ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ‘ਮਹੰਤ ਨਰੇਂਦਰ ਗਿਰੀ’ ਦੀ ਹੱਤਿਆ ਜਾਂ ਖੁਦਕੁਸ਼ੀ

09/22/2021 3:23:36 AM

ਸੰਤਾਂ ਦੀ ਸਭ ਤੋਂ ਵੱਡੀ ਸੰਸਥਾ ‘ਅਖਿਲ ਭਾਰਤੀ ਅਖਾੜਾ ਪ੍ਰੀਸ਼ਦ’ ਦੇ ਪ੍ਰਧਾਨ ਅਤੇ ਨਿਰੰਜਨੀ ਅਖਾੜਾ ਦੇ ਸਕੱਤਰ ‘ਮਹੰਤ ਨਰੇਂਦਰ ਗਿਰੀ’ (58) ਦਾ 20 ਸਤੰਬਰ ਸ਼ਾਮ ਨੂੰ ਪ੍ਰਯਾਗਰਾਜ ’ਚ ਸ਼ੱਕੀ ਹਾਲਤ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਅੱਲਾਪੁਰ ਬਾਘੰਬਰੀ ਗੱਦੀ ਮੱਠ ਦੇ ਇਕ ਕਮਰੇ ’ਚ ਪੱਖੇ ਨਾਲ ਲਟਕਦੀ ਮਿਲੀ।

ਉਹ 2013 ਅਤੇ 2019 ’ਚ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਚੁਣੇ ਗਏ। ਉਨ੍ਹਾਂ ਦਾ ਉੱਤਰ ਪ੍ਰਦੇਸ਼ ਦੀ ਹਰ ਸਰਕਾਰ ’ਚ ਕਾਫੀ ਪ੍ਰਭਾਵ ਸੀ ਅਤੇ ਕਈ ਸਿਆਸਤਦਾਨਾਂ ਦੇ ਨਾਲ ਨੇੜਲੇ ਸੰਬੰਧ ਸਨ।

ਪੁਲਸ ਮਹਾਨਿਰੀਖਕ (ਪ੍ਰਯਾਗਰਾਜ ਰੇਂਜ) ਕੇ. ਪੀ. ਸਿੰਘ ਦੇ ਅਨੁਸਾਰ ਪਹਿਲੀ ਨਜ਼ਰੇ ਇਹ ਖੁਦਕੁਸ਼ੀ ਦਾ ਮਾਮਲਾ ਨਜ਼ਰ ਆਉਂਦਾ ਹੈ ਅਤੇ ਘਟਨਾ ਵਾਲੀ ਥਾਂ ਤੋਂ ਇਕ ਦਿਲ ਨੂੰ ਛੂਹ ਜਾਣ ਵਾਲਾ ਖੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ’ਚ ‘ਮਹੰਤ ਨਰੇਂਦਰ ਗਿਰੀ’ ਨੇ ਲਿਖਿਆ ਹੈ :

‘‘ਉਂਝ ਤਾਂ ਮੈਂ 13 ਸਤੰਬਰ ਨੂੰ ਖੁਦਕੁਸ਼ੀ ਕਰਨ ਜਾ ਰਿਹਾ ਸੀ ਪਰ ਹਿੰਮਤ ਨਹੀਂ ਕਰ ਸਕਿਆ। ਅੱਜ ਜਦੋਂ ਹਰਿਦੁਅਾਰ ਤੋਂ ਸੂਚਨਾ ਮਿਲੀ ਕਿ 1-2 ਦਿਨਾਂ ’ਚ ਆਨੰਦ ਗਿਰੀ ਕੰਪਿਊਟਰ ਦੇ ਰਾਹੀਂ ਕਿਸੇ ਲੜਕੀ ਜਾਂ ਔਰਤ ਦੇ ਨਾਲ ਗਲਤ ਕੰਮ ਕਰਦੇ ਹੋਏ ਮੇਰਾ ਫੋਟੋ ਲਗਾ ਕੇ ਵਾਇਰਲ ਕਰ ਦੇਵੇਗਾ। ਮੈਂ ਸੋਚਿਆ ਕਿੱਥੇ-ਕਿੱਥੇ ਸਫਾਈ ਦੇਵਾਂਗਾ।’’

‘‘ਇਕ ਵਾਰ ਤਾਂ ਬਦਨਾਮ ਹੋ ਜਾਵਾਂਗਾ, ਮੈਂ ਜਿਸ ਅਹੁਦੇ ’ਤੇ ਹਾਂ ਉਹ ਬੜਾ ਸ਼ਾਨ ਵਾਲਾ ਅਹੁਦਾ ਹੈ। ਸੱਚਾਈ ਤਾਂ ਲੋਕਾਂ ਨੂੰ ਬਾਅਦ ’ਚ (ਪਤਾ) ਲੱਗ ਜਾਵੇਗੀ ਪਰ ਮੈਂ ਤਾਂ ਬਦਨਾਮ ਹੋ ਜਾਵਾਂਗਾ। ਇਸ ਲਈ ਮੈਂ ਖੁਦਕੁਸ਼ੀ ਕਰਨ ਜਾ ਰਿਹਾ ਹੈ ਜਿਸ ਦੀ ਜ਼ਿੰਮੇਵਾਰੀ ਆਨੰਦ ਗਿਰੀ, ਆਧਿਆ ਪ੍ਰਸਾਦ ਤਿਵਾਰੀ ਅਤੇ ਉਨ੍ਹਾਂ ਦੇ ਲੜਕੇ ਸੰਦੀਪ ਤਿਵਾਰੀ ਦੀ ਹੋਵੇਗੀ।’’

ਜਿੱਥੋਂ ਤੱਕ ਆਨੰਦ ਗਿਰੀ ਦਾ ਸਬੰਧ ਹੈ, ਜਾਇਦਾਦ ਵਿਵਾਦ ਤੋਂ ਲੈ ਕੇ ਔਰਤਾਂ ਦੇ ਨਾਲ ਛੇੜਛਾੜ ਤੱਕ ਨਾਲ ਉਨ੍ਹਾਂ ਦਾ ਨਾਤਾ ਰਿਹਾ ਹੈ। ਉਹ ਸ਼ੱਕ ਦੇ ਘੇਰੇ ’ਚ ਇਸ ਲਈ ਹਨ ਕਿਉਂਕਿ ਮਹੰਤ ਨਰੇਂਦਰ ਗਿਰੀ ਵੱਲੋਂ ਸੰਭਾਲੀ ਗਈ ਬਾਘੰਬਰੀ ਗੱਦੀ ਦੀ 300 ਸਾਲ ਪੁਰਾਣੀ ਵਸੀਅਤ ਦੇ ਕਾਰਨ ਇਨ੍ਹਾਂ ਦੇ ਨਾਲ ਆਨੰਦ ਗਿਰੀ ਦਾ ਕਾਫੀ ਪੁਰਾਣਾ ਵਿਵਾਦ ਸੀ।

ਕੁਝ ਸਾਲ ਪਹਿਲਾਂ ਆਨੰਦ ਗਿਰੀ ਨੇ ‘ਮਹੰਤ ਨਰੇਂਦਰ ਗਿਰੀ’ ’ਤੇ ਗੱਦੀ ਦੀ 8 ਵਿੱਘੇ ਜ਼ਮੀਨ 40 ਕਰੋੜ ਰੁਪਏ ’ਚ ਵੇਚ ਦੇਣ ਦਾ ਦੋਸ਼ ਲਗਾਇਆ ਸੀ। ਚੇਲੇ ਆਨੰਦ ਗਿਰੀ ਨੇ ਮਹੰਤ ਨਰੇਂਦਰ ਗਿਰੀ ’ਤੇ ਅਖਾੜੇ ਦੇ ਸਕੱਤਰ ਦੀ ਹੱਤਿਆ ਕਰਵਾਉਣ ਦਾ ਦੋਸ਼ ਵੀ ਲਗਾਇਆ ਜਿਸ ਦੇ ਬਾਅਦ ਦੋਵਾਂ ਦੇ ਮਤਭੇਦ ਵਧ ਗਏ ਸਨ।

ਆਨੰਦ ਗਿਰੀ ’ਤੇ ਦੋ ਵੱਖ-ਵੱਖ ਮੌਕਿਆਂ ’ਤੇ 2 ਔਰਤਾਂ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਵੀ ਲੱਗ ਚੁੱਕੇ ਹਨ। ਉਨ੍ਹਾਂ ਨੂੰ 2018 ’ਚ ਆਸਟ੍ਰੇਲੀਆ ’ਚ ਔਰਤਾਂ ਨਾਲ ਛੇੜਛਾੜ ਦੇ ਦੋਸ਼ ’ਚ ਫਸ ਜਾਣ ਦੇ ਕਾਰਨ ਜੇਲ ਵੀ ਜਾਣਾ ਪਿਆ ਸੀ। ਉਦੋਂ ਆਨੰਦ ਗਿਰੀ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਛੁਡਵਾਉਣ ਦੇ ਇਵਜ਼ ’ਚ ‘ਮਹੰਤ ਨਰੇਂਦਰ ਗਿਰੀ’ ਨੇ ਕਈ ਵੱਡੇ ਲੋਕਾਂ ਕੋਲੋਂ 4 ਕਰੋੜ ਰੁਪਏ ਵਸੂਲ ਕੀਤੇ।

ਇਸ ਦੇ ਬਾਅਦ ‘ਮਹੰਤ ਨਰੇਂਦਰ ਗਿਰੀ’ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਅਾਦਿੱਤਿਆਨਾਥ ਨੂੰ ਪੱਤਰ ਲਿਖ ਕੇ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ।

ਦੱਸਿਆ ਜਾਂਦਾ ਹੈ ਕਿ ਕੁੰਭ ਮੇਲੇ ਦੇ ਦੌਰਾਨ ‘ਮਹੰਤ ਨਰੇਂਦਰ ਗਿਰੀ’ ਦਾ ਆਨੰਦ ਗਿਰੀ ਨਾਲ ਵਿਵਾਦ ਹੋਇਆ ਸੀ। ਉਦੋਂ ਦੋਵਾਂ ਨੇ ਇਕ-ਦੂਸਰੇ ’ਤੇ ਖੂਬ ਦੋਸ਼ ਲਗਾਏ ਸਨ ਜਿਸ ਦੇ ਬਾਅਦ ‘ਮਹੰਤ ਨਰੇਂਦਰ ਗਿਰੀ’ ਨੇ ਆਨੰਦ ਗਿਰੀ ਨੂੰ ਅਖਾੜੇ ’ਚੋਂ ਕੱਢ ਦਿੱਤਾ ਸੀ।

ਖੁਦਕੁਸ਼ੀ ਨੋਟ ਦੇ ਆਧਾਰ ’ਤੇ ਪੁਲਸ ਨੇ ਆਨੰਦ ਗਿਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਦੇ ਦੌਰਾਨ ਆਨੰਦ ਗਿਰੀ ਨੇ ਇਕ ਪੁਲਸ ਮੁਲਾਜ਼ਮ ਸਮੇਤ 2 ਵਿਅਕਤੀਆਂ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਈ ਲੋਕ ‘ਮਹੰਤ ਨਰੇਂਦਰ ਗਿਰੀ’ ਨੂੰ ਬਲੈਕਮੇਲ ਕਰ ਰਹੇ ਸਨ।

ਆਨੰਦ ਗਿਰੀ ਦੇ ਅਨੁਸਾਰ, ‘‘ਗੁਰੂ ਜੀ ਨੇ ਕਦੀ ਆਪਣੇ ਹੱਥ ਨਾਲ ਪੱਤਰ ਹੀ ਨਹੀਂ ਲਿਖਿਆ ਸੀ, ਉਹ ਇੰਨਾ ਲੰਬਾ ਪੱਤਰ ਲਿਖ ਹੀ ਨਹੀਂ ਸਕਦੇ।’’ ਆਨੰਦ ਗਿਰੀ ਨੇ ਦਾਅਵਾ ਕੀਤਾ ਕਿ ‘ਮਹੰਤ ਨਰੇਂਦਰ ਗਿਰੀ’ ਦੀ ਹੱਤਿਆ ਹੋਈ ਹੈ ਅਤੇ ਮੇਰੀ ਵੀ ਹੋ ਸਕਦੀ ਹੈ।

ਮੱਠ ਦੇ ਕਿਸੇ ਸੇਵਕ ਦਾ ਵੀ ਕਹਿਣਾ ਹੈ ਕਿ ਜਦ ‘ਮਹੰਤ ਨਰੇਂਦਰ ਗਿਰੀ’ ਆਪਣੇ ਹੱਥ ਨਾਲ ਕੁਝ ਲਿਖਦੇ ਹੀ ਨਹੀਂ ਸਨ ਤਾਂ 8 ਸਫਿਆਂ ਦਾ ਖੁਦਕੁਸ਼ੀ ਨੋਟ ਲਿਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਲਈ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਨਿਰਵਾਣੀ ਅਨੀ ਅਖਾੜਾ ਦੇ ਮਹੰਤ ਸਵਾਮੀ ਧਰਮਦਾਸ ਨੇ ਵੀ ਕਿਹਾ ਹੈ ਕਿ ‘ਮਹੰਤ ਨਰੇਂਦਰ ਗਿਰੀ’ ਦੀ ਮੌਤ ਸਾਧਾਰਨ ਨਹੀਂ ਹੈ।

ਆਨੰਦ ਿਗਰੀ ਵਲੋਂ ਸੰਤ ਸਮਾਜ ਦੇ ਨਿਯਮਾਂ ਦੀ ਉਲੰਘਣਾ ਵੀ ‘ਮਹੰਤ ਨਰੇਂਦਰ ਗਿਰੀ’ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ। ਆਨੰਦ ਗਿਰੀ ’ਤੇ ਆਪਣੇ ਪਰਿਵਾਰ ਨਾਲ ਸਬੰਧ ਰੱਖਣ ਦੇ ਦੋਸ਼ ਲੱਗਣ ਦੇ ਕਾਰਨ ਇਸ ਸਾਲ 14 ਮਈ ਨੂੰ ਪੰਚਾਇਤੀ ਅਖਾੜਾ ਸ਼੍ਰੀ ਨਿਰੰਜਨੀ ਨੇ ਉਨ੍ਹਾਂ ਨੂੰ ਅਖਾੜੇ ਅਤੇ ਬਾਘੰਬਰੀ ਗੱਦੀ ਤੋਂ ਬਾਹਰ ਕੱਢ ਦਿੱਤਾ ਸੀ।

ਇਹੀ ਨਹੀਂ ਬਾਘੰਬਰੀ ਗੱਦੀ ਦੀ ਜ਼ਮੀਨ ਅਤੇ ਆਨੰਦ ਗਿਰੀ ਦੇ ਨਾਂ ਨਾਲ ਪੈਟਰੋਲ ਪੰਪ ਖੋਲ੍ਹਣ ਦੀ ਯੋਜਨਾ ਰੱਦ ਕਰਨ ’ਤੇ ਵੀ ਆਨੰਦ ਗਿਰੀ ਨਾਰਾਜ਼ ਹੋ ਗਏ ਸਨ।

ਇਸੇ ਸਾਲ ਕੱਢੇ ਜਾਣ ਦੇ ਬਾਅਦ ਆਨੰਦ ਿਗਰੀ ਨੇ ਅਖਾੜੇ ਦੀ ਜਾਇਦਾਦ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਸਨ ਅਤੇ ਕਿਹਾ ਸੀ ਕਿ ਜਾਇਦਾਦ ਦੇ ਵਿਵਾਦ ’ਚ ਹੀ ਅਖਾੜੇ ਨਾਲ ਜੁੜੇ ਦੋ ਸੰਤਾਂ ਨੇ ਖੁਦਕੁਸ਼ੀ ਕਰ ਲਈ ਸੀ।

ਦੱਸਿਆ ਜਾਂਦਾ ਹੈ ਕਿ ਕੁਝ ਮਹੀਨੇ ਪਹਿਲਾਂ ਆਨੰਦ ਗਿਰੀ ਵੱਲੋਂ ‘ਮਹੰਤ ਨਰੇਂਦਰ ਗਿਰੀ’ ਦੇ ਪੈਰਾਂ ’ਤੇ ਡਿੱਗ ਕੇ ਮੁਆਫੀ ਮੰਗ ਲੈਣ ਦੇ ਬਾਅਦ ਗੁਰੂ-ਚੇਲੇ ’ਚ ਸਮਝੌਤਾ ਹੋ ਗਿਆ ਸੀ ਅਤੇ ‘ਮਹੰਤ ਨਰੇਂਦਰ ਗਿਰੀ’ ਨੇ ਆਨੰਦ ਗਿਰੀ ’ਤੇ ਲਗਾਏ ਦੋਸ਼ ਵਾਪਸ ਲੈ ਕੇ ਉਸ ਨੂੰ ਮੁਆਫ ਕਰ ਦਿੱਤਾ ਸੀ।

ਇਸੇ ਤਰ੍ਹਾਂ ਦੀਆਂ ਗੱਲਾਂ ’ਚ ਕਿੰਨੀ ਸੱਚਾਈ ਹੈ ਇਹ ਤਾਂ ਮਾਮਲੇ ਦੀ ਜਾਂਚ ਪੂਰੀ ਹੋਣ ਦੇ ਬਾਅਦ ਹੀ ਪਤਾ ਲੱਗ ਸਕੇਗਾ। ਅਜੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਇਕ ਧਾਰਮਿਕ ਹਸਤੀ ਦਾ ਦਿਹਾਂਤ ਹੋ ਜਾਣਾ ਜਿੱਥੇ ਬਹੁਤ ਹੀ ਦੁਖਦਾਈ ਹੈ ਉੱਥੇ ਉਨ੍ਹਾਂ ਦੇ ਹੀ ਇਕ ਪਿਆਰੇ ਚੇਲੇ ਦਾ ਉਨ੍ਹਾਂ ਦੀ ਹੱਤਿਆ ਦੇ ਸ਼ੱਕ ਦੇ ਘੇਰੇ ’ਚ ਆਉਣਾ ਹੋਰ ਵੀ ਅਫਸੋਸਜਨਕ ਹੈ।

ਸੰਤ-ਮਹਾਤਮਾਵਾਂ ਨੂੰ ਤਾਂ ਮੋਹ ਮਾਇਆ, ਕਾਮ-ਕਰੋਧ ਤੋਂ ਦੂਰ ਇਕ ਆਦਰਸ਼ ਦੇ ਤੌਰ ’ਤੇ ਦੇਖਿਆ ਜਾਂਦਾ ਹੈ ਪਰ ਜਦੋਂ ਕੁਝ ਕੁ ਸੰਤਾਂ ਦੇ ਵਿਸ਼ੇ ’ਚ ਹੀ ਧਨ-ਦੌਲਤ ਅਤੇ ਸੈਕਸ ਸ਼ੋਸ਼ਣ ਨਾਲ ਜੁੜੀਆਂ ਅਜਿਹੀਆਂ ਖਬਰਾਂ ਆਉਂਦੀਆਂ ਹਨ ਤਾਂ ਸੰਤ ਸਮਾਜ ਤੋਂ ਲੋਕਾਂ ਦਾ ਯਕੀਨ ਡਾਵਾਂਡੋਲ ਹੋਣ ਲੱਗਦਾ ਹੈ। ਅਜਿਹਾ ਕਿਉਂ ਹੋ ਰਿਹਾ ਹੈ ਇਹ ਸੰਤ ਸਮਾਜ ਲਈ ਸੋਚਣ ਦਾ ਵਿਸ਼ਾ ਹੈ।

-ਵਿਜੇ ਕੁਮਾਰ


Bharat Thapa

Content Editor

Related News