''ਭਾਜਪਾ ਵਿਰੁੱਧ ਇਕ ਹੋਵੇ ਉਮੀਦਵਾਰ'' ਅਰੁਣ ਸ਼ੋਰੀ ਦਾ ਵਿਰੋਧੀ ਧਿਰ ਨੂੰ ਸੁਝਾਅ

11/18/2017 7:41:02 AM

ਪੱਤਰਕਾਰ, ਲੇਖਕ, ਬੁੱਧੀਜੀਵੀ ਤੇ ਰਾਜਨੇਤਾ ਅਰੁਣ ਸ਼ੋਰੀ ਨੇ ਆਪਣਾ ਕੈਰੀਅਰ ਵਿਸ਼ਵ ਬੈਂਕ ਵਿਚ ਅਰਥ ਸ਼ਾਸਤਰੀ ਵਜੋਂ ਸ਼ੁਰੂ ਕੀਤਾ ਅਤੇ ਉਹ ਭਾਰਤ ਦੇ ਯੋਜਨਾ ਕਮਿਸ਼ਨ ਵਿਚ ਸਲਾਹਕਾਰ ਵੀ ਰਹੇ। ਵੱਖ-ਵੱਖ ਅੰਗਰੇਜ਼ੀ ਅਖ਼ਬਾਰਾਂ ਦੇ ਸੰਪਾਦਨ ਤੋਂ ਇਲਾਵਾ ਸ਼੍ਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਹੁੰਦਿਆਂ ਉਨ੍ਹਾਂ ਨੇ ਵਿਨਿਵੇਸ਼, ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਸਮੇਤ ਕਈ ਹੋਰ ਵਿਭਾਗਾਂ 'ਚ ਕਾਰਜਭਾਰ ਸੰਭਾਲਿਆ। ਇਸ ਸਮੇਂ ਸੱਤਾ ਅਦਾਰੇ ਤੋਂ ਦੂਰ ਸ਼੍ਰੀ ਅਰੁਣ ਸ਼ੋਰੀ ਸਮੇਂ-ਸਮੇਂ 'ਤੇ ਅਜਿਹੇ ਵਿਚਾਰ ਪ੍ਰਗਟਾਉਂਦੇ ਰਹਿੰਦੇ ਹਨ, ਜਿਸ ਦੇ ਲਈ ਜ਼ਿਆਦਾਤਰ ਲੋਕਾਂ ਵਲੋਂ ਉਨ੍ਹਾਂ ਦੀ ਤਾਰੀਫ ਅਤੇ ਭਾਜਪਾ ਵਲੋਂ ਉਨ੍ਹਾਂ ਦੀ ਆਲੋਚਨਾ ਕੀਤੀ ਜਾਂਦੀ ਹੈ। 
ਅਰੁਣ ਸ਼ੋਰੀ ਨੇ 4 ਅਕਤੂਬਰ ਨੂੰ ਨੋਟਬੰਦੀ ਨੂੰ ਖ਼ੁਦਕੁਸ਼ੀ ਵਾਂਗ ਅਤੇ 'ਮਨੀਲਾਂਡਰਿੰਗ ਸਕੈਮ' ਦੱਸਦਿਆਂ ਕਿਹਾ ਸੀ ਕਿ ''ਇਸ ਦੇ ਜ਼ਰੀਏ ਵੱਡੇ ਪੱਧਰ 'ਤੇ ਬਲੈਕ ਮਨੀ ਨੂੰ ਵ੍ਹਾਈਟ ਕੀਤਾ ਗਿਆ ਹੈ।''
ਇਹੋ ਨਹੀਂ, ਅਰੁਣ ਸ਼ੋਰੀ ਨੇ ਜੀ. ਐੱਸ. ਟੀ. ਲਾਗੂ ਕਰਨ ਨੂੰ ਵੀ ਨਾਸਮਝੀ ਵਿਚ ਲਿਆ ਗਿਆ ਫੈਸਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਵਿਚ ਬਹੁਤ ਊਣਤਾਈਆਂ ਹਨ। ਸ਼੍ਰੀ ਸ਼ੋਰੀ ਦੇ ਉਕਤ ਬਿਆਨਾਂ ਦੀ ਜਿਥੇ ਭਾਜਪਾ ਹਲਕਿਆਂ ਵਿਚ ਉਲਟ ਪ੍ਰਤੀਕਿਰਿਆ ਹੋਈ, ਉਥੇ ਹੀ ਵਿਰੋਧੀ ਪਾਰਟੀਆਂ ਨੇ ਇਸ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।
ਤੇ ਹੁਣ 16 ਨਵੰਬਰ ਨੂੰ ਸ਼੍ਰੀ ਸ਼ੋਰੀ ਨੇ ਇਕ ਚਰਚਾ ਵਿਚ ਬੋਲਦਿਆਂ ਕਿਹਾ ਕਿ ''ਵਿਰੋਧੀ ਪਾਰਟੀਆਂ ਨੂੰ ਚੋਣਾਂ ਵਿਚ ਭਾਜਪਾ ਨੂੰ ਹਰਾਉਣ ਲਈ ਉਸ ਵਿਰੁੱਧ ਇਕ ਸਾਂਝਾ ਉਮੀਦਵਾਰ ਉਤਾਰ ਕੇ ਸਿਰਫ 2 ਉਮੀਦਵਾਰਾਂ ਵਿਚਾਲੇ ਮੁਕਾਬਲਾ ਬਣਾਉਣ 'ਤੇ ਸਰਬਸੰਮਤੀ ਨਾਲ ਫੈਸਲਾ ਕਰਨਾ ਚਾਹੀਦਾ ਹੈ।''
ਇਸ ਸਮੇਂ ਜਦੋਂ ਦੇਸ਼ ਵਿਚ ਚੋਣਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ, ਸ਼੍ਰੀ ਸ਼ੋਰੀ ਦਾ ਇਹ ਬਿਆਨ ਸਵਾਗਤਯੋਗ ਹੈ। ਸਿਆਸੀ ਪਾਰਟੀਆਂ ਵਿਚ ਚੋਣਾਂ ਜਿੱਤਣ ਲਈ ਮਾਰਾਮਾਰੀ ਹੋ ਰਹੀ ਹੈ। ਇਸੇ ਲਈ ਇਕ-ਇਕ ਵਿਧਾਨ ਸਭਾ ਹਲਕੇ ਤੋਂ ਕਈ-ਕਈ ਪਾਰਟੀਆਂ ਆਪਣੇ ਉਮੀਦਵਾਰ ਖੜ੍ਹੇ ਕਰ ਰਹੀਆਂ ਹਨ। ਅਜਿਹੀ ਸਥਿਤੀ 'ਚ ਕਈ ਵਾਰ ਸਭ ਤੋਂ ਵਧੀਆ ਉਮੀਦਵਾਰ ਸਫਲ ਨਹੀਂ ਹੁੰਦਾ ਪਰ ਸਭ ਤੋਂ ਵੱਧ ਸਾਧਨ-ਸੰਪੰਨ ਉਮੀਦਵਾਰ ਜਿੱਤ ਜਾਂਦਾ ਹੈ। ਇਸ ਲਈ ਜੇਕਰ ਸਾਰੀਆਂ ਵਿਰੋਧੀ ਪਾਰਟੀਆਂ ਆਪਸੀ ਸਹਿਮਤੀ ਨਾਲ ਭਾਜਪਾ ਉਮੀਦਵਾਰਾਂ ਦੇ ਵਿਰੁੱਧ ਇਕ-ਇਕ ਸਾਂਝਾ ਉਮੀਦਵਾਰ ਖੜ੍ਹਾ ਕਰਨ ਤਾਂ ਭਾਜਪਾ ਨੂੰ ਵੀ ਆਪਣੇ ਸਭ ਤੋਂ ਵਧੀਆ ਉਮੀਦਵਾਰ ਹੀ ਖੜ੍ਹੇ ਕਰਨੇ ਪੈਣਗੇ। ਇਸ ਨਾਲ ਨਾ ਸਿਰਫ ਲੋਕਾਂ ਨੂੰ ਚੰਗਾ ਨੁਮਾਇੰਦਾ ਮਿਲੇਗਾ, ਸਗੋਂ ਦੇਸ਼ 'ਚ ਚੰਗੇ ਸ਼ਾਸਨ ਨੂੰ ਹੱਲਾਸ਼ੇਰੀ ਮਿਲੇਗੀ ਤੇ ਲੋਕਤੰਤਰ ਵੀ ਮਜ਼ਬੂਤ ਹੋਵੇਗਾ।            

 —ਵਿਜੇ ਕੁਮਾਰ    


Related News