਜੇ ਛੁੱਟੀ ਦੀ ਤਿਆਰੀ ਚੱਲ ਰਹੀ ਸੀ, ਪਰ ਠੀਕ 10 ਮਿੰਟ ਪਹਿਲਾਂ ਬਦਮਾਸ਼ਾਂ ਨੇ ਗੇਟ ਨੰਬਰ ਇੱਕ 'ਤੇ ਫਾਇਰਿੰਗ ਕਰ ਦਿੱਤੀ।
ਸੂਚਨਾ ਮਿਲਣ 'ਤੇ ਥਾਣਾ ਸਦਰ ਪੱਟੀ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਪੂਰੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ, ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ। ਪੁਲਸ ਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਓਧਰ ਦੂਜੇ ਪਾਸੇ ਇਸ ਤੋਂ ਪਹਿਲਾਂ ਇਕ ਬਾਈਕ ਉੱਤੇ ਸਵਾਰ 2 ਬਦਮਾਸ਼ਾਂ ਵਲੋਂ ਕਸਬਾ ਭਿੱਖੀਵਿੰਡ ਵਿੱਚ ਵੀ ਇਕ ਨਿੱਜੀ ਹਸਪਤਾਲ 'ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਬਾਜ਼ਾਰ ਵਿੱਚ ਭਾਜੜ ਮੱਚ ਗਈ। ਡਾ. ਨਿਤਿਨ ਚੋਪੜਾ ਅਨੁਸਾਰ, ਇੱਕ ਬਦਮਾਸ਼ ਗੋਲੀਆਂ ਚਲਾ ਰਿਹਾ ਸੀ ਜਦੋਂ ਕਿ ਦੂਜਾ ਮੋਬਾਈਲ 'ਤੇ ਵੀਡੀਓ ਬਣਾ ਰਿਹਾ ਸੀ। ਪੁਲਸ ਨੇ ਇਸ ਮਾਮਲੇ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।